Punjab

ਲਾਪਤਾ ਪਾਵਨ ਸਰੂਪ ਮਸਲਾ- ਜਾਂਚ ਰਿਪੋਰਟ ਸਿਆਸਤ ਤੋਂ ਪ੍ਰੇਰਿਤ, ਅੰਤ੍ਰਿੰਗ ਕਮੇਟੀ ਦੀ ਕਾਰਵਾਈ ਅਧੂਰੀ – ਹਵਾਰਾ ਕਮੇਟੀ

‘ਦ ਖ਼ਾਲਸ ਬਿਊਰੋ :- 24 ਅਗਸਤ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਹੋਈ ਮੀਟਿੰਗ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਗਾਇਬ ਹੋਣ ਦਾ ਖੁਲਾਸਾ ਹੋਇਆ ਹੈ। SGPC ਨੂੰ ਤੁਰੰਤ ਇਸ ਮਾਮਲੇ ‘ਤੇ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਹਵਾਰਾ ਕਮੇਟੀ ਦੇ ਬੁਲਾਰੇ ਪ੍ਰੋ. ਬਲਜਿੰਦਰ ਸਿੰਘ, ਐਡਵੋਕੇਟ ਅਮਰ ਸਿੰਘ ਚਾਹਲ, ਗੁਰਚਰਨ ਸਿੰਘ ਅਤੇ ਮਹਾਂਬੀਰ ਸਿੰਘ ਆਦਿ ਨੇ ਅੰਤ੍ਰਿੰਗ ਕਮੇਟੀ ਦੀ ਕਾਰਵਾਈ ਨੂੰ ਅਧੂਰਾ ਆਖਦਿਆਂ ਸਵਾਲ ਕੀਤਾ ਕਿ ਸਿਆਸੀ ਗੁਨਾਹਗਾਰਾਂ ਅਤੇ ਕਮੇਟੀ ਪ੍ਰਬੰਧਕਾਂ ਨੂੰ ਜਾਂਚ ਦੇ ਘੇਰੇ ਤੋਂ ਬਾਹਰ ਕਿਉਂ ਰੱਖਿਆ ਗਿਆ ਹੈ ?

ਉਨ੍ਹਾਂ ਦੋਸ਼ ਲਾਇਆ ਕਿ ਜਾਂਚ ਰਿਪੋਰਟ ਸਿਆਸਤ ਤੋਂ ਪ੍ਰੇਰਿਤ ਹੈ। ਉਨ੍ਹਾਂ ਨੇ ਜਾਂਚ ਰਿਪੋਰਟ ਨੂੰ ਜਨਤਕ ਕਰਨ ਦੀ ਮੰਗ ਕੀਤੀ ਹੈ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ, ਸਰਬਜੀਤ ਸਿੰਘ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਇਸ ਮਾਮਲੇ ਵਿੱਚ ਉਸ ਵੇਲੇ ਦੇ ਪ੍ਰਧਾਨ ਅਤੇ ਕਾਰਜਕਾਰਨੀ ਦੇ ਮੈਂਬਰਾਂ ਖਿਲਾਫ ਵੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਵੀ ਕਿਹਾ ਕਿ ਕਿਸੇ ਅਦਾਰੇ ਜਾਂ ਸੰਸਥਾ ਵਿੱਚ ਜਦੋਂ ਅਜਿਹਾ ਕੋਈ ਘਪਲਾ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਸੰਸਥਾ ਦੇ ਮੁਖੀ ਤੇ ਹੋਰ ਅਹਿਮ ਅਹੁਦੇਦਾਰਾਂ ਦੀ ਵੀ ਹੁੰਦੀ ਹੈ ਪਰ ਇਸ ਮਾਮਲੇ ਵਿੱਚ ਪ੍ਰਧਾਨਾਂ ਅਤੇ ਜਨਰਲ ਸਕੱਤਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।

ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪ੍ਰਧਾਨ ਅਤੇ ਜਨਰਲ ਸਕੱਤਰ ਦੋਵਾਂ ਨੂੰ ਨੈਤਿਕ ਆਧਾਰ ’ਤੇ ਅਸਤੀਫਾ ਦੇਣਾ ਚਾਹੀਦਾ ਹੈ। ਮੌਜੂਦਾ ਸਕੱਤਰ ਅਤੇ ਪ੍ਰਧਾਨ ਦੇ ਨਿੱਜੀ ਸਕੱਤਰ ਮਹਿੰਦਰ ਸਿੰਘ ਆਹਲੀ ਨੇ ਦੱਸਿਆ ਕਿ ਅੰਤ੍ਰਿੰਗ ਕਮੇਟੀ ਵੱਲੋਂ ਮੁਅੱਤਲ ਕੀਤੇ ਗਏ ਅਤੇ ਬਰਖਾਸਤ ਕੀਤੇ ਗਏ ਕਰਮਚਾਰੀਆਂ ਖਿਲਾਫ ਕਾਰਵਾਈ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਨ੍ਹਾਂ ਸਾਰਿਆਂ ਖਿਲਾਫ਼ ਦਿੱਤੇ ਹੁਕਮਾਂ ’ਤੇ ਅਮਲ ਕਰਨ ਲਈ ਆਖਿਆ ਗਿਆ ਹੈ।