‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਅੰਤ੍ਰਿਗ ਕਮੇਟੀ ਦੀ ਬੈਠਕ ਹੋਈ। ਬੈਠਕ ਤੋਂ ਬਾਅਦ SGPC ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਬੈਠਕ ਵਿੱਚ ਕੁਝ ਮੌਜੂਦਾ ਮੁੱਦਿਆਂ ਬਾਰੇ ਚਰਚਾ ਕੀਤੀ ਗਈ ਹੈ। ਇਨ੍ਹਾਂ ਮੁੱਦਿਆਂ ਵਿੱਚ ਪਹਿਲਾ ਮੁੱਦਾ ਸੀ ਸਾਕਾ ਪੰਜਾ ਸਾਹਿਬ ਦੀ ਸ਼ਤਾਬਦੀ ਨੂੰ ਲੈ ਕੇ SGPC ਦੀ ਪੰਜ ਮੈਂਬਰੀ ਟੀਮ ਪਾਕਿਸਤਾਨ ਜਾ ਕੇ ਪ੍ਰੋਗਰਾਮ ਤੈਅ ਕਰਕੇ ਆਵੇਗੀ। ਸ਼੍ਰੀ ਦਰਬਾਰ ਸਾਹਿਬ ਵਿਖੇ ਇੱਕ ਹਜ਼ਾਰ ਗੱਡੀ ਦੀ ਪਾਰਕਿੰਗ ਲਈ ਹਾਲ ਬਣਾਏ ਜਾਣਗੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੁਪਰੀਮ ਕੋਰਟ ਦੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਦਿੱਤੇ ਗਏ ਫੈਸਲੇ ਦੀ ਘੋਖ ਕਰਨ ਦਾ ਦਾਅਵਾ ਕਰਦਿਆਂ ਕਿਹਾ ਕਿ ਅਸੀਂ ਇਸਦੀ ਰਿਵਿਊ ਪਟੀਸ਼ਨ ਪਾਵਾਂਗੇ। ਧਾਮੀ ਨੇ ਕਿਹਾ ਕਿ ਸਰਕਾਰ ਦੀ ਬਹੁਤ ਵੱਡੀ ਦਖਲ ਅੰਦਾਜ਼ੀ ਹੈ ਕਿਉਂਕਿ ਸਰਕਾਰ ਨਹੀਂ ਚਾਹੁੰਦੀ ਕਿ ਸਿੱਖਾਂ ਦੀ ਤਾਕਤ ਇਕੱਠੀ ਹੋਵੇ। ਦਿੱਲੀ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਧਾ ਹੀ ਸਰਕਾਰ ਦੀ ਝੋਲੀ ਵਿੱਚ ਬੈਠੀ ਪਈ ਹੈ। ਧਾਮੀ ਨੇ ਕਿਹਾ ਕਿ ਹੁੱਡਾ ਉਸ ਜਮਾਤ ਦਾ ਮੁੱਖ ਮੰਤਰੀ ਸੀ, ਜਿਸਨੇ ਹਮੇਸ਼ਾ ਸਿੱਖਾਂ ਦੇ ਨਾਲ ਬੇਇਨਸਾਫ਼ੀ ਕੀਤੀ ਹੈ। ਕਾਂਗਰਸ ਦੀ ਹਮੇਸ਼ਾ ਤੋਂ ਸਿੱਖਾਂ ਉੱਤੇ ਜ਼ੁਲਮ ਢਾਹੁਣ ਦੀ ਫਿਤਰਤ ਰਹੀ ਹੈ।