Others

“ਵਿਰੋਧੀ ਤਾਂ ਵਿਹਲੇ ਨੇ,ਇਸ ਲਈ ਇਹਨਾਂ ਹਰਕਤਾਂ ‘ਤੇ ਉਤਰ ਆਏ ਨੇ,” ਡਾ.ਇੰਦਰਬੀਰ ਸਿੰਘ ਨਿੱਝਰ

 ਚੰਡੀਗੜ੍ਹ : “ਪੰਜਾਬ ਵਿਧਾਨ ਸਭਾ ਦਾ ਖਾਸ ਇਜਲਾਸ 22 ਸਤੰਬਰ ਨੂੰ ਸੱਦਿਆ ਜਾ ਰਿਹਾ ਹੈ।ਜਿਸ ਵਿੱਚ ਪੰਜਾਬ ਸਰਕਾਰ ਬਹੁਮਤ ਸਿੱਧ ਕਰੇਗੀ।” ਕੈਬਨਿਟ ਮੰਤਰੀ ਤੇ ਆਪ ਦੇ ਵਿਧਾਇਕ ਡਾ.ਇੰਦਰਬੀਰ ਨਿੱਝਰ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਇਹ ਜਾਣਕਾਰੀ ਦਿੱਤੀ ਹੈ।

ਉਹਨਾਂ ਕਿਹਾ ਕਿ ਸਰਕਾਰ ਲਈ ਹਰ ਮਸਲਾ ਜ਼ਰੂਰੀ ਹੈ ਪਰ ਇਹ ਤਾਂ ਹੀ ਹੱਲ ਹੋਣਗੇ ਜੇਕਰ ਪੰਜਾਬ ਵਿੱਚ ਇੱਕ ਮਜ਼ਬੂਤ ਸਰਕਾਰ ਹੋਵੇਗੀ। ਭਾਜਪਾ ‘ਤੇ ਵਰਦਿਆਂ ਉਹਨਾਂ ਕਿਹਾ ਕਿ ਇਸ ਪਾਰਟੀ ਨੇ ਗੋਆ ਤੇ ਮਹਾਰਾਸ਼ਟਰ ਵਿੱਚ ਵਿਧਾਇਕਾਂ ਨੂੰ ਖਰੀਦਿਆ ਹੈ ।

 

ਉਹਨਾਂ ਇਹ ਵੀ ਕਿਹਾ ਕਿ ਆਮ ਜਨਤਾ ਦੇ ਭਰੋਸੇ ਨੂੰ ਕਾਇਮ ਰੱਖਣ ਲਈ ਇਹ ਕਦਮ ਚੁੱਕਣਾ ਜ਼ਰੂਰੀ ਹੈ ।ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਸਾਡੀ ਨਜ਼ਰ ਵਿੱਚ ਸਾਰੇ ਮੁੱਦੇ ਹਨ ਤੇ ਇਹਨਾਂ ਨੂੰ ਹੱਲ ਕਰਨ ਲਈ ਸਰਕਾਰ ਯਤਨਸ਼ੀਲ ਵੀ ਹੈ। ਇਥੇ ਹਰ ਇੱਕ ਨੂੰ ਆਪਣੀ ਗੱਲ ਕਹਿਣ ਦਾ ਸਭ ਨੂੰ ਹੱਕ ਹੈ । ਭਾਜਪਾ ਨੇ ਆਪ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਹੈ ਤੇ ਇਸ ਸਬੰਧੀ ਵਿਧਾਨ ਸਭਾ ਵਿੱਚ ਵੀ ਗੱਲ ਰੱਖੀ ਜਾਵੇਗੀ।

ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਬਿਜਲੀ ਕਾਨੂੰਨ ਸਬੰਧੀ ਉਹਨਾਂ ਕਿਹਾ ਹੈ ਕਿ ਇਹ ਗਲਤ ਹੈ ਤੇ ਇਸ ਦੇ ਖਿਲਾਫ ਜੇਕਰ ਸੰਘਰਸ਼ ਦੀ ਲੋੜ ਪਈ ਤਾਂ ਉਹ ਵੀ ਕੀਤਾ ਜਾਵੇਗਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਥਿਤ ਤੋਰ ‘ਤੇ ਜਰਮਨ ਵਿੱਖੇ ਜਹਾਜ ਤੋਂ ਉਤਾਰ ਦੇਣ ਵਾਲੀ ਖ਼ਬਰ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਇਹ ਸਾਰਾ ਮਾਮਲਾ ਬਿਨਾਂ ਵਜਾ ਹੀ ਉਛਾਲਿਆ ਗਿਆ ਹੈ ਤੇ ਜਿਹੜਾ ਜਹਾਜ ਪਿਛਿਉਂ ਹੀ 4 ਘੰਟੇ ਦੇਰੀ ਨਾਲ ਆਇਆ ਸੀ,ਉਸ ਨੇ ਜਾਣਾ ਵੀ ਦੇਰ ਨਾਲ ਹੀ ਸੀ।
ਵਿਰੋਧੀਆਂ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਹੈ ਕਿ ਉਹ ਤਾਂ ਵਿਹਲੇ ਨੇ ਤੇ ਉਹਨਾਂ ਨੂੰ ਹੋਰ ਕੁੱਝ ਲੱਭ ਨਹੀਂ ਰਿਹਾ ਹੈ ਤੇ ਇਹਨਾਂ ਹਰਕਤਾਂ ‘ਤੇ ਉਤਰ ਆਏ ਹਨ।