’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਕਿਸਾਨ ਅੰਦੋਲਨ ਦੇ ਚੱਲਦਿਆਂ ਬੀਤੇ ਦਿਨ ਹਰਿਆਣਾ ਦੇ ਅੰਬਾਲਾ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਕਿਸਾਨਾਂ ਦੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪਿਆ ਸੀ। ਕਿਸਾਨਾਂ ਨੇ ਮੁੱਖ ਮੰਤਰੀ ਨੂੰ ਕਾਲ਼ੀਆਂ ਝੰਡੀਆਂ ਦਿਖਾਈਆਂ ਅਤੇ ਕੁਝ ਕਿਸਾਨਾਂ ਨੇ ਮੁੱਖ ਮੰਤਰੀ ਦੇ ਕਾਫਲੇ ਦੀਆਂ ਗੱਡੀਆਂ ’ਤੇ ਕਥਿਤ ਤੌਰ ’ਤੇ ਹਮਲਾ ਵੀ ਕੀਤਾ ਸੀ। ਸਥਾਨਕ ਪੁਲਿਸ ਨੇ ਇਨ੍ਹਾਂ ਵਿੱਚੋਂ 13 ਕਿਸਾਨਾਂ ’ਤੇ ਕਾਰਵਾਈ ਕਰਦਿਆਂ ਇਰਾਦ-ਏ-ਕਤਲ ਦੇ ਕੇਸ ਦਰਜ ਕੀਤੇ ਹਨ।
ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਮੁੱਖ ਮੰਤਰੀ ਖੱਟਰ ਦੇ ਕਾਫਲੇ ਨੂੰ ਕਥਿਤ ਤੌਰ ’ਤੇ ਰੋਕਣ ਤੇ ਡਾਂਗਾਂ ਸੁੱਟਣ ਤੋਂ ਬਾਅਦ ਹਰਿਆਣਾ ਪੁਲਿਸ ਨੇ ਵੱਖ-ਵੱਖ ਦੋਸ਼ਾਂ ਵਿੱਚ 13 ਕਿਸਾਨਾਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਅਤੇ ਦੰਗਾ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ।
ਦਰਅਸਲ ਬੀਤੇ ਦਿਨ ਅੰਬਾਲਾ ਵਿੱਚ ਮੁੱਖ ਮੰਤਰੀ ਖੱਟਰ ਨਗਰ ਨਿਗਮ ਚੋਣਾਂ ਸਬੰਧੀ ਇੱਕ ਮੀਟਿੰਗ ਕਰਨ ਪਹੁੰਚੇ ਸਨ। ਉਨ੍ਹਾਂ ਦੀ ਇਸ ਫੇਰੀ ਦੌਰਾਨ ਪਹਿਲਾਂ ਤਾਂ ਕਿਸਾਨਾਂ ਨੇ ਸ਼ਾਂਤੀਪੂਰਨ ਤਰੀਕੇ ਨਾਲ ਕਾਲੇ ਝੰਡੇ ਵਿਖਾਏ ਪਰ ਜਦੋਂ ਪੁਲਿਸ ਨੇ ਮੁੱਖ ਮੰਤਰੀ ਦੇ ਕਾਫ਼ਲੇ ਦੀਆਂ ਗੱਡੀਆਂ ਨੂੰ ਦੂਜੇ ਰਸਤੇ ਵੱਲ ਮੋੜ ਦਿੱਤਾ ਤਾਂ ਇਸ ’ਤੇ ਕਿਸਾਨਾਂ ਨੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਪੁਲਿਸ ਨੇ ਉਨ੍ਹਾਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨ ਹੋਰ ਭੜਕ ਗਏ।
ਇਸੇ ਦੌਰਾਨ ਕਿਸਾਨਾਂ ਨੇ ਮੁੱਖ ਮੰਤਰੀ ਦੇ ਕਾਫ਼ਲੇ ‘ਤੇ ਹਮਲਾ ਕਰ ਦਿੱਤਾ। ਖੱਟਰ ਦੀ ਗੱਡੀ ‘ਤੇ ਕਥਿਤ ਤੌਤ ’ਤੇ ਡਾਂਗਾਂ ਵਰ੍ਹਾਈਆਂ ਗਈਆਂ। ਜਿਸ ਗੱਡੀ ‘ਚ ਉਹ ਸਵਾਰ ਸਨ, ਉਸ ‘ਤੇ ਡੰਡਿਆਂ ਦੇ ਤਾਬੜਤੋੜ ਵਾਰ ਸ਼ੁਰੂ ਕਰ ਦਿੱਤੇ। ਕਈ ਗੱਡੀਆਂ ਦੇ ਸ਼ੀਸ਼ੇ ਵੀ ਟੁੱਟ ਗਏ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਵੀ ਧੱਕਾਮੁੱਕੀ ਹੋਈ।
ਕਿਸਾਨਾਂ ਨੇ ਮੁੱਖ ਮੰਤਰੀ ਖੱਟਰ ਵਿਰੁੱਧ ਨਾਅਰੇਬਾਜ਼ੀ ਕੀਤੀ। ਜਿਸ ਕਾਰਨ ਬਹੁਤ ਸਾਰੇ ਸਿੱਖ ਕਿਸਾਨਾਂ ਦੀਆਂ ਪੱਗ ਲੱਥ ਗਈਆਂ, ਜਿਸ ਕਰਕੇ ਕਿਸਾਨ ਹੋਰ ਭੜਕ ਗਏ ਅਤੇ ਪੁਲਿਸ ਨਾਲ ਧੱਕਾਮੁੱਕੀ ਸ਼ੁਰੂ ਹੋ ਗਈ। ਪੁਲਿਸ ਨਾਲ ਹੋਈ ਝੜਪ ਦੌਰਾਨ ਕਈ ਕਿਸਾਨਾਂ ਦੇ ਸੱਟਾਂ ਵੀ ਲੱਗੀਆਂ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸਮਾਗਮ ਵਾਲੀ ਥਾਂ ‘ਤੇ ਲੱਗੇ ਸਾਰੇ ਪੋਸਟਰ ਤੇ ਝੰਡੇ ਪਾੜ ਦਿੱਤੇ।