‘ਦ ਖ਼ਾਲਸ ਬਿਊਰੋ:- ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿੱਚ ਮੁਲਜ਼ਮ ਇੰਸਪੈਕਟਰ ਪ੍ਰਦੀਪ ਸਿੰਘ ਸਰਕਾਰੀ ਗਵਾਹ ਬਣੇਗਾ। ਫਰੀਦਕੋਟ ਕੋਰਟ ਨੇ SIT ਨੂੰ ਇਸਦੀ ਇਜਾਜ਼ਤ ਦੇ ਦਿੱਤੀ ਹੈ। ਮ੍ਰਿਤਕ ਦੇ ਪਰਿਵਾਰ ਨੇ ਵਿਰੋਧ ਕੀਤਾ ਸੀ ਪਰ ਅਦਾਲਤ ਨੇ ਮ੍ਰਿਤਕ ਦੇ ਭਰਾ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ।
ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਨਾਲ ਜੁੜੀਆਂ 2 ਅਹਿਮ ਪਟੀਸ਼ਨਾਂ ‘ਤੇ ਅੱਜ ਫਰੀਦਕੋਟ ਅਦਾਲਤ ਵਿੱਚ ਸੁਣਵਾਈ ਹੋਈ ਹੈ। ਪਹਿਲੀ ਪਟੀਸ਼ਨ ਜੋ ਜਾਂਚ ਟੀਮ ਵੱਲੋਂ ਦਾਇਰ ਕੀਤੀ ਗਈ ਸੀ, ਉਸ ‘ਤੇ ਸੁਣਵਾਈ ਕਰਦਿਆਂ ਅਦਾਲਤ ਨੇ ਇੰਸਪੈਕਟਰ ਪ੍ਰਦੀਪ ਸਿੰਘ ਨੂੰ ਵਾਅਦਾ ਮੁਆਫ਼ ਗਵਾਹ ਬਣਨ ਦੀ ਮਨਜ਼ੂਰੀ ਦੇ ਦਿੱਤੀ ਹੈ।
ਬਹਿਬਲ ਕਲਾਂ ਗੋਲੀਕਾਂਡ ‘ਚ ਮਰਨ ਵਾਲੇ ਕ੍ਰਿਸ਼ਨ ਭਗਵਾਨ ਦੇ ਭਰਾ ਵੱਲੋਂ ਪ੍ਰਦੀਪ ਸਿੰਘ ਨੂੰ ਸਰਕਾਰੀ ਗਵਾਹ ਬਣਾਉਣ ਦੇ ਇਤਰਾਜ਼ ‘ਚ ਦਾਇਰ ਕੀਤੀ ਗਈ ਪਟੀਸ਼ਨ ਅਦਾਲਤ ਵੱਲੋਂ ਖਾਰਜ ਕਰ ਦਿੱਤੀ ਗਈ ਹੈ। ਮ੍ਰਿਤਕ ਦੇ ਭਰਾ ਨੇ ਇੰਸਪੈਕਟਰ ਪ੍ਰਦੀਪ ਸਿੰਘ ਨੂੰ ਮੁੱਖ ਮੁਲਜ਼ਮ ਦਸਦਿਆਂ ਵਾਅਦਾ-ਗਵਾਹ ਨਾ ਬਣਾਉਣ ਨੂੰ ਲੈ ਕੇ ਅਦਾਲਤ ‘ਚ ਅਰਜ਼ੀ ਦਾਖਲ ਕੀਤੀ ਸੀ, ਜਿਸ ‘ਤੇ ਸੁਣਵਾਈ ਕਰਦਿਆਂ ਅਦਾਲਤ ਨੇ ਉਸ ਦੀ ਅਰਜ਼ੀ ਖਾਰਜ ਕਰ ਦਿੱਤੀ ਸੀ।
ਅਦਾਲਤ ਵੱਲੋਂ 10 ਸਤੰਬਰ ਨੂੰ ਇਹਨਾਂ ਦੋਹਾਂ ਪਟੀਸ਼ਨਾਂ ‘ਤੇ ਸੁਣਵਾਈ ਤੋਂ ਬਾਅਦ 15 ਸਤੰਬਰ ਤੱਕ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਸੀ।