ਇੰਡੋਨੇਸ਼ੀਆ ‘ਚ ਇਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਮੰਗਲਵਾਰ ਨੂੰ ਸੁਮਾਤਰਾ ਟਾਪੂ ਦੇ ਪੱਛਮ ਵਿਚ 7.3 ਦੀ ਤੀਬਰਤਾ ਵਾਲਾ ਭੂਚਾਲ ਆਇਆ। ਏਜੰਸੀ ਨੇ ਕਰੀਬ ਦੋ ਘੰਟਿਆਂ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਹੈ।
ਅਲਰਟ ਦੇ ਤਹਿਤ ਸਥਾਨਕ ਅਧਿਕਾਰੀਆਂ ਨੂੰ ਪ੍ਰਭਾਵਿਤ ਖੇਤਰ ਦੇ ਨਿਵਾਸੀਆਂ ਨੂੰ ਤੁਰੰਤ ਤੱਟ ਤੋਂ ਦੂਰ ਜਾਣ ਦੇ ਨਿਰਦੇਸ਼ ਦੇਣ ਲਈ ਕਿਹਾ ਗਿਆ ਸੀ। ਲੋਕਾਂ ਨੂੰ ਸੁਰੱਖਿਅਤ ਸਥਾਨ ‘ਤੇ ਪਹੁੰਚਾਇਆ ਗਿਆ ਹੈ। ਇੰਡੋਨੇਸ਼ੀਆ ‘ਚ ਬੀਤੇ ਐਤਵਾਰ ਨੂੰ ਵੀ ਕਈ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।
ਜਾਣਕਾਰੀ ਮੁਤਾਬਕ ਭੂਚਾਲ ਕਾਰਨ 1 ਘੰਟੇ ‘ਚ 2 ਵਾਰ ਧਰਤੀ ਹਿੱਲ ਗਈ। ਯੂਰਪੀਅਨ ਮੈਡੀਟੇਰੀਅਨ ਸੀਸਮੋਲੋਜੀਕਲ ਸੈਂਟਰ ‘ਯੂਐਮਐਸਸੀ’ ਦੇ ਮੁਤਾਬਕ, ਇੰਡੋਨੇਸ਼ੀਆ ਵਿੱਚ ਐਤਵਾਰ ਸਵੇਰੇ ਲਗਾਤਾਰ ਦੋ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 6.1 ਅਤੇ 5.8 ਮਾਪੀ ਗਈ ਸੀ।
ਕੁਝ ਘੰਟਿਆਂ ਬਾਅਦ, 5.8 ਤੀਬਰਤਾ ਦਾ ਇੱਕ ਹੋਰ ਭੂਚਾਲ ਮਹਿਸੂਸ ਕੀਤਾ ਗਿਆ। EMSC ਦੇ ਅਨੁਸਾਰ, ਪਹਿਲੇ ਭੂਚਾਲ ਦਾ ਕੇਂਦਰ 43 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਇਸ ਦੇ ਨਾਲ ਹੀ ਦੂਜਾ ਭੂਚਾਲ 40 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ। ਭੂਚਾਲ ਕਾਰਨ ਹੁਣ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਸੀ।