International

ਇੰਡੋਨੇਸ਼ੀਆ : ਜਕਾਰਤਾ ਦੇ ਤੇਲ ਡਿਪੂ ਵਿੱਚ ਇਹ ਕਾਰਾ , 17 ਜਣਿਆ ਨੂੰ ਧੋਣੇ ਪਏ ਜਾਨ ਤੋਂ ਹੱਥ

ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ‘ਚ ਸ਼ੁੱਕਰਵਾਰ ਰਾਤ ਨੂੰ ਤੇਲ ਸਟੋਰੇਜ ਡਿਪੂ ‘ਚ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇਸ ਘਟਨਾ ‘ਚ ਦਰਜਨਾਂ ਲੋਕ ਜ਼ਖਮੀ ਹੋ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਤੇਲ ਸਟੋਰੇਜ ਡਿਪੂ ਸਰਕਾਰੀ ਕੰਪਨੀ ਦਾ ਹੈ।

ਰਿਪੋਰਟ ਮੁਤਾਬਕ ਉੱਤਰੀ ਜਕਾਰਤਾ ‘ਚ ਸਟੇਟ ਐਨਰਜੀ ਕੰਪਨੀ ਪਰਤਾਮਿਨਾ (Pertamina)  ਦੇ ਤੇਲ ਡਿਪੂ ‘ਚ ਭਿਆਨਕ ਅੱਗ ਲੱਗਣ ਤੋਂ ਬਾਅਦ ਆਸਪਾਸ ਦੇ ਲੋਕ ਘਬਰਾ ਕੇ ਆਪਣੀ ਜਾਨ ਬਚਾਉਣ ਲਈ ਭੱਜ ਗਏ। ਪ੍ਰਸ਼ਾਸਨ ਨੇ ਨੇੜਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਸੀ। ਉੱਤਰੀ ਜਕਾਰਤਾ ਦੇ ਅੱਗ ਬੁਝਾਊ ਵਿਭਾਗ ਨੇ ਦੱਸਿਆ ਕਿ ਅੱਗ ‘ਚ ਦੋ ਬੱਚਿਆਂ ਸਮੇਤ 17 ਲੋਕਾਂ ਦੀ ਮੌਤ ਹੋ ਗਈ, ਜਦਕਿ ਘੱਟੋ-ਘੱਟ 50 ਹੋਰ ਜ਼ਖਮੀ ਹੋ ਗਏ।

ਅੱਗ ਬੁਝਾਊ ਵਿਭਾਗ ਦੇ ਮੁਖੀ ਨੇ ਮੀਡੀਆ ਨੂੰ ਦੱਸਿਆ ਕਿ ਅੱਗ ‘ਚ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਅੱਗ ਸਥਾਨਕ ਸਮੇਂ ਅਨੁਸਾਰ ਰਾਤ 8 ਵਜੇ ਲੱਗੀ। ਫਿਲਹਾਲ ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ। ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਅੱਗ ‘ਤੇ ਕਾਬੂ ਪਾਉਣ ਲਈ ਘੱਟੋ-ਘੱਟ 180 ਫਾਇਰਫਾਈਟਰ ਤੇ 37 ਫਾਇਰ ਟੈਂਡਰ ਮੌਕੇ ‘ਤੇ ਮੌਜੂਦ ਸਨ। ਇਸ ਦੇ ਨਾਲ ਹੀ ਪੂਰੇ ਅਸਮਾਨ ‘ਚ ਕਾਲੇ ਧੂੰਏਂ ਅਤੇ ਅੱਗ ਦੇ ਸੰਘਣੇ ਗੁਬਾਰ ਦਿਖਾਈ ਦਿੱਤੇ।

ਇੰਡੋਨੇਸ਼ੀਆ ਦੇ ਫੌਜ ਮੁਖੀ ਦੁਡੁੰਗ ਅਬਦੁਰਾਚਮਨ ਨੇ ਮੀਡੀਆ ਨੂੰ ਦੱਸਿਆ ਕਿ ਅੱਗ ਲੱਗਣ ਤੋਂ ਕਈ ਘੰਟਿਆਂ ਬਾਅਦ ਅੱਗ ‘ਤੇ ਕਾਬੂ ਪਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਅੱਗ ਬੁਝਾ ਦਿੱਤੀ ਗਈ ਹੈ। ਫੌਜ ਮੁਖੀ ਨੇ ਕਿਹਾ ਕਿ ਉਹ ਇਸ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਇਸ ਦੇ ਨਾਲ ਹੀ ਪਰਟਾਮਿਨਾ ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਅੱਗ ਨਾਲ ਨਜਿੱਠਣ ਅਤੇ ਮਜ਼ਦੂਰਾਂ ਅਤੇ ਆਸਪਾਸ ਦੇ ਇਲਾਕਿਆਂ ਦੇ ਨਿਵਾਸੀਆਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਕੰਪਨੀ ਦੇ ਮੁੱਖ ਕਾਰਜਕਾਰੀ ਨੇ ਕਿਹਾ ਕਿ ਉਹ ਅਜਿਹੀ ਘਟਨਾ ਨੂੰ ਮੁੜ ਤੋਂ ਰੋਕਣ ਲਈ ਅੰਦਰੂਨੀ ਸਮੀਖਿਆ ਕਰੇਗੀ।