ਨਵੀਂ ਦਿੱਲੀ : ਪ੍ਰੈੱਸ ਆਜ਼ਾਦੀ ਦੀ ਸੂਚੀ ’ਚ ਭਾਰਤ 11 ਸਥਾਨ ਹੋਰ ਹੇਠਾਂ ਖ਼ਿਸਕ ਕੇ 161 ਨੰਬਰ ਉਤੇ ਪਹੁੰਚ ਗਿਆ ਹੈ। ਇਹ ਹੈਰਾਨਕੁਨ ਖੁਲਾਸਾ ਇੱਕ ਗੈਰ-ਸਰਕਾਰੀ ਸੰਗਠਨ ਰਿਪੋਰਟਰਜ਼ ਵਿਦਾਊਟ ਬਾਰਡਰਜ਼ (ਐੱਨਜੀਓ) ਵੱਲੋਂ ਕੀਤਾ ਗਿਆ ਹੈ। ਇਹ ਅਦਾਰਾ ਆਲਮੀ ਪੱਧਰ ’ਤੇ ਮੀਡੀਆ ਨਾਲ ਸਬੰਧਤ ਮੁੱਦਿਆਂ ਨੂੰ ਨੇੜਿਓਂ ਦੇਖਦਾ ਹੈ।
ਮੀਡੀਆ ਦੀ ਆਜ਼ਾਦੀ ਦੇ ਮਾਮਲੇ ‘ਚ ਭਾਰਤ ਦੀ ਸਥਿਤੀ ਚਾਰ ਸਾਲਾਂ ‘ਚ ਸਭ ਤੋਂ ਖਰਾਬ ਪੱਧਰ ‘ਤੇ ਪਹੁੰਚ ਗਈ ਹੈ। ਪ੍ਰੈੱਸ ਦੀ ਆਜ਼ਾਦੀ ਬਾਰੇ 2023 ਦੀ ਸੂਚੀ ’ਚ ਭਾਰਤ ਦਾ 180 ਦੇਸ਼ਾਂ ਵਿਚੋਂ 161ਵਾਂ ਸਥਾਨ ਹੈ ਜਦਕਿ ਪਿਛਲੇ ਸਾਲ ਇਹ 150ਵੇਂ ਨੰਬਰ ਉਤੇ ਸੀ। ਬੀਤੇ ਦਿਨ ਪ੍ਰਕਾਸ਼ਿਤ ਇਸ ਸੂਚੀ ‘ਤੇ ਮੀਡੀਆ ਅਦਾਰਿਆਂ ਨੇ ਚਿੰਤਾ ਜਤਾਈ ਹੈ।
ਐੱਨਜੀਓ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਤਿੰਨ ਦੇਸ਼ਾਂ ਵਿਚ ਸਥਿਤੀ ਬਹੁਤ ਮਾੜੀ ਹੋ ਗਈ ਹੈ, ਜਿਨ੍ਹਾਂ ਵਿੱਚ ਤਾਜਿਕਿਸਤਾਨ 153ਵੇਂ, ਭਾਰਤ 161ਵੇਂ (ਗਿਆਰਾਂ ਸਥਾਨ ਹੇਠਾਂ) ਤੇ ਤੁਰਕੀ 165ਵੇਂ (16 ਸਥਾਨ ਹੇਠਾਂ) ਨੰਬਰ ਉਤੇ ਪਹੁੰਚ ਗਿਆ ਹੈ।
‘ਵਰਲਡ ਪ੍ਰੈੱਸ ਫਰੀਡਮ ਡੇਅ’ ਮੌਕੇ ਪ੍ਰਕਾਸ਼ਿਤ ਰਿਪੋਰਟ ਵਿਚ ਕਿਹਾ ਗਿਆ ਹੈ, ‘ਇਕ ਹੋਰ ਪੱਖ ਜੋ ਕਿ ਸੂਚਨਾਵਾਂ ਦੀ ਸੁਤੰਤਰ ਨਿਕਾਸੀ ਨੂੰ ਰੋਕ ਰਿਹਾ ਹੈ, ਉਹ ਹੈ ਸਿਆਸੀ ਆਗੂਆਂ ਨਾਲ ਨੇੜਤਾ ਰੱਖਦੇ ਕਾਰੋਬਾਰੀਆਂ ਵੱਲੋਂ ਮੀਡੀਆ ਅਦਾਰਿਆਂ ਨੂੰ ਖ਼ਰੀਦਣਾ ਹੈ।’
‘ਦਿ ਇੰਡੀਆ ਵਿਮੈੱਨ ਪ੍ਰੈੱਸ ਕੋਰ’, ‘ਪ੍ਰੈੱਸ ਕਲੱਬ ਆਫ ਇੰਡੀਆ’ ਤੇ ‘ਪ੍ਰੈੱਸ ਐਸੋਸੀਏਸ਼ਨ’ ਨੇ ਇਕ ਸਾਂਝਾ ਬਿਆਨ ਜਾਰੀ ਕਰ ਕੇ ਦਰਜਾਬੰਦੀ ਵਿਚ ਨਿੱਘਰੀ ਭਾਰਤ ਦੀ ਸਥਿਤੀ ਉੱਤੇ ਚਿੰਤ ਜਤਾਈ ਹੈ।
ਬਿਆਨ ਵਿੱਚ ਕਿਹਾ ਗਿਆ ਹੈ ਕਿ “ਆਰਐਸਐਫ ਦੀ ਤਾਜ਼ਾ ਰਿਪੋਰਟ ਮੁਤਾਬਕ, ਭਾਰਤ ਸਮੇਤ ਕਈ ਦੇਸ਼ਾਂ ਵਿੱਚ ਪ੍ਰੈਸ ਦੀ ਆਜ਼ਾਦੀ ਦਾ ਸੂਚਕ ਅੰਕ ਵਿਗੜ ਗਿਆ ਹੈ।”
“ਗਲੋਬਲ ਦੱਖਣ ਵਿੱਚ ਡੂੰਘੀਆਂ ਅਸਮਾਨਤਾਵਾਂ ਵਾਲੇ ਵਿਕਾਸਸ਼ੀਲ ਲੋਕਤੰਤਰਾਂ ਲਈ ਮੀਡੀਆ ਦੀ ਭੂਮਿਕਾ ਨੂੰ ਘੱਟ ਨਹੀਂ ਸਮਝਿਆ ਜਾ ਸਕਦਾ। ਇਸੇ ਤਰ੍ਹਾਂ ਠੇਕੇ ‘ਤੇ ਕੰਮ ਕਲਚਰ ਵਰਗੇ ਅਸਥਿਰ ਕੰਮਕਾਜੀ ਸਥਿਤੀਆਂ ਵੀ ਪ੍ਰੈੱਸ ਦੀ ਆਜ਼ਾਦੀ ਲਈ ਚੁਣੌਤੀਆਂ ਹਨ। ਅਸੁਰੱਖਿਅਤ ਕੰਮ ਦੀਆਂ ਸਥਿਤੀਆਂ ਕਦੇ ਵੀ ਆਜ਼ਾਦ ਪ੍ਰੈਸ ਵਿੱਚ ਯੋਗਦਾਨ ਨਹੀਂ ਪਾ ਸਕਦੀਆਂ ਹਨ।”
‘ਰਿਪੋਰਟਰਜ਼ ਵਿਦਾਊਟ ਬਾਰਡਰਜ਼’ ਨੇ ਕਿਹਾ ਕਿ ਭਾਰਤ ਸਣੇ ਕਈ ਮੁਲਕਾਂ ਵਿਚ ਪ੍ਰੈੱਸ ਦੀ ਆਜ਼ਾਦੀ ਨਿੱਘਰ ਗਈ ਹੈ। ਉਨ੍ਹਾਂ ਨਾਲ ਹੀ ਕਿਹਾ, ‘ਦੱਖਣੀ ਸੰਸਾਰ ਵਿਚ ਵਿਕਾਸਸ਼ੀਲ ਲੋਕਤੰਤਰਾਂ ਲਈ, ਜਿੱਥੇ ਨਾ-ਬਰਾਬਰੀ ਹੱਦੋਂ ਵੱਧ ਹੈ, ਮੀਡੀਆ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਪ੍ਰੈੱਸ ਦੀ ਆਜ਼ਾਦੀ ਵਿਚ ਅੜਿੱਕੇ ਲਈ ਮਾੜੀਆਂ ਕੰਮਕਾਜੀ ਹਾਲਤਾਂ ਵੀ ਜ਼ਿੰਮੇਵਾਰ ਹਨ। ਉਦਾਹਰਨ ਵਜੋਂ ‘ਕੰਟਰੈਕਟ’ ਆਧਾਰ ’ਤੇ ਹੋਣ ਵਾਲਾ ਕੰਮ ਅਤੇ ਇਸ ਨੂੰ ਚੁਣੌਤੀ ਦਿੱਤੀ ਜਾਣੀ ਚਾਹੀਦੀ ਹੈ।’
ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਵੀ ਇਸ ਰਿਪੋਰਟ ’ਤੇ ਟਿੱਪਣੀ ਕਰਦਿਆਂ ਕਿਹਾ ਕਿ ‘ਸਾਡੇ ਸਾਰਿਆਂ ਲਈ ਇਹ ਆਪਣੇ ਸਿਰ ਸ਼ਰਮ ਨਾਲ ਝੁਕਾਉਣ ਦਾ ਸਮਾਂ ਹੈ।