India

ਭਾਰਤ ਦੇ ਵਿਰੋਧੀ ਰਾਫ਼ੇਲ ਦਾ ਨਹੀਂ ਕਰ ਸਕਣਗੇ ਸਾਹਮਣਾ – ਬੀ.ਐੱਸ. ਧਨੋਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਭਾਰਤ ਤੇ ਚੀਨ ਦੇ ਸੀਨੀਅਰ ਫ਼ੌਜੀ ਕਮਾਂਡਰਾਂ ਵਿਚਾਲੇ ਗੱਲਬਾਤ ਦਾ ਤਾਜ਼ਾ ਗੇੜ ਜਾਰੀ ਹੈ। ਚੀਨ ਨਾਲ ਲੱਗਦੀ ਸਰਹੱਦ ‘ਤੇ ਤਣਾਅ ਨੂੰ ਘਟਾਉਣ ਲਈ ਭਾਰਤ ਅਤੇ ਚੀਨ ਵਿਚਕਾਰ ਲੈਫਟੀਨੈਂਟ ਜਨਰਲ ਪੱਧਰ ‘ਤੇ ਮੀਟਿੰਗ ਕੀਤੀ ਗਈ। ਇਹ ਮੀਟਿੰਗ ਚੀਨ ਵਾਲੇ ਪਾਸੇ ਮੋਲਡੋ ਵਿੱਚ ਹੋਈ। ਕੋਰ ਕਮਾਂਡਰ ਪੱਧਰ ਦੇ ਫ਼ੌਜੀ ਅਧਿਕਾਰੀਆਂ ਵਿਚਾਲੇ ਗੱਲਬਾਤ ਦਾ ਇਹ ਪੰਜਵਾਂ ਗੇੜ ਹੈ।

ਸੂਤਰਾਂ ਮੁਤਾਬਕ ਭਾਰਤ ਪੈਂਗੌਂਗ ਝੀਲ ਇਲਾਕੇ ਵਿੱਚੋਂ ਚੀਨੀ ਫ਼ੌਜ ਨੂੰ ਪੂਰੀ ਤਰ੍ਹਾਂ ਕੱਢਣ ’ਤੇ ਜ਼ੋਰ ਦੇ ਰਹੀ ਹੈ। ਭਾਰਤੀ ਧਿਰ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਸੀ ਕਿ ਚੀਨ ਪੂਰਬੀ ਲੱਦਾਖ ਵਿੱਚ ਪਹਿਲਾਂ ਵਾਲੀ ਸਥਿਤੀ ਬਹਾਲ ਕਰੇ। ਇਲਾਕੇ ਵਿੱਚ ਸ਼ਾਂਤੀ ਬਹਾਲੀ ਲਈ ਸਰਹੱਦੀ ਪ੍ਰਬੰਧਨ ਬਾਰੇ ਦੋਵਾਂ ਮੁਲਕਾਂ ਵਿੱਚ ਹੋਏ ਸਮਝੌਤਿਆਂ ਉੱਤੇ ਅਮਲ ਕੀਤਾ ਜਾਵੇ। ਚੀਨ ਦੀ ਫ਼ੌਜ ਗਲਵਾਨ ਵਾਦੀ ਤੇ ਹੋਰਨਾਂ ਟਕਰਾਅ ਵਾਲੀਆਂ ਥਾਵਾਂ ਤੋਂ ਪਹਿਲਾਂ ਹੀ ਪਿੱਛੇ ਹਟ ਚੁੱਕੀ ਹੈ। ਪਰ ਪੈਂਗੌਂਗ ਦੇ ਫਿੰਗਰ ਇਲਾਕਿਆਂ ਵਿੱਚ ਉਹ ਹਾਲੇ ਵੀ ਪਿੱਛੇ ਨਹੀਂ ਹਟੇ ਹਨ।

ਭਾਰਤੀ ਹਵਾਈ ਸੈਨਾ ਦੇ ਸਾਬਕਾ ਮੁੱਖੀ ਬੀ.ਐੱਸ. ਧਨੋਆ ਨੇ ਕਿਹਾ ਕਿ ਜੇਕਰ ਭਵਿੱਖ ਵਿੱਚ ਚੀਨ ਨਾਲ ਕਿਸੇ ਵੀ ਤਰ੍ਹਾਂ ਦੀ ਹਵਾਈ ਜੰਗ ਹੁੰਦੀ ਹੈ ਤਾਂ ਪਹਾੜੀ ਖੇਤਰ ਤਿੱਬਤ ਵਿੱਚ ਭਾਰਤ ਨੂੰ ਰਾਫ਼ਾਲ ਜੰਗੀ ਜਹਾਜ਼ ਦਾ ਵੱਡਾ ਲਾਭ ਮਿਲੇਗਾ। ਇਨ੍ਹਾਂ ਜੰਗੀ ਜਹਾਜ਼ਾਂ ਦਾ ਇਸਤੇਮਾਲ ਦੁਸ਼ਮਣ ਦੀ ਹਵਾਈ ਰੱਖਿਆ ਪ੍ਰਣਾਲੀ ਤਹਿਸ-ਨਹਿਸ ਕਰਨ ਅਤੇ ਉਸ ਦੀ ਹਵਾਈ ਮਿਜ਼ਾਈਲ ਦੀ ਸਮਰੱਥਾ ਖ਼ਤਮ ਕਰਨ ਲਈ ਕੀਤਾ ਜਾ ਸਕੇਗਾ।

ਬਾਲਾਕੋਟ ਹਵਾਈ ਹਮਲੇ ਦੇ ਰਣਨੀਤੀਕਾਰ ਵਜੋਂ ਜਾਣੇ ਜਾਂਦੇ ਧਨੋਆ ਨੇ ਕਿਹਾ ਕਿ ਲੜਾਈ ਦੌਰਾਨ ਐੱਸ-400 ਮਿਜ਼ਾਈਲ ਪ੍ਰਣਾਲੀ ਨਾਲ ਲੈਸ ਰਾਫ਼ਾਲ ਜੰਗੀ ਜਹਾਜ਼ ਇਸ ਸਾਰੇ ਖੇਤਰ ਵਿੱਚ ਭਾਰਤੀ ਹਵਾਈ ਸੈਨਾ ਨੂੰ ਵੱਡਾ ਲਾਭ ਦੇਣਗੇ ਅਤੇ ਭਾਰਤ ਦੇ ਵਿਰੋਧੀ ਲੜਾਈ ਸ਼ੁਰੂ ਕਰਨ ਤੋਂ ਪਹਿਲਾਂ ਦੋ ਵਾਰ ਸੋਚਣਗੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਮਾਮਲੇ ਵਿੱਚ ਐੱਸ-400 ਮਿਜ਼ਾਈਲ ਤੇ ਰਾਫ਼ਾਲ ਦਾ ਇਸਤੇਮਾਲ ਪਾਕਿਸਤਾਨੀ ਜਹਾਜ਼ਾਂ ਨੂੰ ਉਨ੍ਹਾਂ ਦੀ ਹਵਾਈ ਸੀਮਾ ਵਿੱਚ ਡੇਗਣ ਲਈ ਕੀਤਾ ਜਾ ਸਕਦਾ ਹੈ। ਧਨੋਆ ਨੇ ਕਿਹਾ ਕਿ ਆਪਣੇ ਵਧੀਆ ਇਲੈਕਟ੍ਰੌਨਿਕ ਜੰਗੀ ਉਪਕਰਨਾਂ ਦੀ ਮਦਦ ਨਾਲ ਰਾਫ਼ਾਲ ਤਿੱਬਤ ਵਿੱਚ ਪਹਾੜੀ ਇਲਾਕੇ ਦਾ ਇਸਤੇਮਾਲ ਕਰਦੇ ਹੋਏ ਭਾਰਤ ਦੇ ਹਵਾਈ ਹਮਲੇ ਵਿੱਚ ਕਾਫੀ ਸਹਾਈ ਸਾਬਿਤ ਹੋ ਸਕਦਾ ਹੈ।