ਬਿਉਰੋ ਰਿਪੋਰਟ – ਟੀਮ ਇੰਡੀਆ ਨੇ 12 ਸਾਲ ਬਾਅਦ ਘਰੇਲੂ ਮੈਦਾਨ ’ਤੇ ਟੈਸਟ ਸੀਰੀਜ਼ (INDIA-NEW ZEALAND TEST SERIES) ਹਾਰੀ ਹੈ। ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਦੇ ਦੂਜੇ ਮੈਚ ਦੌਰਾਨ ਪੁਣੇ ਵਿੱਚ ਨਿਊਜ਼ੀਲੈਂਡ ਨੇ ਭਾਰਤ ਨੂੰ 113 ਦੌੜਾਂ ਦੇ ਨਾਲ ਹਰਾ ਦਿੱਤਾ ਹੈ। ਇਸ ਜਿੱਤ ਦੇ ਨਾਲ ਕੀਵੀਆਂ ਨੇ ਸੀਰੀਜ਼ ’ਤੇ ਵੀ ਕਬਜ਼ਾ ਕਰਕੇ 2-0 ਨਾਲ ਵਾਧਾ ਹਾਸਲ ਕਰ ਲਿਆ ਹੈ। ਅਖੀਰਲਾ ਟੈਸਟ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਹੋਵੇਗਾ।
ਸ਼ਨੀਵਾਰ ਨੂੰ ਮੁਕਾਬਲੇ ਦੇ ਤੀਜੇ ਦਿਨ ਨਿਊਜ਼ੀਲੈਂਡ ਨੇ ਭਾਰਤ ਨੂੰ ਜਿੱਤ ਲਈ 359 ਦੌੜਾਂ ਦਾ ਟੀਚਾ ਦਿੱਤਾ ਸੀ। ਪਰ ਪੂਰੀ ਟੀਮ 245 ਦੌੜਾਂ ’ਤੇ ਹੀ ਆਊਟ ਹੋ ਗਈ। ਨਿਊਜ਼ੀਲੈਂਡ ਨੇ ਦੂਜੀ ਇਨਿੰਗ ਵਿੱਚ 255 ਦੌੜਾਂ ਬਣਾਈਆਂ ਸਨ। ਪਹਿਲੀ ਇਨਿੰਗਸਵਿੱਚ ਕੀਵੀਆਂ ਨੇ 259 ਅਤੇ ਭਾਰਤ ਨੇ 156 ਦੌੜਾਂ ਹੀ ਬਣਾਈਆਂ ਸਨ। ਮਿਚੈਲ ਸੈਂਟਨਰ ਨੇ ਪਹਿਲੀ ਇਨਿੰਗ ਵਿੱਚ 7 ਅਤੇ ਦੂਜੀ ਇਨਿੰਗ ਵਿੱਚ 6 ਵਿਕਟਾਂ ਹਾਸਲ ਕਤੀਆਂ ਸਨ।
ਭਾਰਤ ਨੇ 12 ਸਾਲ ਬਾਅਦ ਘਰੇਲੂ ਮੈਦਾਨ ’ਤੇ ਕੋਈ ਟੈਸਟ ਸੀਰੀਜ਼ ਗਵਾਈ ਹੈ। ਟੀਮ ਇੰਡੀਆ ਪਿਛਲੀ ਵਾਰ 2012 ਵਿੱਚ ਇੰਗਲੈਂਡ ਦੇ ਹੱਥੋਂ ਹਾਰੀ ਸੀ।
ਹਾਰ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਸਾਨੂੰ ਇਸ ਹਾਰ ਦੀ ਉਮੀਦ ਨਹੀਂ ਸੀ, ਸਾਰਾ ਕਰੈਡਿਟ ਨਿਊਜ਼ੀਲੈਂਡ ਨੂੰ ਜਾਂਦਾ ਹੈ, ਉਨ੍ਹਾਂ ਨੇ ਚੰਗਾ ਕ੍ਰਿਕਟ ਖੇਡਿਆ। ਟੈਸਟ ਜਿੱਤਣ ਦੇ ਲਈ 20 ਵਿਕਟਾਂ ਦੇ ਨਾਲ ਦੌੜਾਂ ਬਣਾਉਣੀਆਂ ਵੀ ਜ਼ਰੂਰੀ ਹਨ। ਪਹਿਲੀ ਇਨਿੰਗਸ ਵਿੱਚ ਅਸੀਂ 259 ਦੌੜਾਂ ਤੇ ਅਸੀਂ ਨਿਊਜ਼ੀਲੈਂਡ ਨੂੰ ਰੋਕਿਆ ਪਰ ਅਸੀਂ ਬੱਲੇਬਾਜ਼ੀ ਚੰਗੀ ਨਹੀਂ ਕਰ ਸਕੇ।