India

ਭਾਰਤੀ ਜਲ ਸੈਨਾ ਨੇ ਪਾਣੀ ‘ਚ ਉਤਾਰੀ ਸਕਾਰਪੀਨ ਸ਼੍ਰੇਣੀ ਦੀ ਪੰਜਵੀਂ ਪਣਡੁੱਬੀ ‘ਵਾਗੀਰ’

‘ਦ ਖ਼ਾਲਸ ਬਿਊਰੋ :- ਭਾਰਤੀ ਜਲ ਸੈਨਾ ਨੇ ਮੁੰਬਈ ਦੇ ਮਜਗਾਓਂ ਡੌਕ ’ਤੇ ਸਕਾਰਪੀਨ ਸ਼੍ਰੇਣੀ ਦੀ ਪੰਜਵੀਂ ਪਣਡੁੱਬੀ ‘ਵਾਗੀਰ’ ਨੂੰ ਪਾਣੀ ਵਿੱਚ ਉਤਾਰਿਆ। ਰੱਖਿਆ ਰਾਜ ਮੰਤਰੀ ਸ਼੍ਰੀਪਦ ਨਾਇਕ ਨੇ ਵੀਡੀਓ ਕਾਨਫਰੰਸ ਰਾਹੀਂ ਪਣਡੁੱਬੀ ਨੂੰ ਪਾਣੀ ਵਿੱਚ ਉਤਾਰਿਆ। ‘ਵਾਗੀਰ’ ਪਣਡੁੱਬੀ ਭਾਰਤ ਵਿੱਚ ਬਣ ਰਹੀਆਂ ਛੇ ਕਾਲਵੇਰੀ-ਸ਼੍ਰੇਣੀ ਪਣਡੁੱਬੀਆਂ ਦਾ ਹਿੱਸਾ ਹੈ। ਪਣਡੁੱਬੀ ਨੂੰ ਫਰਾਂਸ ਦੇ ਸਮੁੰਦਰੀ ਰੱਖਿਆ ਅਤੇ ਊਰਜਾ ਕੰਪਨੀ ਡੀਸੀਐੱਨਐੱਸ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਨ੍ਹਾਂ ਦਾ ਭਾਰਤੀ ਜਲ ਸੈਨਾ ਦੇ ਪ੍ਰਾਜੈਕਟ -75 ਅਧੀਨ ਨਿਰਮਾਣ ਹੋ ਰਿਹਾ ਹੈ।

ਆਈਐੱਨਐੱਸ ਕਾਲਵੇਰੀ ਪਹਿਲੀ ਸਕਾਰਪੀਨ-ਕਲਾਸ ਪਣਡੁੱਬੀ ਸੀ, ਜੋ ਕਿ 2017 ਵਿੱਚ ਲਾਂਚ ਕੀਤੀ ਗਈ ਸੀ। ਉਸ ਤੋਂ ਬਾਅਦ ਖੰਡੇਰੀ, ਕਰੰਜ ਅਤੇ ਵੇਲਾ ਪਣਡੁੱਬੀਆਂ ਸਨ। ਇਹ ਪਣਡੁੱਬੀਆਂ ਸਤਹ ’ਤੇ, ਪਣਡੁੱਬੀ ਵਿਰੋਧੀ ਜੰਗ ਵਿੱਚ ਕਾਰਗਰ ਹੋਣ ਦੇ ਨਾਲ-ਨਾਲ ਖੁਫ਼ੀਆ ਸੂਚਨਾ ਇਕੱਤਰ ਕਰਨ, ਸਮੁੰਦਰ ਵਿੱਚ ਬਾਰੂਦੀ ਸੁਰੰਗਾਂ ਵਿਛਾਉਣ ਤੇ ਇਲਾਕੇ ਦੀ ਨਿਗਰਾਨੀ ਕਰਨ ਦੇ ਸਮਰੱਥ ਹੈ।