India Sports

ਦੇਸ਼ ਪਰਤਣ ’ਤੇ ਭਾਰਤੀ ਹਾਕੀ ਟੀਮ ਦਾ ਜ਼ਬਰਦਸਤ ਸਵਾਗਤ! ਕਪਤਾਨ ਹਰਮਨਪ੍ਰੀਤ ਨੇ ਹਾਕੀ ਪ੍ਰੇਮੀਆਂ ਨਾਲ ਕੀਤਾ ਵੱਡਾ ਵਾਅਦਾ

ਬਿਉਰੋ ਰਿਪੋਰਟ: ਪੈਰਿਸ ਓਲੰਪਿਕ 2024 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਹੁਣ ਪੈਰਿਸ ਤੋਂ ਆਪਣੇ ਵਤਨ ਪਰਤ ਆਈ ਹੈ। ਟੀਮ ਅੱਜ ਸ਼ਨੀਵਾਰ ਸਵੇਰੇ ਦਿੱਲੀ ਏਅਰਪੋਰਟ ’ਤੇ ਉਤਰੀ। ਜਿਵੇਂ ਹੀ ਖਿਡਾਰੀ ਏਅਰਪੋਰਟ ਤੋਂ ਬਾਹਰ ਆਏ ਤਾਂ ਹਜ਼ਾਰਾਂ ਪ੍ਰਸ਼ੰਸਕ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸਨ। ਹਾਕੀ ਪ੍ਰੇਮੀ ‘ਭਾਰਤ ਜ਼ਿੰਦਾਬਾਦ’ ਅਤੇ ‘ਸਰਪੰਚ ਸਾਹਿਬ’ ਦੇ ਨਾਅਰੇ ਲਾ ਰਹੇ ਸਨ। ਇਸ ਨੂੰ ਦੇਖ ਕੇ ਕਪਤਾਨ ਅਤੇ ਟੀਮ ਦੇ ਸਾਰੇ ਸਾਥੀ ਵੀ ਕਾਫੀ ਖੁਸ਼ ਨਜ਼ਰ ਆਏ।

ਭਾਰਤੀ ਹਾਕੀ ਟੀਮ ਨੇ ਅਜਿਹਾ ਕਮਾਲ ਦਾ ਮੀਲ ਪੱਥਰ ਹਾਸਿਲ ਕੀਤਾ ਹੈ ਜੋ ਪਿਛਲੇ ਪੰਜਾਹ ਸਾਲਾਂ ਵਿੱਚ ਦੇਖਣ ਨੂੰ ਨਹੀਂ ਮਿਲਿਆ। ਪੈਰਿਸ 2024 ਓਲੰਪਿਕ ਵਿੱਚ ਸਪੇਨ ਦੇ ਖ਼ਿਲਾਫ਼ 2-1 ਦੀ ਜਿੱਤ ਦੇ ਨਾਲ, ਭਾਰਤ ਨੇ ਨਾ ਸਿਰਫ ਪੁਰਸ਼ ਹਾਕੀ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸਗੋਂ 1972 ਤੋਂ ਬਾਅਦ ਪਹਿਲੀ ਵਾਰ ਲਗਾਤਾਰ ਓਲੰਪਿਕ ਪੋਡੀਅਮ ਫਾਈਨਲ ਵਿੱਚ ਵੀ ਜਗ੍ਹਾ ਬਣਾਈ। ਇਸ ਜਿੱਤ ਨਾਲ ਦੇਸ਼ ਭਰ ਵਿੱਚ ਇਸ ਖੇਡ ਦੀ ਤਰੱਕੀ ਲਈ ਬਹੁਤ ਵੱਡਾ ਹੁੰਗਾਰਾ ਮਿਲੇਗਾ।

ਹਰਮਨਪ੍ਰੀਤ ਸਿੰਘ ਨੇ ਪ੍ਰਸ਼ੰਸਕਾਂ ਨਾਲ ਕੀਤਾ ਵਾਅਦਾ

ਇਸ ਮੌਕੇ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਵਤਨ ਪਰਤਦਿਆਂ ਕਿਹਾ, “ਇੱਕ ਤਮਗਾ ਇੱਕ ਤਮਗਾ ਹੁੰਦਾ ਹੈ ਅਤੇ ਇਸ ਨੂੰ ਜਿੱਤਣਾ ਦੇਸ਼ ਲਈ ਵੱਡੀ ਗੱਲ ਹੁੰਦੀ ਹੈ। ਅਸੀਂ ਫਾਈਨਲ ਵਿੱਚ ਪਹੁੰਚ ਕੇ ਸੋਨ ਤਮਗਾ ਜਿੱਤਣ ਦੀ ਕੋਸ਼ਿਸ਼ ਕੀਤੀ, ਪਰ ਬਦਕਿਸਮਤੀ ਨਾਲ ਸਾਡਾ ਸੁਪਨਾ ਸਾਕਾਰ ਨਹੀਂ ਹੋਇਆ। ਪਰ ਅਸੀਂ ਖਾਲੀ ਹੱਥ ਨਹੀਂ ਪਰਤੇ, ਲਗਾਤਾਰ ਮੈਡਲ ਜਿੱਤਣਾ ਵੀ ਆਪਣੇ-ਆਪ ਵਿੱਚ ਇੱਕ ਰਿਕਾਰਡ ਹੈ। ਸਾਨੂੰ ਜੋ ਪਿਆਰ ਮਿਲਿਆ ਹੈ ਉਹ ਬਹੁਤ ਵੱਡੀ ਗੱਲ ਹੈ। ਇਹ ਸ਼੍ਰੀਜੇਸ਼ ਲਈ ਭਾਵੁਕ ਪਲ ਸੀ ਕਿਉਂਕਿ ਉਹ ਆਪਣਾ ਆਖ਼ਰੀ ਮੈਚ ਖੇਡ ਰਿਹਾ ਸੀ। ਉਹ ਰਿਟਾਇਰਡ ਹੋ ਚੁੱਕਿਆ ਹੈ, ਪਰ ਉਹ ਸਾਡੇ ਨਾਲ ਰਹੇਹਾ।”

ਹਰਮਨਪ੍ਰੀਤ ਸਿੰਘ ਨੇ ਅੱਗੇ ਕਿਹਾ, “ਮੈਂ ਭਾਰਤ ਸਰਕਾਰ, ਭਾਰਤੀ ਖੇਡ ਅਥਾਰਟੀ ਅਤੇ ਓਡੀਸ਼ਾ ਸਰਕਾਰ ਦਾ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਕਰਦਾ ਹਾਂ। ਸਾਨੂੰ ਜੋ ਪਿਆਰ ਮਿਲ ਰਿਹਾ ਹੈ ਉਹ ਸਾਡੀ ਜ਼ਿੰਮੇਵਾਰੀ ਨੂੰ ਦੁੱਗਣਾ ਕਰ ਰਿਹਾ ਹੈ, ਅਸੀਂ ਜਦੋਂ ਵੀ ਖੇਡਾਂਗੇ ਦੇਸ਼ ਲਈ ਤਗਮੇ ਜਿੱਤਣ ਦੀ ਕੋਸ਼ਿਸ਼ ਕਰਾਂਗੇ।”

ਇਹ ਵੀ ਪੜ੍ਹੋ –  ਅਮਨ ਸਹਿਰਾਵਤ ਨੇ ਸਿਰਫ 10 ਘੰਟਿਆਂ ‘ਚ ਘਟਾਇਆ 4.6 ਕਿਲੋ ਭਾਰ