International Punjab

ਕੈਨੇਡਾ ‘ਤੇ ਭਾਰਤ ਸਰਕਾਰ ਦਾ ਵੱਡਾ ਅਤੇ ਸਖਤ ਫੈਸਲਾ ! ਕੈਨੇਡੀਅਨ ਨਾਗਰਿਕਾਂ ਨੂੰ ਨਹੀਂ ਮਿਲੇਗਾ ਭਾਰਤ ਦਾ ਵੀਜ਼ਾ ! ਇਸ ਦਿਨ ਤੋਂ ਅਣਮਿੱਥੇ ਸਮੇਂ ਲਈ ਰੋਕ !

ਬਿਉਰੋ ਰਿਪੋਰਟ : ਕੈਨੇਡਾ ਅਤੇ ਭਾਰਤ ਦੇ ਰਿਸ਼ਤੇ ਵਿੱਚ ਤਣਾਅ ਵਿਚਾਲੇ ਮੋਦੀ ਸਰਕਾਰ ਨੇ ਇੱਕ ਹੋਰ ਵੱਡਾ ਕਦਮ ਚੁੱਕਿਆ ਹੈ । ਭਾਰਤ ਨੇ ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ਾ ਸਰਵਿਸ ਨੂੰ ਸਸਪੈਂਡ ਕਰ ਦਿੱਤਾ ਹੈ । ਵੀਜ਼ਾ ਸਰਵਿਸ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੀ ਗਈ ਹੈ । ਯਾਨੀ ਕਿ ਅਗਲੇ ਹੁਕਮਾਂ ਤੱਕ ਹੁਣ ਕੈਨੇਡਾ ਦੇ ਨਾਗਰਿਕਾਂ ਨੂੰ ਭਾਰਤ ਲਈ ਵੀਜ਼ਾ ਨਹੀਂ ਦਿੱਤਾ ਜਾਵੇਗਾ । ਹੁਣ ਤੱਕ ਇਸ ਦਾ ਕੋਈ ਅਧਿਕਾਰਿਕ ਐਲਾਨ ਨਹੀਂ ਹੋਇਆ ਹੈ ਪਰ ਕੈਨੇਡਾ ਵਿੱਚ ਵੀਜ਼ਾ ਕੇਂਦਰਾਂ ਨੂੰ ਸੰਭਾਲਣ ਵਾਲੀ BSL ਇੰਟਰਨੈਸ਼ਨਲ ਨੇ ਆਪਣੀ ਅਧਿਕਾਰਿਕ ਵੈੱਬਸਾਈਟ ‘ਤੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਭਾਰਤੀ ਮਿਸ਼ਨ ਵੱਲੋਂ ਮਹੱਤਪੂਰਨ ਸੂਚਨਾ ਆਪਰੇਸ਼ਨਲ ਕਾਰਨਾਂ ਕਰਕੇ ਭਾਰਤ ਦੀਆਂ ਵੀਜ਼ਾ ਸੇਵਾਵਾਂ 21 ਸਤੰਬਰ 2023 ਤੋਂ ਅਗਲੀ ਸੂਚਨਾ ਤੱਕ ਬੰਦ ਕਰ ਦਿੱਤੀਆਂ ਗਈਆਂ ਹਨ। ਹਿੰਦੂਸਤਾਨ ਟਾਈਮਸ ਦੀ ਖਬਰ ਦੇ ਮੁਤਾਬਿਕ ਕੈਨੇਡਾ ਵਿੱਚ ਭਾਰਤੀ ਅਫਸਰਾਂ ਨੇ ਇਸ ਦੀ ਤਸਦੀਕ ਵੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਦਿਸ਼ਾ-ਨਿਰਦੇਸ਼ ਸਾਫ ਹਨ ਕੋਵਿਡ -19 ਤੋਂ ਬਾਅਦ ਪਹਿਲੀ ਵਾਰ ਭਾਰਤ ਨੇ ਵੀਜ਼ਾ ਸਰਵਿਸ ਨੂੰ ਬੰਦ ਕੀਤਾ ਹੈ ।

ਹਰਦੀਪ ਸਿੰਘ ਨਿੱਝਰ ਮਾਮਲੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜਿਸ ਤਰ੍ਹਾਂ ਨਾਲ ਭਾਰਤੀ ਏਜੰਟਾਂ ਨੂੰ ਜ਼ਿੰਮੇਵਾਰ ਦੱਸਿਆ ਗਿਆ ਸੀ ਉਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵੱਲੋਂ ਲਗਾਤਾਰ ਸਖਤ ਫੈਸਲੇ ਲਏ ਜਾ ਰਹੇ ਹਨ ।
ਕੈਨੇਡਾ ਦੀ ਵਿਦੇਸ਼ ਮੰਤਰੀ ਨੇ ਸਭ ਤੋਂ ਪਹਿਲਾਂ ਕੈਨੇਡਾ ਵਿੱਚ ਭਾਰਤੀ ਡਿਪਲੋਮੈਟ ਨੂੰ ਦੇਸ਼ ਤੋਂ ਵਾਪਸ ਭੇਜਣ ਦਾ ਫੈਸਲਾ ਸੁਣਾਇਆ ਤਾਂ ਭਾਰਤ ਵੱਲੋਂ ਵੀ ਕੈਨੇਡਾ ਦੇ ਸਫੀਰ ਨੂੰ ਵਾਪਸ ਭੇਜਿਆ ਗਿਆ । ਇਸ ਤੋਂ ਬਾਅਦ ਕੈਨੇਡਾ ਸਰਕਾਰ ਨੇ ਭਾਰਤ ਵਿੱਚ ਮੌਜੂਦ ਆਪਣੇ ਨਾਗਰਿਕਾਂ ਦੇ ਲਈ ਐਡਵਾਇਜ਼ਰੀ ਜਾਰੀ ਕਰਦੇ ਹੋਏ ਕਿਹਾ ਕਿ ਉਹ ਮਣੀਪੁਰ,ਜੰਮੂ-ਕਸ਼ਮੀਰ ਅਤੇ ਅਸਾਮ ਨਾ ਜਾਣ । ਤਾਂ ਕੁਝ ਹੀ ਮਿੰਟਾਂ ਵਿੱਚ ਭਾਰਤ ਸਰਕਾਰ ਨੇ ਵੀ ਐਡਵਾਇਜ਼ਰੀ ਜਾਰੀ ਕਰਦੇ ਹੋਏ ਕੈਨੇਡਾ ਵਿੱਚ ਮੌਜੂਦ ਭਾਰਤੀ ਨਾਗਰਿਕਾਂ ਨੂੰ ਹਦਾਇਤਾਂ ਦਿੱਤੀਆਂ ਕਿ ਉਹ ਉਨ੍ਹਾਂ ਇਲਾਕਿਆਂ ਵਿੱਚ ਨਾ ਜਾਣ ਜਿੱਥੇ ਖਾਲਿਸਤਾਨੀ ਹਮਾਇਤੀ ਜ਼ਿਆਦਾ ਹਨ ।

ਇਨ੍ਹਾਂ ਦੋ ਫੈਸਲਿਆਂ ਤੋਂ ਬਾਅਦ ਜਿਹੜਾ ਭਾਰਤ ਵੱਲੋਂ ਚੀਜ਼ਾ ਫੈਸਲਾ ਲਿਆ ਗਿਆ ਹੈ ਉਹ ਬਹੁਤ ਹੀ ਸਖਤ ਹੈ । 21 ਸਤੰਬਰ ਤੋਂ ਕੈਨੇਡਾ ਦੇ ਨਾਗਰਿਕਾਂ ਨੂੰ ਅਣਮਿੱਥੇ ਸਮੇਂ ਲਈ ਵੀਜ਼ਾ ਨਾ ਦੇਣ ਦਾ ਐਲਾਨ ਕੀਤਾ ਗਿਆ ਹੈ । ਇਸ ਫੈਸਲੇ ਤੋਂ ਬਾਅਦ ਜਿਹੜੇ ਭਾਰਤੀ ਅਤੇ ਪੰਜਾਬ ਕੈਨੇਡਾ ਦੇ ਨਾਗਰਿਕ ਬਣ ਚੁੱਕੇ ਹਨ ਉਨ੍ਹਾਂ ਨੂੰ ਭਾਰਤ ਆਉਣ ਲਈ ਵੀਜ਼ਾ ਨਹੀਂ ਮਿਲੇਗਾ । ਜੇਕਰ ਇਸ ਦੇ ਵਿਰੋਧ ਵਿੱਚ ਕੈਨੇਡਾ ਸਰਕਾਰ ਵੀ ਅਜਿਹਾ ਹੀ ਸਖਤ ਫੈਸਲਾ ਲੈਂਦੀ ਹੈ ਤਾਂ ਕੈਨੇਡਾ ਪੜਾਈ ਅਤੇ ਬਿਜਨੈਸ ਕਰਨ ਵਾਲੇ ਨਾਗਰਿਕਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ । ਕਈਆਂ ਨੇ ਆਪਣੇ ਮਾਪਿਆਂ ਦਾ ਵੀਜ਼ਾ ਅਪਲਾਈ ਕੀਤਾ ਹੋਣਾ ਹੈ। ਕਈ ਵਿਦਿਆਰਥੀ ਵੀਜ਼ਾ ਮਿਲਣ ਦੀ ਉਡੀਕ ਕਰ ਰਹੇ ਹਨ ।

ਦੋਵੇ ਦੇਸ਼ਾਂ ਦੀ ਕੁੜਤਨ ਦਾ ਅਸਰ ਹੁਣ ਜ਼ਮੀਨੀ ਪੱਧਰ ‘ਤੇ ਵੀ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ । ਜੇਕਰ ਇਸ ਨੂੰ ਜਲਦ ਨਹੀਂ ਸੁਲਝਾਇਆ ਗਿਆ ਤਾਂ ਇਸ ਦਾ ਅਸਰ ਹੋਲੀ-ਹੋਲੀ ਅਰਥਚਾਰੇ ‘ਤੇ ਵੀ ਨਜ਼ਰ ਆਏਗਾ,ਜਿਸ ਤੋਂ ਪਛਤਾਉਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਹੋਵੇਗਾ ।