International

ਆਸਟ੍ਰੇਲੀਆ ਦੀ ਸਿੱਖ ਜਥੇਬੰਦੀ ਨੇ ਨਿੱਝਰ ਮਾਮਲੇ ‘ਚ ਕੈਨੇਡਾ ਦੇ ਖੁਲਾਸੇ ‘ਤੇ ਦਿੱਤਾ ਵੱਡਾ ਬਿਆਨ !

 

ਬਿਉਰੋ ਰਿਪੋਰਟ : ਭਾਰਤੀ ਵਿਦੇਸ਼ ਮੰਤਰਾਲੇ ਨੇ ਨਿੱਝਰ ਮਾਮਲੇ ਵਿੱਚ ਦੂਜੇ ਦੇਸ਼ਾਂ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਹੈ । ਪਰ ਵਿਦੇਸ਼ ਵਿੱਚ ਵਸ ਰਹੇ ਸਿੱਖਾਂ ਨੇ ਜ਼ਰੂਰ ਇਸ ‘ਤੇ ਚਿੰਤਾ ਜਤਾਈ ਹੈ। ਸਿੱਖ ਆਫ ਆਸਟ੍ਰੇਲੀਆ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਅਸੀਂ ਕੈਨੇਡਾ ਦੀ ਧਰਤੀ ‘ਤੇ ਭਾਰਤੀ ਏਜੰਟਾਂ ਵੱਲੋਂ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਨਿਖੇਦੀ ਕਰਦੇ ਹਾਂ । ਇਹ ਸਿੱਖਾਂ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ ।

ਸਿੱਖ ਆਫ ਆਸਟ੍ਰੇਲੀਆ ਜਥੇਬੰਦੀ ਨੇ ਕਿਹਾ ਆਸਟ੍ਰੇਲੀਆ ਦੇ ਸਿੱਖ ਭਾਈਚਾਰਕ ਸਾਂਝ ਅਤੇ ਸ਼ਾਂਤੀ ਵਿੱਚ ਵਿਸ਼ਵਾਸ਼ ਰੱਖਣ ਦੀ ਵਕਾਲਤ ਦੇ ਨਾਲ ਕਿਸੇ ਵੀ ਦੇਸ਼ ਦੇ ਅੰਦਰੂਨੀ ਮਾਮਲੇ ਵਿੱਚ ਦਖਲ ਦੇਣ ਦੇ ਖਿਲਾਫ ਹਨ। ਪਰ ਕੈਨੇਡਾ ਦੀ ਧਰਤੀ ‘ਤੇ ਜਿਸ ਤਰ੍ਹਾਂ ਨਾਲ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦਾ ਕਤਲ ਹੋਇਆ ਹੈ ਉਸ ਨਾਲ ਪੂਰੀ ਦੁਨੀਆ ਵਿੱਚ ਵਸ ਰਹੇ ਸਿੱਖਾਂ ਦੀ ਸੁਰੱਖਿਆ ਅਤੇ ਆਪਸੀ ਭਾਈਚਾਰੇ ਨੂੰ ਗਹਿਰੀ ਸੱਟ ਲਗੀ ਹੈ।

ਕੈਨੇਡਾ ਸਰਕਾਰ ਨੇ ਹਰਦੀਪ ਸਿੰਘ ਨਿੱਝਰ ਦੇ ਮਾਮਲੇ ਵਿੱਚ ਜਿਸ ਨਾਲ ਭਾਰਤੀ ਏਜੰਸੀਆਂ ‘ਤੇ ਸਵਾਲ ਚੁੱਕੇ ਹਨ ਉਹ ਕਾਫੀ ਚਿੰਤਾਜਨਕ ਹਨ। ਇਹ ਇਨਸਾਫ ਪਸੰਦ ਲੋਕਾਂ ਨੂੰ ਬਿਲਕੁਲ ਵੀ ਕਬੂਲ ਨਹੀਂ ਹੈ ਅਤੇ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ । ਅਸੀਂ ਇਸ ਮਾਮਲੇ ਵਿੱਚ ਜਿਸ ਤਰ੍ਹਾਂ ਨਾਲ ਕੈਨੇਡਾ ਸਰਕਾਰ ਨੇ ਜਾਂਚ ਕੀਤੀ ਹੈ ਉਸ ਦੀ ਤਾਰੀਫ ਕਰਦੇ ਹਾਂ,ਕੈਨੇਡਾ ਹਮੇਸ਼ਾ ਤੋਂ ਇਨਸਾਫ ਅਤੇ ਬੋਲਣ ਦੀ ਅਜ਼ਾਦੀ ਦੇ ਲਈ ਜਾਣਿਆ ਜਾਂਦਾ ਹੈ।

ਸਿੱਖ ਆਫ ਆਸਟ੍ਰੇਲੀਆ ਜਥੇਬੰਦੀ ਨੇ ਆਪਣੀ ਸਰਕਾਰ ਨੂੰ ਅਪੀਲ ਕੀਤੀ ਕਿ ਮੁਲਕ ਵਿੱਚ ਸਿੱਖਾਂ ਦੀ ਸੁਰੱਖਿਆ ਵੱਲ ਖਾਸ ਧਿਆਨ ਦਿੱਤਾ ਜਾਵੇ। ਉਨ੍ਹਾਂ ਕਿਹਾ ਸਿੱਖ ਆਪਣੇ ਘਰਾਂ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਰਹਿੰਦੇ ਹਨ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਉਨ੍ਹਾਂ ਦੇ ਨਾਲ ਆਸਟ੍ਰੇਲੀਆ ਵਿੱਚ ਅਜਿਹਾ ਨਾ ਹੋਵੇ। ਅਸੀਂ ਉਮੀਦ ਕਰਦੇ ਹਾਂ ਕਿ ਆਸਟ੍ਰੇਲੀਆ ਦੀ ਸਰਕਾਰ ਇਸ ਦਾ ਖਾਸ ਧਿਆਨ ਰੱਖੇਗੀ । ਸਿੱਖ ਆਫ ਆਸਟ੍ਰੇਲੀਆ ਨੇ ਕਿਹਾ ਕਿ ਅਸੀਂ ਆਸਟ੍ਰੇਲੀਆ ਅਤੇ ਕੈਨੇਡਾ ਦੀ ਸਰਕਾਰ ਨੂੰ ਇਸ ਮੁੱਦੇ ‘ਤੇ ਗੱਲਬਾਤ ਕਰਨ ਦੀ ਅਪੀਲ ਕਰਦੇ ਹਾਂ ਤਾਂਕੀ ਕੈਨੇਡਾ ਦੀ ਧਰਤੀ ‘ਤੇ ਗੁਨਾਹ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲ ਸਕੇ। ਜਥੇਬੰਦੀ ਨੇ ਕਿਹਾ ਕਿ ਅਸੀਂ ਸਾਰੇ ਮਿਲਕੇ ਇਸ ਬੇਇਨਸਾਫੀ ਦੇ ਖਿਲਾਫ ਲੜਾਂਗੇ ਅਤੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਕਰਾਂਗੇ ।

‘ਆਸਟ੍ਰੇਲੀਆ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਦੀ ਸਾਜਿਸ਼ ਬੇਨਕਾਬ’

ਸਿੱਖ ਆਫ ਆਸਟ੍ਰੇਲੀਆ ਨੇ ਕਿਹਾ ਸਾਡੇ ਦੇਸ਼ ਵਿੱਚ ਵੀ ਸਿੱਖਾਂ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚੀ ਗਈ ਸੀ । ਜਿਸ ਦਾ ਖੁਲਾਸਾ ਬੇਬਿਸ਼ਨ ਸਿੰਘ ਗੋਰਾਇਆ ਦੀ RTI ਵਿੱਚ ਹੋਇਆ ਹੈ । RTI ਵਿੱਚ ਕੁਈਨਲੈਂਡ ਪੁਲਿਸ ਵੱਲੋਂ ਬ੍ਰਿਸਬੇਨ ਅਤੇ ਮੈਲਬੋਰਨ ਵਿੱਚ ਹਿੰਦੂ ਮੰਦਰਾਂ ਵਿੱਚ ਹੋਏ ਹਮਲੇ ਦੀ ਜਾਣਕਾਰੀ ਮੰਗੀ ਗਈ ਸੀ । ਜਿਸ ਵਿੱਚ ਸਾਹਮਣੇ ਆਇਆ ਹੈ ਕਿ ਇਸ ਦੇ ਪਿੱਛੇ ਭਾਰਤੀ ਏਜੰਸੀਆਂ ਦੀ ਸਾਜਿਸ਼ ਸੀ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ । ਕੁਈਨਲੈਂਡ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਕੁਝ ਹਿੰਦੂ ਭਾਈਚਾਰੇ ਦੇ ਲੋਕ ਹੀ ਇਸ ਕੰਮ ਵਿੱਚ ਸ਼ਾਮਲ ਸਨ ਇਸੇ ਲਈ ਉਨ੍ਹਾਂ ਨੇ ਘਟਨਾ ਤੋਂ ਪਹਿਲਾਂ ਹੀ ਸੀਸੀਟੀਵੀ ਬੰਦ ਕਰ ਦਿੱਤੇ ਗਏ ਸਨ ।

ਸਿੱਖ ਆਫ ਆਸਟ੍ਰੇਲੀਆ ਨੇ ਦੇਸ਼ ਦੀ ਪੁਲਿਸ ਵੱਲੋਂ ਕੀਤੀ ਗਈ ਜਾਂਚ ਦੇ ਨਤੀਜੇ ਦਾ ਸੁਆਗਤ ਕੀਤਾ ਹੈ । ਉਨ੍ਹਾਂ ਨੇ ਕਿਹਾ ਜੇਕਰ ਮੁੜ ਤੋਂ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਤਾਂ ਪੁਲਿਸ ਪੁਰਾਣੇ ਨਤੀਜੇ ਵੱਲ ਧਿਆਨ ਜ਼ਰੂਰ ਦੇਵੇਗੀ । ਜਥੇਬੰਦੀ ਨੇ ਇਲਜ਼ਾਮ ਲਗਾਇਆ ਕਿ ਭਾਰਤੀ ਏਜੰਟ ਆਸਟ੍ਰੇਲਿਆ ਵਿੱਚ ਵੀ ਲੋਕਾਂ ਨੂੰ ਵੰਡਣ ਦਾ ਕੰਮ ਕਰ ਰਹੇ ਹਨ,ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।

ਸਿੱਖ ਆਫ ਆਸਟ੍ਰੇਲੀਆ ਨੇ ਕਿਹਾ ਕੋਵਿਡ 19 ਵਿੱਚ ਜਿਸ ਤਰ੍ਹਾਂ ਸਿੱਖਾਂ ਨੇ ਵੱਧ ਚੜਕੇ ਲੋਕਾਂ ਦੀ ਸੇਵਾ ਕੀਤੀ ਪੂਰੀ ਦੁਨੀਆ ਵਿੱਚ ਉਨ੍ਹਾਂ ਦਾ ਕੱਦ ਵਧਿਆਂ ਉਸ ਨੂੰ ਬਦਨਾਮ ਕਰਨ ਦੀਆਂ ਹੁਣ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ । ਕਦੇ ਮੰਦਰਾਂ ‘ਤੇ ਏਜੰਸੀਆਂ ਵੱਲੋਂ ਆਪ ਹੀ ਨਾਅਰੇ ਲਿੱਖ ਦਿੱਤੇ ਜਾਂਦੇ ਹਨ ਅਤੇ ਫਿਰ ਜਾਂਚ ਵਿੱਚ ਇਸ ਦਾ ਖੁਲਾਸਾ ਹੁੰਦਾ ਹੈ । ਜਥੇਬੰਦੀ ਨੇ ਕਿਹਾ ਅਸੀਂ ਅਪੀਲ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਸਿਆਸੀ ਕਤਲ ਦਾ ਵਿਰੋਧ ਹੋਣਾ ਚਾਹੀਦਾ ਹੈ ਅਤੇ ਜਿੰਨਾਂ ਨੇ ਇਸ ਨੂੰ ਅੰਜਾਮ ਦਿੱਤਾ ਹੈ ਉਨ੍ਹਾਂ ਨੂੰ ਸਖਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ ਤਾਂਕੀ ਇਨਸਾਫ ਹੋ ਸਕੇ।