‘ਦ ਖ਼ਾਲਸ ਬਿਊਰੋ:- ਪੂਰੀ ਦੁਨੀਆ ‘ਚ ਕੋਰੋਨਾ ਪੀੜਤਾਂ ਦੀ ਗਿਣਤੀ ਬੇਕਾਬੂ ਹੋ ਚੁੱਕੀ ਹੈ। ਅਜਿਹੇ ਹਾਲਾਤਾਂ ‘ਚ ਸਿਹਤ ਵਿਭਾਗ ਸਮੇਤ ਪੂਰੀ ਦੁਨੀਆ ਦੀਆਂ ਨਜ਼ਰਾਂ ਕੋਰੋਨਾ ਵੈਕਸੀਨ ‘ਤੇ ਟਿਕੀਆਂ ਹੋਈਆਂ ਹਨ। ਭਾਰਤ ਸਰਕਾਰ ਰੂਸ ਤੋਂ ਪਹਿਲੀ ਖੇਪ ‘ਚ 50 ਲੱਖ ਕੋਵਿਡ-19 ਦੀ ਸਪੂਤਨੀਕ ਵੈਕਸੀਨ ਨੂੰ ਖਰੀਦਣ ਦੀ ਯੋਜਨਾ ਬਣਾ ਰਿਹਾ ਹੈ। ਸਰਕਾਰ ਨੇ ਕੋਰੋਨਾ ਖਿਲਾਫ ਫਰੰਟ ਲਾਈਨ ‘ਤੇ ਤਾਇਨਾਤ ਕਰਮੀਆਂ, ਸੈਨਾ ਦੇ ਜਵਾਨਾਂ ਤੇ ਕੁੱਝ ਖਾਸ ਸ਼੍ਰੇਣੀ ਦੇ ਲੋਕਾਂ ਲਈ 50 ਲੱਖ ਵੈਕਸੀਨ ਖਰੀਦਣ ਦੀ ਯੋਜਨਾ ਬਣਾਈ ਹੈ।
ਭਾਰਤ ਸਰਕਾਰ ਵੈਕਸੀਨ ਨੂੰ ਵੱਡੇ ਪੱਧਰ ‘ਤੇ ਵੰਡਣਾ ਚਾਹੁੰਦੀ ਹੈ ਤਾਂ ਜੋ ਇਸ ਨੂੰ ਜਲਦੀ ਤੋਂ ਜਲਦੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਦੇਸ਼ ਦੇ 74ਵੇਂ ਸੁਤੰਤਰਤਾ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਲਾਲ ਕਿਲ੍ਹੇ ਤੋਂ ਕੋਰੋਨਾਵਾਇਰਸ ਟੀਕੇ ਬਾਰੇ ਦੱਸਿਆ। ਮੋਦੀ ਨੇ ਕਿਹਾ ਕਿ ਇਸ ਸਮੇਂ ਭਾਰਤ ਵਿੱਚ ਤਿੰਨ ਟੀਕਿਆਂ ਦੀ ਖੋਜ ਚੱਲ ਰਹੀ ਹੈ।
ਭਾਰਤ ਵਿੱਚ ਕੋਰੋਨਾਵਾਇਰਸ ਟੀਕੇ ‘ਤੇ ਤਿੰਨ ਕੰਪਨੀਆਂ ਕੰਮ ਕਰ ਰਹੀਆਂ ਹਨ। ਇਹ ਕੰਪਨੀਆਂ ਮਨੁੱਖੀ ਟ੍ਰਾਇਲ ਦੇ ਦੂਜੇ ਤੇ ਤੀਜੇ ਪੜਾਅ ‘ਤੇ ਕੰਮ ਕਰ ਰਹੀਆਂ ਹਨ। ਹਾਲਾਂਕਿ ਟ੍ਰਾਇਲ ਦੇ ਤੀਜੇ ਪੜਾਅ ਨੂੰ ਪੂਰਾ ਕਰਨ ਲਈ ਅਜੇ ਥੋੜ੍ਹਾ ਸਮਾਂ ਹੈ। ਤੀਜਾ ਟ੍ਰਾਇਲ ਪੂਰਾ ਹੁੰਦੇ ਹੀ ਲੋਕਾਂ ਨੂੰ ਟੀਕਾ ਉਪਲੱਬਧ ਹੋਵੇਗਾ।
ਭਾਰਤ ਵਿੱਚ ਅਲੱਗ-ਅਲੱਗ ਸਿਹਤ ਸੰਗਠਨ ਕੋਰੋਨਾ ਵੈਕਸੀਨ ਤਿਆਰ ਕਰ ਰਹੇ ਹਨ। ਭਾਰਤ ਬਾਇਓਟੈਕ ਤੇ ICMR ‘Covaxin’ ਦੇ ਨਾਂ ਹੇਠ ਟੀਕਾ ਬਣਾ ਰਹੇ ਹਨ। ਜ਼ਾਇਡਸ ਕੈਡਿਲਾ ‘ਜ਼ਾਇਕੋਵ-ਡੀ’ (ZyCoV-D) ਦੇ ਨਾਂ ਹੇਠ ਇੱਕ ਟੀਕਾ ਬਣਾ ਰਹੀ ਹੈ। ਸੀਰਮ ਇੰਸਟੀਚਿਊਟ ਆਫ ਇੰਡੀਆ ਤੇ ਆਕਸਫੋਰਡ-ਐਸਟਰਾਜ਼ੇਨੇਕਾ ਮਿਲਕੇ ‘ਕੋਵੀਸ਼ਿਲਡ’ (AZD 1222) ਟੀਕੇ ‘ਤੇ ਕੰਮ ਕਰ ਰਹੇ ਹਨ।