The Khalas Tv Blog India ਭਾਰਤ ਨੇ ਯੂਕੇ ਦੇ ਯਾਤਰੀਆਂ ਲਈ ਈ-ਵੀਜ਼ਾ ਪ੍ਰਣਾਲੀ ਨੂੰ ਕੀਤਾ ਬਹਾਲ
India International

ਭਾਰਤ ਨੇ ਯੂਕੇ ਦੇ ਯਾਤਰੀਆਂ ਲਈ ਈ-ਵੀਜ਼ਾ ਪ੍ਰਣਾਲੀ ਨੂੰ ਕੀਤਾ ਬਹਾਲ

ਲੰਡਨ : ਭਾਰਤ ਨੇ ਇੰਗਲੈਂਡ ਦੇ ਯਾਤਰੀਆਂ ਲਈ ਈ-ਵੀਜ਼ਾ ਪ੍ਰਣਾਲੀ ਨੂੰ ਬਹਾਲ ਕੀਤਾ ਹੈ। ਇਹ ਐਲਾਨ ਭਾਰਤੀ ਹਾਈ ਕਮਿਸ਼ਨ ਨੇ ਲੰਡਨ ਵਿਚ ਕੀਤਾ ਹੈ । ਭਾਰਤ ਦੀ ਯਾਤਰਾ ਕਰਨ ਦੇ ਚਾਹਵਾਨ ਬ੍ਰਿਟਿਸ਼ ਯਾਤਰੀਆਂ ਲਈ ਇਲੈਕਟ੍ਰਾਨਿਕ ਵੀਜ਼ਾ ਪ੍ਰਕਿਰਿਆ ਬਹਾਲ ਹੋ ਗਈ ਹੈ। ਪਿਛਲੇ ਕੁਝ ਮਹੀਨਿਆਂ ਵਿੱਚ ਭਾਰਤ ਵਿੱਚ ਵੀਜ਼ਿਆਂ ਦੀ ਵੱਡੀ ਮੰਗ ਦੇ ਵਿਚਕਾਰ ਇਸ ਕਦਮ ਦਾ ਵਿਆਪਕ ਤੌਰ ‘ਤੇ ਸਵਾਗਤ ਕੀਤੇ ਜਾਣ ਦੀ ਸੰਭਾਵਨਾ ਹੈ।

ਬ੍ਰਿਟੇਨ ‘ਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੁਰਾਈਸਵਾਮੀ ਨੇ ਕਿਹਾ ਕਿ ਇਹ ਸੇਵਾ ਤੁਰੰਤ ਸ਼ੁਰੂ ਹੋ ਜਾਵੇਗੀ। ਲੰਡਨ ਵਿੱਚ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਯਾਤਰੀ ਇਸ ਹਫ਼ਤੇ ਤੋਂ ਭਾਰਤ ਆਉਣ ਲਈ ਈ-ਵੀਜ਼ਾ ਲਈ ਅਰਜ਼ੀ ਦੇਣਾ ਸ਼ੁਰੂ ਕਰ ਸਕਦੇ ਹਨ।

ਉਨ੍ਹਾਂ ਕਿਹਾ ਕਿ ਸਿਸਟਮ ਨੂੰ ਅਪਗ੍ਰੇਡ ਕਰਨ ਦੀ ਪ੍ਰਕਿਰਿਆ ਜਾਰੀ ਹੈ ਅਤੇ ਭਾਰਤੀ ਵੀਜ਼ਾ ਵੈੱਬਸਾਈਟ ਜਲਦੀ ਹੀ ਈ-ਵੀਜ਼ਾ ਅਰਜ਼ੀਆਂ ਨੂੰ ਸਵੀਕਾਰ ਕਰੇਗੀ।
ਦੁਰਾਈਸਵਾਮੀ ਨੇ ਟਵਿੱਟਰ ‘ਤੇ ਇਕ ਵੀਡੀਓ ਰਾਹੀਂ ਕਿਹਾ, ”ਅੱਜ ਦੀ ਵੱਡੀ ਖਬਰ ਇਹ ਹੈ ਕਿ ਅਸੀਂ ਇਕ ਵਾਰ ਫਿਰ ਈ-ਵੀਜ਼ਾ ਸ਼ੁਰੂ ਕਰਨ ਜਾ ਰਹੇ ਹਾਂ। ਇਸ ਨਾਲ ਬਰਤਾਨੀਆ ਦੇ ਦੋਸਤ ਮੁਕਾਬਲਤਨ ਆਸਾਨੀ ਨਾਲ ਭਾਰਤ ਦੀ ਯਾਤਰਾ ਕਰ ਸਕਣਗੇ।

ਇਸ ਐਲਾਨ ਦੀ ਸ਼ਲਾਘਾ ਹੋ ਰਹੀ ਹੈ। ਇਸ ਮੁੱਦੇ ਨੂੰ ਬ੍ਰਿਟਿਸ਼ ਸੰਸਦ ਵਿੱਚ ਉਠਾਇਆ ਗਿਆ ਸੀ ਤੇ ਪਿਛਲੇ ਮਹੀਨੇ ਇੰਡੋਨੇਸ਼ੀਆ ਵਿੱਚ ਜੀ-20 ਸੰਮੇਲਨ ਦੌਰਾਨ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਮੁਲਾਕਾਤ ਦੌਰਾਨ ਵੀ ਇਸ ਵਿਸ਼ੇ ‘ਤੇ ਗੱਲਬਾਤ ਹੋਈ ਸੀ।

ਈ-ਵੀਜ਼ਾ ਦੀ ਘੋਸ਼ਣਾ ਤੋਂ ਪਹਿਲਾਂ, ਭਾਰਤੀ ਵੀਜ਼ਾ ਪ੍ਰਕਿਰਿਆ ਨੂੰ ਮਜ਼ਬੂਤ ਕਰਨ ਲਈ ਹੋਰ ਵੀ ਕਈ ਕਦਮ ਚੁੱਕੇ ਗਏ ਸਨ। ਇਨ੍ਹਾਂ ਵਿੱਚ ਕੇਂਦਰੀ ਲੰਡਨ ਵਿੱਚ ਇੱਕ ਨਵਾਂ ਭਾਰਤੀ ਵੀਜ਼ਾ ਕੇਂਦਰ ਖੋਲ੍ਹਣਾ ਅਤੇ ‘ਘਰ ਵਿੱਚ ਵੀਜ਼ਾ’ ਦੀ ਸਹੂਲਤ ਸ਼ੁਰੂ ਕਰਨਾ ਸ਼ਾਮਲ ਹੈ। ਕੋਵਿਡ ਮਹਾਂਮਾਰੀ ਦੇ ਬਾਅਦ ਯੂਕੇ ਤੋਂ ਭਾਰਤ ਦੀ ਯਾਤਰਾ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਇਹ ਕਦਮ ਚੁੱਕੇ ਜਾ ਰਹੇ ਹਨ।

Exit mobile version