‘ਦ ਖ਼ਾਲਸ ਬਿਊਰੋ:- ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਦਿੱਲੀ ਦੀ ਫਾਰਮਾ ਕੰਪਨੀ ਨੇ ਕੋਰੋਨਾਵਾਇਰਸ ਤੋਂ ਬਚਣ ਲਈ ਭਾਰਤ ਦੀ ਪਹਿਲੀ ਰੈਪਿਡ ਟੈਸਟ ਕਿੱਟ ਤਿਆਰ ਕਰ ਲਈ ਹੈ। ਇਸ ਕਿੱਟ ਜ਼ਰੀਏ ਸਿਰਫ 20 ਮਿੰਟਾਂ ਵਿੱਚ ਨਤੀਜਾ ਉਪਲਬਧ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਕਿੱਟ ਨੂੰ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਨੇ ਮਨਜ਼ੂਰੀ ਦੇ ਦਿੱਤੀ ਹੈ। ਕਿੱਟ ਦੀ ਕੀਮਤ ਕਰੀਬ 200 ਰੁਪਏ ਦੱਸੀ ਜਾ ਰਹੀ ਹੈ।
ਭਾਰਤ ਦੀ ਪਹਿਲੀ ਅਧਿਕਾਰਤ ਪੁਆਇੰਟ ਆਫ਼ ਕੇਅਰ (POC) ਰੈਪਿਡ ਟੈਸਟ ਕਿੱਟ ਨੂੰ ਆਸਕਰ ਮੈਡੀਕੇਅਰ ਨੇ ਤਿਆਰ ਕੀਤਾ ਹੈ। ਇਹ ਕੰਪਨੀ ਆਪਣੀ ਲੈਬ ਵਿੱਚ HIV ਏਡਜ਼, ਮਲੇਰੀਆ ਤੇ ਡੇਂਗੂ ਲਈ ਗਰਭ ਅਵਸਥਾ ਟੈਸਟ ਕਿੱਟਾਂ, POC ਡਾਇਗਨੌਸਟਿਕ ਕਿੱਟਾਂ ਵੀ ਤਿਆਰ ਕਰਦੀ ਹੈ।
ਆਸਕਰ ਮੈਡੀਕੇਅਰ ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਆਨੰਦ ਸੇਖੜੀ ਨੇ ਕਿਹਾ ਕਿ POC ਕਿੱਟ ਦੇ ਜ਼ਰੀਏ ਸਿਰਫ 20 ਮਿੰਟਾਂ ਵਿੱਚ ਨਤੀਜਾ ਪ੍ਰਾਪਤ ਹੋਵੇਗਾ। ਕੋਰੋਨਾ ਟੈਸਟ ਲਈ ਖੂਨ ਦਾ ਨਮੂਨਾ ਉਂਗਲੀ ਤੋਂ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਤੰਬਰ ਤੱਕ ਦੋ ਲੱਖ ਕਿੱਟਾਂ ਲਾਂਚ ਕਰਨ ਦੀ ਯੋਜਨਾ ਹੈ।