India

ਪੂਰਬੀ ਲੱਦਾਖ ਦੇ ਸੀਮਾ ਵਿਵਾਦ ‘ਤੇ ਭਾਰਤ-ਚੀਨ ਦੀ ਹੋਈ ਕੂਟਨੀਤਕ ਗੱਲਬਾਤ, LAC ਤੋਂ ਸੈਨਿਕ ਪਿੱਛੇ ਹਟਾਉਣ ਦਾ ਲਿਆ ਫੈਸਲਾ

‘ਦ ਖ਼ਾਲਸ ਬਿਊਰੋ :- ਕਈ ਦਿਨਾਂ ਤੋਂ ਚੱਲ ਰਹੀ ਪੂਰਬੀ ਲੱਦਾਖ ਵਿਖੇ ਗਲਵਾਨ ਘਾਟੀ ‘ਚ ਸੀਮਾ ਵਿਵਾਦ ਸਬੰਧੀ ਕੱਲ੍ਹ ਭਾਰਤ ਤੇ ਚੀਨ ਵਿਚਾਲੇ ਕੂਟਨੀਤਕ ਗੱਲਬਾਤ ਕੀਤੀ ਗਈ ਤੇ ਖੇਤਰ ‘ਚ ਪੂਰਨ ਸ਼ਾਂਤੀ ਬਹਾਲ ਕਰਨ ਲਈ ਅਸਲ ਕੰਟਰੋਲ ਰੇਖਾ (LAC) ਨੇੜਿਓਂ ਸੈਨਿਕਾਂ ਨੂੰ ਪੂਰੀ ਤਰ੍ਹਾਂ ਪਿੱਛੇ ਹਟਾਉਣ ’ਤੇ ਸਹਿਮਤੀ ਜਤਾਈ ਗਈ ਹੈ।ੂ

ਇਸ ਮਾਮਲੇ ’ਤੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ-ਚੀਨ ਮਸਲੇ ਨੂੰ ਲੈ ਕੇ ਸਲਾਹ ਤੇ ਤਾਲਮੇਲ ਕਾਰਜ ਪ੍ਰਣਾਲੀ ਦੀ ਰੂਪਰੇਖਾ ਤਹਿਤ ਇਹ ਗੱਲਬਾਤ ਹੋਈ ਕਿ, ‘‘ਦੋਵੇਂ ਪਾਸਿਓਂ ਦੁਵੱਲੇ ਸਮਝੌਤਿਆਂ ਤੇ ਪ੍ਰੋਟੋਕੋਲ ਅਨੁਸਾਰ ਸਰਹੱਦੀ ਖੇਤਰਾਂ ‘ਚ ਪੂਰਨ ਸ਼ਾਂਤੀ ਬਹਾਲ ਕਰਨ ਲਈ LAC ਨੇੜਿਓਂ ਸੈਨਿਕਾਂ ਨੂੰ ਪੂਰੀ ਤਰ੍ਹਾਂ ਪਿੱਛੇ ਹਟਾਉਣ ’ਤੇ ਸਹਿਮਤੀ ਜਤਾਈ ਗਈ।’’ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ‘ਚ ਦੋਵੇਂ ਦੇਸ਼ਾਂ ਨੇ ਮੰਨਿਆ ਕਿ ਦੁਵੱਲੇ ਸਬੰਧਾਂ ਦੇ ਵਿਕਾਸ ਲਈ ਸਰਹੱਦੀ ਖੇਤਰਾਂ ‘ਚ ਪੂਰਨ ਸ਼ਾਂਤੀ ਬਹਾਲ ਦੀ ਕਰਨ ਦੀ ਲੋੜ ਹੈ। ਆਨਲਾਈਨ ਹੋਈ ਇਸ ਗੱਲਬਾਤ ਦੌਰਾਨ ਭਾਰਤੀ ਵਫ਼ਦ ਦੀ ਅਗਵਾਈ ਵਿਦੇਸ਼ ਮੰਤਰਾਲੇ ਵਿੱਚ ਜੁਆਇੰਟ ਸਕੱਤਰ (ਪੂਰਬੀ ਏਸ਼ੀਆ) ਵੱਲੋਂ ਕੀਤੀ ਗਈ, ਜਦੋਂਕਿ ਚੀਨ ਵੱਲੋਂ ਚੀਨੀ ਵਿਦੇਸ਼ ਮੰਤਰਾਲੇ ‘ਚ ਸਰਹੱਦੀ ਤੇ ਸਮੁੰਦਰੀ ਵਿਭਾਗ ਦੇ ਡਾਇਰੈਕਟਰ ਜਨਰਲ ਵੱਲੋਂ ਅਗਵਾਈ ਕੀਤੀ ਗਈ।

ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਵੱਲੋਂ ਭਾਰਤ-ਚੀਨ ਸਰਹੱਦੀ ਖੇਤਰਾਂ ਵਿੱਚ ਮੌਜੂਦਾ ਹਾਲਾਤ ਦੇ ਨਾਲ ਪੱਛਮੀ ਸੈਕਟਰ ਵਿੱਚ LAC ਨੇੜਿਓਂ ਸੈਨਿਕਾਂ ਨੂੰ ਹਟਾਉਣ ਦੀ ਪ੍ਰਕਿਰਿਆ ਦੀ ਸਮੀਖਿਆ ਵੀ ਕੀਤੀ ਗਈ। ਮੰਤਰਾਲੇ ਨੇ ਕਿਹਾ ਕਿ ਦੋਹਾਂ ਪੱਖਾਂ ਦੇ ਸੀਨੀਅਰ ਕਮਾਂਡਰਾਂ ਵਿਚਾਲੇ ਹੋਈ ਗੱਲਬਾਤ ਦੌਰਾਨ ਇਸ ਗੱਲ ’ਤੇ ਸਹਿਮਤੀ ਜਤਾਉਂਦੇ ਹੋਏ ਇਹ ਫ਼ੈਸਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ।

ਰਾਜਨਾਥ ਵੱਲੋਂ ਫੋਨ ’ਤੇ ਅਮਰੀਕੀ ਹਮਰੁਤਬਾ ਨਾਲ ਗੱਲਬਾਤ
ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਅਮਰੀਕੀ ਹਮਰੁਤਬਾ ‘ਮਾਰਕ ਟੀ ਐਸਪਰ’ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ ਗਈ ਤੇ ਇਸ ਦੌਰਾਨ ਇਨ੍ਹਾਂ ਦੋਹਾਂ ਆਗੂਆਂ ਵਿਚਾਲੇ ਪੂਰਬੀ ਲੱਦਾਖ ‘ਚ ਭਾਰਤ ਦੇ ਚੀਨ ਨਾਲ ਚੱਲ ਰਹੇ ਸਰਹੱਦੀ ਵਿਵਾਦ ਤੇ ਖਿੱਤੇ ‘ਚ ਕੁੱਲ ਸੁਰੱਖਿਆ ਹਾਲਾਤ ਬਾਰੇ ਗੱਲਬਾਤ ਹੋਈ। ਰਾਜਨਾਥ ਸਿੰਘ ਤੇ ਐਸਪਰ ਨੇ ਦੋਹਾਂ ਦੇਸ਼ਾਂ ਵਿਚਾਲੇ ਦੁਵੱਲੇ ਰੱਖਿਆ ਸਹਿਯੋਗ ਨੂੰ ਬੜ੍ਹਾਵਾ ਦੇਣ ਬਾਰੇ ਵੀ ਗੱਲਬਾਤ ਕੀਤੀ ਗਈ।

ਰਾਜਨਾਥ ਵੱਲੋਂ ਹਾਲਾਤ ਦੀ ਸਮੀਖਿਆ
ਰਾਜਨਾਥ ਵੱਲੋਂ ਭਾਰਤ – ਚੀਨ ਦੇ ਪੂਰਬੀ ਲੱਦਾਖ ਖੇਤਰ ‘ਚ ਸ਼ਾਂਤੀ ਸਥਾਪਤ ਕਰਨ ਲਈ LAC ਤੋਂ ਸੈਨਿਕਾਂ ਨੂੰ ਪੂਰੀ ਤਰ੍ਹਾਂ ਪਿੱਛੇ ਹਟਾਉਣ ਸਬੰਧੀ ਸਹਿਮਤੀ ਬਣਨ ਤੋਂ ਬਾਅਦ ਕਈ ਅਹਿਮ ਪੁਆਇੰਟਾਂ ਤੋਂ ਚੀਨੀ ਫ਼ੌਜ ਦੇ ਪਿੱਛੇ ਹਟਣ ਮਗਰੋਂ  ਹਾਲਾਤ ਦੀ ਸਮੀਖਿਆ ਕੀਤੀ ਗਈ। ਸੂਤਰਾਂ ਅਨੁਸਾਰ ਪੂਰਬੀ ਲੱਦਾਖ ਵਿੱਚ ਪੈਂਗੌਂਗ ਝੀਲ ਤੋਂ ਚੀਨੀ ਫ਼ੌਜੀਆਂ ਵਲੋਂ ਪਿੱਛੇ ਹਟਣ ਦਾ ਅਮਲ ਜਾਰੀ ਹੈ।

ਚੀਨੀ ਘੁਸਪੈਠ ਦਾ ਜਾਇਜ਼ਾ ਲੈਣ ਲਈ ਸੁਤੰਤਰ ਮਿਸ਼ਨ ਭੇਜਣ ਦੀ ਇਜਾਜ਼ਤ ਦਿੱਤੀ ਜਾਵੇ: ਰਾਹੁਲ
ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਾਬਕਾ ਫ਼ੌਜੀ ਅਧਿਕਾਰੀਆਂ ਦੀ ਗੱਲ ਸੁਣੀ ਜਾਵੇ ਤੇ ਚੀਨ ਵੱਲੋਂ ਕੀਤੇ ਹਮਲੇ, ਘੁਸਪੈਠ ਤੇ ਕਬਜ਼ੇ ਸਬੰਧੀ ਸਥਿਤੀ ਦਾ ਜਾਇਜ਼ਾ ਲੈਣ ਲਈ ਸੁਤੰਤਰ ਤੱਥ ਖੋਜ ਮਿਸ਼ਨ ਭੇਜਣ ਦੀ ਇਜਾਜ਼ਤ ਦਿੱਤੀ ਜਾਵੇ। ਤਾਂ ਜੋ ਭਵਿੱਖ ਵਿੱਚ ਚੀਨ ਵੱਲੋਂ ਹੋਰ ਭਾਰਤੀ ਖੇਤਰਾਂ ’ਤੇ ਕਬਜ਼ਾ ਨਾ ਕੀਤਾ ਜਾ ਸਕੇ, ਇਹ ਯਕੀਨੀ ਬਣਾਉਣ ਲਈ ਸਰਕਾਰ ਵੱਲੋਂ ਸਖ਼ਤ ਕਦਮ ਚੁੱਕੇ ਜਾਣ ਸਬੰਧੀ ਦੇਸ਼ ਵਾਸੀਆਂ ਨੂੰ ਜਾਣਕਾਰੀ ਦੇਣ ਲਈ ਵੀ ਕਿਹਾ ਗਿਆ।

 

 

 

Comments are closed.