The Khalas Tv Blog India ਰੂਸ ਵੱਲੋਂ ਬਣਾਈ ਕੋਰੋਨਾ ਵੈਕਸੀਨ ‘ਚ ਭਾਰਤ ਪਾ ਸਕਦਾ ਹਿੱਸੇਦਾਰੀ!
India International

ਰੂਸ ਵੱਲੋਂ ਬਣਾਈ ਕੋਰੋਨਾ ਵੈਕਸੀਨ ‘ਚ ਭਾਰਤ ਪਾ ਸਕਦਾ ਹਿੱਸੇਦਾਰੀ!

‘ਦ ਖ਼ਾਲਸ ਬਿਊਰੋ:- ਕੋਰੋਨਾ ਵੈਕਸੀਨ ਦਾ ਇੰਤਜ਼ਾਰ ਪੂਰੀ ਦੁਨੀਆ ਬੇਸਬਰੀ ਨਾਲ ਕਰ ਰਹੀ ਹੈ। ਅਲੱਗ-ਅਲੱਗ ਦੇਸ਼ਾਂ ਦੇ ਵਿਗਿਆਨੀ ਕੋਰੋਨਾ ਵੈਕਸੀਨ ਨੂੰ ਬਣਾਉਣ ਦੀ ਦੌੜ ਵਿੱਚ ਲੱਗੇ ਹੋਏ ਹਨ। ਇਸੇ ਦੌਰਾਨ ਕਈ ਕੰਪਨੀਆਂ ਦਾਅਵਾ ਵੀ ਕਰ ਚੁੱਕੀਆਂ ਹਨ ਕਿ ਉਨ੍ਹਾਂ ਨੇ ਵੈਕਸੀਨ ਤਿਆਰ ਕਰ ਲਈ ਹੈ।

ਰੂਸ ਵੀ ਕੋਰੇਨਾ ਵੈਕਸੀਨ ਬਣਾਉਣ ਦਾ ਦਾਅਵਾ ਪੇਸ਼ ਕਰ ਚੁੱਕਿਆ ਹੈ। ਰੂਸ ਕੋਰੋਨਾ ਵੈਕਸੀਨ ਦੇ ਮਾਮਲੇ ‘ਚ ਭਾਰਤ ਨਾਲ ਭਾਈਵਾਲੀ ਦਾ ਚਾਹਵਾਨ ਹੈ। ਰੂਸ ਨੇ ਭਾਰਤ ਵਿੱਚ ਕੋਰੋਨਾ ਵੈਕਸੀਨ ‘ਸਪੂਤਨਿਕ 5’ ਦਾ ਵਿਸ਼ਾਲ ਉਤਪਾਦਨ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ।

ਰੂਸੀ ਡਾਇਰੈਕਟ ਇਨਵੈਸਟਮੈਂਟ ਫੰਡ (RDIF) ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਕਿਰਿਲ ਦਮਿੱਤਰੀਏਵ ਨੇ ਕਿਹਾ ਕਿ ਰੂਸ ਕੋਵਿਡ-19 ਵੈਕਸੀਨ ਸਪੂਤਨਿਕ-5 ਤਿਆਰ ਕਰਨ ਲਈ ਭਾਰਤ ਨਾਲ ਸਾਂਝੇਦਾਰੀ ਬਾਰੇ ਵਿਚਾਰ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਲੈਟਿਨ ਅਮਰੀਕਾ, ਏਸ਼ੀਆ ਤੇ ਪੱਛਮੀ ਏਸ਼ੀਆ ਦੇ ਬਹੁਤ ਸਾਰੇ ਦੇਸ਼ ਟੀਕੇ ਦੇ ਉਤਪਾਦਨ ਵਿੱਚ ਦਿਲਚਸਪੀ ਰੱਖਦੇ ਹਨ।

ਉਨ੍ਹਾਂ ਕਿਹਾ ਕਿ, “ਇਸ ਟੀਕੇ ਦਾ ਉਤਪਾਦਨ ਬਹੁਤ ਅਹਿਮ ਮੁੱਦਾ ਹੈ ਤੇ ਇਸ ਸਮੇਂ ਅਸੀਂ ਭਾਰਤ ਨਾਲ ਸਾਂਝੇਦਾਰੀ ਦੀ ਉਮੀਦ ਕਰ ਰਹੇ ਹਾਂ। ਇਹ ਕਹਿਣਾ ਬਹੁਤ ਖਾਸ ਹੈ ਕਿ ਵੈਕਸੀਨ ਦੇ ਉਤਪਾਦਨ ਲਈ ਹੋਣ ਵਾਲੀ ਇਹ ਭਾਈਵਾਲੀ ਸਾਨੂੰ ਮੰਗਾਂ ਨੂੰ ਪੂਰਾ ਕਰਨ ਦੇ ਯੋਗ ਕਰੇਗੀ। ਰੂਸ ਨੂੰ ਅੰਤਰਰਾਸ਼ਟਰੀ ਸਹਿਯੋਗ ਦੀ ਉਮੀਦ ਹੈ।”

ਰੂਸ ਦੀ ਇਹ ਵੈਕਸੀਨ ਗਮਾਲਿਆ ਵਿਗਿਆਨਕ ਖੋਜ ਇੰਸਟੀਚਿਊਟ ਆਫ ਐਪੀਡੇਮਿਓਲੋਜੀ ਐਂਡ ਮਾਈਕਰੋਬਾਇਓਲੋਜੀ ਵੱਲੋਂ ਤਿਆਰ ਕੀਤੀ ਗਈ ਹੈ। ਇਹ ਮਾਸਕੋ ਦੇ ਨੇੜੇ ਸਥਿਤ ਇੱਕ ਮੈਡੀਕਲ ਸੰਸਥਾ ਹੈ। ਹਾਲਾਂਕਿ, ਇਸ ਵੈਕਸੀਨ ਦਾ ਫੇਜ਼-3 ਟ੍ਰਾਇਲ ਜਾਂ ਵੱਡੇ ਪੱਧਰ ‘ਤੇ ਕਲੀਨੀਕਲ ਟ੍ਰਾਇਲ ਨਹੀਂ ਹੋਇਆ। ਗਮਾਲਿਆ ਇੰਸਟੀਚਿਊਟ ਦਾ ਕਹਿਣਾ ਹੈ ਕਿ ਉਹ ਦਸੰਬਰ ਤੇ ਜਨਵਰੀ ਤੱਕ ਹਰ ਮਹੀਨੇ 50 ਲੱਖ ਟੀਕੇ ਬਣਾਉਣ ਦੀ ਸਮਰੱਥਾ ਹਾਸਲ ਕਰੇਗਾ।

Exit mobile version