Punjab

ਤਰਨਤਾਰਨ ਦੇ ਇੱਕ ਚਰਚ ‘ਚ ਕਿਉਂ ਵਾਪਰੀ ਇਹ ਘਟਨਾ, ਹੁਣ ਤੱਕ ਕੀ-ਕੀ ਹੋਇਆ !

‘ਦ ਖ਼ਾਲਸ ਬਿਊਰੋ :- ਤਰਨਤਾਰਨ ਦੇ ਪੱਟੀ ਨਜ਼ਦੀਕ ਪਿੰਡ ਠਕੁਰਪੁਰ ਵਿੱਚ ਅੱਜ ਸਵੇਰੇ ਇੱਕ ਚਰਚ ਵਿੱਚ ਕਥਿਤ ਤੌਰ ’ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਭੰਨਤੋੜ ਕੀਤੀ ਗਈ ਹੈ। ਇਸ ਘਟਨਾ ਨੂੰ ਮੁਲਜ਼ਮ ਵੱਲੋਂ ਅੰਜਾਮ ਦੇਣ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਰਾਹੀਂ ਸਾਹਮਣੇ ਆਈਆਂ ਹਨ। ਤਸਵੀਰਾਂ ਵਿੱਚ ਇੱਕ ਵਿਅਕਤੀ ਚਰਚ ਦੇ ਅੰਦਰ ਜਾ ਕੇ ਧਾਰਮਿਕ ਮੂਰਤੀਆਂ ਨੂੰ ਤੋੜ ਰਿਹਾ ਹੈ। ਇਸ ਤੋਂ ਇਲਾਵਾ ਚਰਚ ਵਿੱਚ ਇੱਕ ਕਾਰ ਨੂੰ ਵੀ ਅੱਗ ਲਗਾਈ ਗਈ ਹੈ। ਇਸ ਘਟਨਾ ਤੋਂ ਬਾਅਦ ਈਸਾਈ ਭਾਈਚਾਰੇ ਦੇ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ, ਜਿਸ ਨੂੰ ਬਾਅਦ ਵਿੱਚ ਪ੍ਰਸ਼ਾਸਨ ਵੱਲੋਂ ਭਰੋਸਾ ਦੇਣ ਤੋਂ ਬਾਅਦ ਖਤਮ ਕਰ ਦਿੱਤਾ ਗਿਆ। ਘਟਨਾ ਸਥਾਨ ‘ਤੇ ਪਹੁੰਚੇ ਈਸਾਈ ਭਾਈਚਾਰੇ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ “ਈਸਾਈ ਭਾਈਚਾਰੇ ਦੇ ਲੋਕ ਅਮਨ ਸ਼ਾਂਤੀ ਨਾਲ ਰਹਿੰਦੇ ਹਨ ਅਤੇ ਸਾਡੇ ਦੇਵਤੇ ਉਪਰ ਹਮਲਾ ਸਾਡੇ ਉੱਪਰ ਹਮਲਾ ਹੈ।”

ਚਰਚ (ਫਾਈਲ ਫੋਟੋ : ਬੀਬੀਸੀ)

ਤਰਨਤਾਰਨ ਦੇ ਐੱਸਐੱਸਪੀ ਆਰ ਐਸ ਢਿੱਲੋਂ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ।” ਧਾਰਾ 295 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਇਸ ਮਾਮਲੇ ਦੀ ਜਾਂਚ ਜਾਰੀ ਹੈ। ਧਾਰਮਿਕ ਭਾਵਨਾਵਾਂ ਭੜਕਾਉਣ ਦੀ ਕੋਸ਼ਿਸ਼ ਅਤੇ ਧਾਰਮਿਕ ਸਥਾਨ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਹੈ। ਇਸ ਚਰਚ ਦੇ ਪਾਦਰੀ ਫਾਦਰ ਥੋਮਸ ਨੇ ਬੀਬੀਸੀ ਨਾਲ ਗੱਲ ਕਰਦੇ ਹੋਏ ਘਟਨਾ ਦਾ ਵੇਰਵਾ ਦਿੱਤਾ। ਫਾਦਰ ਥੋਮਸ ਨੇ ਦੱਸਿਆ,”ਰਾਤ ਤਕਰੀਬਨ 12.45 ਵਜੇ ਕੁਝ ਅਣਪਛਾਤੇ ਲੋਕਾਂ ਨੇ ਚਰਚ ਦੀਆਂ ਮੂਰਤੀਆਂ ਦੀ ਤੋੜਫੋੜ ਕੀਤੀ। ਉਸ ਤੋਂ ਬਾਅਦ ਉਨ੍ਹਾਂ ਨੇ ਚਰਚ ਦੀ ਇਕ ਕਾਰ ਨੂੰ ਅੱਗ ਲਗਾਈ। ਇਸ ਤੋਂ ਬਾਅਦ ਉਹ ਚਰਚ ਦੀ ਕੰਧ ਵੱਲ ਵੀ ਗਏ ਅਤੇ ਪੈਟਰੋਲ ਛਿੜਕਿਆ। ਇਸ ਤੋਂ ਬਾਅਦ ਉਹ ਵਾਪਸ ਚਲੇ ਗਏ।”

ਚਰਚ ਦੇ ਪਾਦਰੀ ਫਾਦਰ ਥੋਮਸ ( ਫਾਈਲ ਫੋਟੋ : ਬੀਬੀਸੀ)

“ਇਸ ਤੋਂ ਬਾਅਦ ਅਸੀਂ ਐੱਸਐੱਚਓ ਨੂੰ ਫੋਨ ਕੀਤਾ। ਉਨ੍ਹਾਂ ਨੇ ਮੁਲਾਜ਼ਮ ਭੇਜਿਆ ਅਤੇ ਇਸ ਤੋਂ ਬਾਅਦ ਇਲਾਕੇ ਦੇ ਐੱਸਐੱਸਪੀ,ਡੀਐੱਸਪੀ ਅਤੇ ਆਈਜੀਪੀ ਨੇ ਵੀ ਸਾਨੂੰ ਆਸ਼ਵਾਸਨ ਦਿੱਤਾ।ਮੈਨੂੰ ਕਿਸੇ ਤਰ੍ਹਾਂ ਦੀ ਕੋਈ ਧਮਕੀ ਨਹੀਂ ਮਿਲੀ। ਗੁਰਦੁਆਰਿਆਂ,ਚਰਚਾ ਤੇ ਧਾਰਮਿਕ ਸਥਾਨਾਂ ਉੱਤੇ ਅਜਿਹੀ ਘਟਨਾਵਾਂ ਉੱਪਰ ਰੋਕ ਲੱਗਣੀ ਚਾਹੀਦੀ ਹੈ ਕਿਉਂਕਿ ਇਹ ਆਪਸੀ ਭਾਈਚਾਰੇ ਲਈ ਠੀਕ ਨਹੀਂ ਹੈ।”

ਪ੍ਰਦਰਸ਼ਨਕਾਰੀ (ਫਾਈਲ ਫੋਟੋ : ਬੀਬੀਸੀ)

ਪੰਜਾਬ ਦੇ ਵੱਖ ਵੱਖ ਸਿਆਸੀ ਲੀਡਰਾਂ ਨੇ ਇਸ ਘਟਨਾ ਉੱਤੇ ਦੁੱਖ ਪ੍ਰਗਟ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।

ਪੰਜਾਬ ਦੇ ਕੈਬਨਿਟ ਮੰਤਰੀ ਮੀਤ ਹੇਅਰ ਨੇ ਵੀ ਪੰਜਾਬ ਵਿਰੋਧੀ ਤਾਕਤਾਂ ਨੂੰ ਚਿਤਾਵਨੀ ਦਿੰਦੇ ਹੋਏ ਟਵੀਟ ਕੀਤਾ ਹੈ ਕਿ ਪੰਜਾਬ ਭਾਈਚਾਰਕ ਸਾਂਝ ਦਾ ਦੂਜਾ ਨਾਮ ਹੈ।

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਘਟਨਾ ਦੀ ਨਿੰਦਾ ਕਰਦਿਆਂ ਮੁੱਖ ਮੰਤਰੀ ਮਾਨ ਨੂੰ ਸਥਿਤੀ ਉੱਤੇ ਗੰਭੀਰ ਨੋਟਿਸ ਲੈਣ ਦੀ ਅਪੀਲ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਵੀ ਸਥਿਤੀ ਕਾਬੂ ਵਿੱਚ ਰੱਖਣ ਦੀ ਅਪੀਲ ਕੀਤੀ ਅਤੇ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਇਸ ਮਸਲੇ ਦੀ ਸ਼ਾਂਤੀ ਪੂਰਵਕ ਢੰਗ ਨਾਲ ਅਗਵਾਈ ਕਰਨ ਦੀ ਬੇਨਤੀ ਕੀਤੀ।