ਚੰਡੀਗੜ੍ਹ : 16ਵੀਂ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਦੂਜਾ ਦਿਨ ਸੀ। ਹੁਣ ਅਸੀਂ ਤੁਹਾਨੂੰ ਅੱਜ ਪੰਜਾਬ ਵਿਧਾਨ ਸਭਾ ਵਿੱਚ ਜੋ ਵੀ ਪ੍ਰਸਤਾਵ ਪੇਸ਼ ਕੀਤੇ ਗਏ ਹਨ, ਉਸ ਬਾਰੇ ਜਾਣਕਾਰੀ ਦੇਵਾਂਗੇ। ਵਿਸ਼ੇਸ਼ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ।
ਸਿੱਖ ਗੁਰਦੁਆਰਾ (ਸੋਧ) ਬਿੱਲ 2023
ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ‘ਮੁਫ਼ਤ ਪ੍ਰਸਾਰਣ’ ਨੂੰ ਯਕੀਨੀ ਬਣਾਉਣ ਲਈ 16ਵੀਂ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਸਿੱਖ ਗੁਰਦੁਆਰਾ (ਸੋਧ) ਬਿੱਲ 2023 ਅੱਜ ਪਾਸ ਕਰ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਇਸ ਬਿੱਲ ਨੂੰ ਪੇਸ਼ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਕੈਬਨਿਟ ਨੇ ਬੀਤੇ ਦਿਨ ਸਿੱਖ ਗੁਰਦੁਆਰਾ ਐਕਟ-1925 ਵਿੱਚ ਸੋਧ ਲਈ ਹਰੀ ਝੰਡੀ ਦੇ ਦਿੱਤੀ ਸੀ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵਿਧਾਨ ਸਭਾ ’ਚ ਸਿੱਖ ਗੁਰਦੁਅਰਾ ਸੋਧ ਬਿੱਲ-2023 ਦੇ ਸਮਰਥਨ ’ਚ ਕਿਹਾ ਕਿ ਸਦਨ ਵਿੱਚ ਮਿਲ-ਬੈਠ ਕੇ ਹੀ ਗੱਲਬਾਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਬੀਤੇ ਸਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਆਪਣਾ ਚੈਨਲ ਸ਼ੁਰੂ ਕਰਨ ਲਈ ਕਿਹਾ ਸੀ ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਸਪਸ਼ਟ ਕੀਤਾ ਕਿ ਸਰਕਾਰ ਸਿੱਖ ਮਾਮਲਿਆਂ ’ਚ ਕਿਸੇ ਤਰ੍ਹਾਂ ਦਾ ਦਖ਼ਲ ਨਹੀਂ ਦੇ ਰਹੀ।
ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਫੈਸਲਾ
ਇਸਦੇ ਨਾਲ ਹੀ ਪੰਜਾਬ ਯੂਨੀਵਰਸਿਟੀ ਦੇ ਵੀਸੀ ਨੂੰ ਲੈ ਕੇ ਸਦਨ ਵਿੱਚ ਪੰਜਾਬ ਯੂਨੀਵਰਸਿਟੀ LAWS ਸੋਧ ਬਿੱਲ ਪੇਸ਼ ਕੀਤਾ ਗਿਆ। ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਇਹ ਬਿੱਲ ਪੇਸ਼ ਕੀਤਾ ਹੈ। ਮੁੱਖ ਮੰਤਰੀ ਮਾਨ ਨੇ ਇਸ ਬਾਰੇ ਬੋਲਦਿਆਂ ਕਿਹਾ ਕਿ ਯੂਨੀਵਰਸਿਟੀ ਵਿੱਚ VC ਵਧੀਆ ਜਾਵੇ ਤਾਂ ਯੂਨੀਵਰਸਿਟੀ ਦਾ ਕਲਿਆਣ ਹੋ ਜਾਂਦਾ ਹੈ। ਮਾਨ ਨੇ ਕਿਹਾ ਕਿ ਹੁਣ ਨਵੇਂ ਕਾਨੂੰਨ ਮੁਤਾਬਕ ਮੁੱਖ ਮੰਤਰੀ ਯੂਨੀਵਰਸਿਟੀ ਦਾ VC ਹੋਵੇਗਾ ਨਾ ਕਿ ਰਾਜਪਾਲ ।
RDF ਨੂੰ ਲੈ ਕੇ ਪ੍ਰਸਤਾਵ ਪੇਸ਼
ਪੰਜਾਬ ਵਿਧਾਨ ਸਭਾ ਨੇ ਕੇਂਦਰ ਸਰਕਾਰ ਵੱਲੋਂ 3,622.40 ਕਰੋੜ ਰੁਪਏ ਦੇ ਪੇਂਡੂ ਵਿਕਾਸ ਫੰਡ (ਆਰਡੀਐੱਫ) ਨੂੰ ਰੋਕਣ ਵਿਰੁੱਧ ਮਤਾ ਪਾਸ ਕੀਤਾ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੇਂਦਰ ਸਰਕਾਰ ਨੂੰ 1 ਜੁਲਾਈ ਤੱਕ ਆਰਡੀਐਫ ਫੰਡ ਜਾਰੀ ਕਰਨ ਦਾ ਅਲਟੀਮੇਟਮ ਦਿੱਤਾ ਹੈ। ਇਸ ਤੋਂ ਬਾਅਦ ਸੂਬਾ ਸਰਕਾਰ ਕੇਂਦਰ ਖਿਲਾਫ ਸੁਪਰੀਮ ਕੋਰਟ ਜਾਵੇਗੀ।
ਮਾਨ ਨੇ ਕਿਹਾ ਕਿ RDF ਸਾਡਾ ਬਣਦਾ ਹੱਕ ਹੈ ਜੋ ਕਿ ਕੇਂਦਰ ਸਾਨੂੰ ਦੇ ਨਹੀਂ ਰਿਹਾ ਜਿਸ ਨਾਲ ਸੂਬੇ ਦੇ ਪੇਂਡੂ ਵਿਕਾਸ ਦੇ ਢਾਂਚੇ ‘ਤੇ ਅਸਰ ਪੈ ਰਿਹਾ ਹੈ। ਮਾਨ ਨੇ ਕਿਹਾ ਕਿ ਅਸੀਂ ਐਕਟ ਵੀ ਬਣਾਇਆ ਫਿਰ ਵੀ ਕੇਂਦਰ ਵੱਲੋਂ ਪੈਸਾ ਜਾਰੀ ਨਹੀਂ ਹੋਇਆ। ਮਾਨ ਨੇ ਕੇਂਦਰ ਸਰਕਾਰ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਦੇਸ਼ ਵਿੱਚ ਜਿੱਥੇ ਵੀ ਗੈਰ ਬੀਜੇਪੀ ਸਰਕਾਰ ਬਣਦੀ ਹੈ ਤਾਂ ਕੇਂਦਰ ਸਰਕਾਰ ਉਸਨੂੰ ਇਸ ਤਰ੍ਹਾਂ ਹੀ ਤੰਗ ਪਰੇਸ਼ਾਨ ਕਰਦੀ ਹੈ।
ਵਿਧਾਨਸਭਾ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕੋਲ ਪੰਜਾਬ ਸਰਕਾਰ ਦਾ RDF ਫੰਡ ਪੈਂਡਿੰਗ ਹੈ। ਇਸ ਨਾਲ ਪੰਜਾਬ ਦੇ ਪੇਂਡੂ ਵਿਕਾਸ ਕੰਮ ਠੱਪ ਹੋ ਜਾਣਗੇ । ਉਨ੍ਹਾਂ ਨੇ ਦੱਸਿਆ ਕਿ 3622 ਕਰੋੜ ਦਾ RDF ਫੰਡ ਰਿਲੀਜ਼ ਕਰਨ ਦੇ ਲਈ ਕੇਂਦਰ ਸਰਕਾਰ ਤੱਕ ਪਹੁੰਚ ਕਰਨ ਦਾ ਮਤਾ ਰੱਖਿਆ ਗਿਆ । ਉਨ੍ਹਾਂ ਨੇ ਕਿਹਾ ਕਿ ਪਿਛਲੇ 4 ਸੀਜ਼ਨ ਵਿੱਚ ਫੰਡ ਪੰਜਾਬ ਸਰਕਾਰ ਨੂੰ ਨਹੀਂ ਮਿਲਿਆ ਹੈ ।
ਕੈਬਨਿਟ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਅਸੀਂ RDF ਦੀ ਕੇਂਦਰ ਤੋਂ ਕੋਈ ਭੀਖ ਨਹੀਂ ਮੰਗ ਰਹੇ। ਮੰਤਰੀ ਨੇ ਵਿਰੋਧੀ ਧਿਰਾਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਸਾਰਿਆਂ ਨੇ ਮਿਲ ਕੇ ਕਿਸਾਨਾਂ ਦੇ ਨਾਮ ‘ਤੇ ਪੈਸੇ ਠੱਗੇ ਹਨ ਜਿਸ ਦਾ ਵਿਆਜ ਅੱਜ ਵੱਧ ਕੇ 10 ਹਜ਼ਾਰ ਕਰੋੜ ਰੁਪਏ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕੇਂਦਰ ਨੇ ਕਦੇ ਵੀ ਪੰਜਾਬ ਦੀ ਬਾਂਹ ਨਹੀਂ ਫੜੀ।
ਪੰਜਾਬ ਪੁਲਿਸ ਸੋਧ ਬਿੱਲ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਪੰਜਾਬ ਪੁਲਿਸ ਸੋਧ ਬਿੱਲ ਵੀ ਪਾਸ ਕੀਤਾ ਗਿਆ।
ਵਿਧਾਨ ਸਭਾ ਵਿੱਚ ਸੀਐੱਮ ਮਾਨ ਦਾ ਸੰਬੋਧਨ
ਸਿੱਖ ਗੁਰਦੁਆਰਾ (ਸੋਧ) ਬਿੱਲ 2023 ਦਾ ਅਕਾਲੀ ਦਲ ਅਤੇ ਬੀਐੱਸਪੀ ਨੇ ਵਿਰੋਧ ਕੀਤਾ। ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਸਰਕਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਆਦੇਸ਼ ਦਾ ਹਵਾਲਾ ਦਿੰਦੇ ਹੋਏ ਸਰਕਾਰ ਅਤੇ SGPC ਨੂੰ ਮਿਲ ਕੇ ਇਸ ਦਾ ਹੱਲ ਕੱਢਣ ਦੀ ਅਪੀਲ ਕੀਤੀ ਤਾਂ ਇਸ ਦਾ ਜਵਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੰਦੇ ਹੋਏ ਇਹ ਦਾਅਵਾ ਕੀਤਾ ਕਿ SGPC ਹੁਣ PTC ਦੇ ਇੱਕ ਚੈਨਲ ਨੂੰ ਆਪਣੇ ਅਧੀਨ ਲੈ ਕੇ ਮਾਮਲੇ ਵਿੱਚ ਪਰਦਾ ਪਾਉਣ ਦੀ ਚਾਲ ਖੇਡ ਰਹੀ ਹੈ।
‘ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਕਿਉਂ ਨਹੀਂ ਮੰਨੀ’
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੁੱਛਿਆ ਕਿ ਜਦੋਂ ਤਤਕਾਲੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ SGPC ਨੂੰ ਆਪਣੇ ਚੈਨਲ ਸ਼ੁਰੂ ਕਰਨ ਦੇ ਨਿਰਦੇਸ਼ ਇੱਕ ਸਾਲ ਪਹਿਲਾਂ ਦਿੱਤੇ ਸਨ ਤਾਂ ਹੁਣ ਤੱਕ ਕਮੇਟੀ ਨੇ ਕਿਉਂ ਨਹੀਂ ਸ਼ੁਰੂ ਕੀਤਾ। ਜਥੇਦਾਰ ਅਪੀਲ ਨਹੀਂ ਕਰਦੇ ਹਨ ਆਦੇਸ਼ ਦਿੰਦੇ ਹਨ। ਉਹ ਹਰ ਇੱਕ ਸਿੱਖ ਲਈ ਜ਼ਰੂਰੀ ਹੁੰਦਾ ਹੈ। ਉਸ ਵੇਲੇ ਕਿਉਂ ਨਹੀਂ ਮੰਨਿਆ SGPC ਨੇ, SGPC ਪ੍ਰਧਾਰ ਹਰਜਿੰਦਰ ਸਿੰਘ ਧਾਮੀ ਦੱਸਣ। ਮੁੱਖ ਮੰਤਰੀ ਨੇ ਤੰਜ ਕੱਸ ਦੇ ਹੋਏ ਕਿਹਾ 12 ਸਾਲ ਹੋ ਗਏ ਹਨ SGPC ਦੀਆਂ ਚੋਣਾਂ ਹੋਏ, ਮੌਜੂਦਾ ਕਮੇਟੀ ਕਾਰਜਕਾਰੀ ਹੈ,ਕੱਲ ਤੱਕ ਜਿਹੜੇ ਕਾਰਜਕਾਰੀ ਜਥੇਦਾਰ ਨੂੰ ਹਟਾ ਰਹੇ ਸਨ, ਉਹ ਆਪ ਕਾਰਜਕਾਰੀ ਹਨ।
‘PTC ਸਿਮਰਨ’ ਦੇ ਜ਼ਰੀਏ ਗੇਮ ਖੇਡ ਰਹੇ ਹਨ’
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਹੋਰ ਦਾਅਵਾ ਕਰਦੇ ਹੋਏ ਕਿਹਾ ਕਿ ਹੁਣ PTC ਸਿਮਰਨ ਚੈਨਲ ਨੂੰ ਇਹ SGPC ਨੂੰ ਦੇਣ ਲੱਗੇ ਹਨ। ਮੇਰੇ ਕੋਲ ਆ ਗਈ ਹੈ ਰਿਪੋਰਟ,ਹੁਣ ਦੱਸਿਆ ਜਾਵੇਗਾ ਕਿ SGPC ਨੇ ਆਪਣਾ ਚੈਨਲ ਖੋਲ ਲਿਆ,ਰਹੇਗਾ ਫਿਰ ਉਸੇ ਘਰ ਵਿੱਚ ਹੀ । ਇਨ੍ਹਾਂ ਨੇ ਪੈਸੇ ਨਾਲ ਲੈਕੇ ਜਾਣੇ ਹਨ,ਕੀ ਧਰਮ ਰਾਜ ਨਾਲ ਹੋ ਗਈ ਹੈ ਗੱਲ ਇਨ੍ਹਾਂ ਦੀ । ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ 21 ਜੁਲਾਈ ਤੋਂ ਬਾਅਦ ਤੁਸੀਂ ਜਿਹੜਾ ਚੈਨਲ ਲਗਾਉਗੇ ਤੁਹਾਨੂੰ ਗੁਰਬਾਣੀ ਮਿਲੇਗੀ, ਮੈਂ ਉਹ ਹੀ ਚਾਉਂਦਾ ਹਾਂ,ਭਾਵੇਂ ਉਹ ਨਿਊਜ਼ ਚੈਨਲ ਹੋਵੇ,ਉੱਥੇ ਵੀ ਗੁਰਬਾਣੀ ਵੇਖਣ ਨੂੰ ਮਿਲੇਗੀ ਭਾਵੇ ਉਹ ਦੁਨੀਆ ਦਾ ਕੋਈ ਕੋਨਾ ਹੋਵੇ। ਦੂਜੇ ਮੁਲਕਾਂ ਵਿੱਚ ਟਰੱਕ ‘ਤੇ ਜਾਂਦੇ-ਜਾਂਦੇ ਆਡੀਓ ਦੇ ਜ਼ਰੀਏ ਗੁਰਬਾਣੀ ਸੁਣ ਸਕਦੇ ਹਾਂ। ਮਾਨ ਨੇ ਕਿਹਾ ਆਡੀਓ ‘ਤੇ ਇਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਵੀਡੀਓ ‘ਤੇ ਹੈ ਕਿਉਂ ਇਸ ‘ਤੇ ਇਨ੍ਹਾਂ ਦਾ ਕਬਜ਼ਾ ਹੈ।
‘PTC ਪੈਸੇ ਕਿਵੇਂ ਕਮਾਉਂਦਾ ਹੈ’
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ PTC ਕਹਿੰਦਾ ਹੈ ਅਸੀਂ ਫ੍ਰੀ ਟੂ ਏਅਰ ਹਾਂ ਜਦਕਿ ਇਸ ਦੇ ਪਿੱਛੇ ਕਹਾਣੀ ਕੁਝ ਹੋਰ ਹੈ । ਦਰਅਸਲ PTC ਕੋਲ EXCLUSIVE ਅਧਿਕਾਰ ਹਨ । ਕਿ ਮੈਂ ਹੀ ਇਸ ਕੰਟੈਂਟ ਦਾ ਮਾਲਿਕ ਹਾਂ। ਕੈਨੇਡਾ,ਅਮਰੀਕਾ,ਆਸਟ੍ਰੇਲੀਆ ਜੇਕਰ ਤੁਸੀਂ ਗੁਰਬਾਣੀ ਲਗਾਉਣੀ ਹੈ ਤਾਂ ਤੁਹਾਨੂੰ PTC ਦੇ 3 ਤੋਂ 4 ਚੈਨਲਾਂ ਦਾ ਪੈਕੇਜ ਲੈਣਾ ਹੋਵੇਗਾ ਜਿਸ ਦੀ ਕੀਮਤ 54 ਡਾਲਰ ਹੈ। ਹਰ ਸਿੱਖਾਂ ਨੂੰ ਇਹ ਦੇਣਾ ਹੀ ਪੈਂਦਾ ਹੈ ਕਿਉਂਕਿ ਗੁਰਬਾਣੀ ਸੁਣਨੀ ਹੈ। ਇਸ ਨਾਲ ਚੈਨਲ ਦੀ TRP ਵੱਧ ਜਾਂਦੀ ਹੈ,ਜਿਸ ਦੇ ਜ਼ਰੀਏ ਵਿਗਿਆਪਨ ਆਉਂਦੇ ਹਨ । ਇੰਟੈਕਚੂਆਲ ਪ੍ਰਾਪਰਟੀ ਰਾਈਟ ਦੇ ਜ਼ਰੀਏ ਇਹ ਪੈਸੇ ਕਮਾਉਣਾ ਚਾਹੁੰਦੇ ਹਨ । ਮੁੱਖ ਮੰਤਰੀ ਮਾਨ ਨੇ SGPC ਦੇ ਪ੍ਰਧਾਨ ਧਾਮੀ ਦੇ ਉਸ ਇਲਜ਼ਾਮ ਦਾ ਵੀ ਜਵਾਬ ਦਿੱਤਾ ਜਿਸ ਵਿੱਚ ਕਿਹਾ ਗਿਆ ਸੀ ਗੁਰਬਾਣੀ ਫ੍ਰੀ ਕਰ ਦਿੱਤੀ ਤਾਂ ਕੈਮਰਿਆਂ ਦਾ ਹੜ ਆ ਜਾਵੇਗਾ,ਉਨ੍ਹਾ ਕਿਹਾ ਕੈਮਰੇ 2 ਤੋਂ 3 ਹੀ ਰਹਿਣਗੇ। ਫ੍ਰੀ ਫੀਡ ਦੇ ਜ਼ਰੀਏ ਕੋਈ ਵੀ ਚੈਨਲ ਗੁਰਬਾਣੀ ਟੈਲੀਕਾਸਟ ਕਰ ਸਕਦਾ ਹੈ,ਜਿਵੇਂ ਵਿਧਾਨਸਭਾ ਦੇ ਲਾਈਟ ਟੈਲੀਕਾਸਟ ਦੇ ਲਈ ਚੈਨਲਾਂ ਦੇ ਕੈਮਰੇ ਨਹੀਂ ਹਨ,ਵਿਧਾਨਸਭਾ ਫੀਡ ਚੈਨਲ ਨੂੰ ਦਿੰਦਾ ਹੈ ।
‘ਸੁਪਰੀਮ ਕੋਰਟ ਨੇ ਸਾਨੂੰ ਅਧਿਕਾਰ ਦਿੱਤੇ’
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੁਪਰੀਮ ਕੋਰਟ ਨੇ ਹਰਿਆਣਾ ਗੁਰਦੁਆਰਾ ਐਕਟ 2014 ਨੂੰ ਮਾਨਤਾ ਦਿੰਦੇ ਹੋਏ SGPC ਦੀ ਪਟੀਸ਼ਨ ਨੂੰ ਡਿਸਮਿਸ ਕਰਦੇ ਹੋਏ ਕਿਹਾ ਸੀ ਕਿ ਸੂਬਾ ਸਰਕਾਰ ਨੂੰ ਅਧਿਕਾਰ ਹੈ ਸੈਕਸ਼ਨ 28 ਅਧੀਨ ਨਵੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦਾ। ਜਿਸ ਵਿੱਚ ਕਿਹਾ ਗਿਆ ਹੈ ਕੌਨਕਰੈਂਟ (Concrete) ਲਿਸਟ ਮੁਤਾਬਿਕ ਸੂਬਾ ਸਰਕਾਰ ਕਾਨੂੰਨ ਬਣਾ ਸਕਦੀ ਹੈ। ਇਹ ਸੂਬੇ ਦਾ ਐਕਟ ਹੈ,ਧਾਮੀ ਸਾਹਿਬ ਵਕੀਲ ਹਨ ਮੈਨੂੰ ਤਾਂ ਉਨ੍ਹਾਂ ‘ਤੇ ਸ਼ੱਕ ਹੈ,SGPC ਆਪ ਹਾਰ ਕੇ ਆਈ ਹੈ ਸੁਪਰੀਮ ਕੋਰਟ ਵਿੱਚ । ਕੌਨਕਰੀਟ ਲਿਸਟ ਮੁਤਾਬਿਕ ਚੈਰੀਟੇਬਲ ਅਤੇ ਧਾਰਮਿਕ ਸੰਸਥਾਵਾਂ ਬਾਰੇ ਸਰਕਾਰ ਫੈਸਲਾ ਲੈ ਸਕਦੀ ਹੈ। 125 A ਜਿਹੜੀ ਅਸੀਂ ਨਵੇਂ ਐਕਟ ਵਿੱਚ ਜੋੜੀ ਹੈ ਉਸ ਮੁਤਾਬਿਕ SGPC ਦੀ ਡਿਊਟੀ ਹੋਵੇਗੀ ਕਿ ਉਹ ਬਿਨਾਂ ਰੋਕ ਟੋਕ ਦੇ ਗੁਰਬਾਣੀ ਦੇ ਲਾਈਵ ਟੈਲੀਕਾਸਟ ਦੀ ਇਜਾਜ਼ਤ ਫ੍ਰੀ ਵਿੱਚ ਸਭ ਨੂੰ ਦੇਵੇ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਵਿਗਿਆਪਨ ਨਹੀਂ ਵਿਖਾਏ ਜਾਣਗੇ। ਸਾਰੇ ਚੈਨਲਾਂ ਨੂੰ ਵੀਡੀਓ ਅਤੇ ਆਡੀਓ ਫ੍ਰੀ ਵਿੱਚ ਦਿੱਤੇ ਜਾਣਗੇ ਜੋ ਵੀ ਇਸ ਨੂੰ ਟੈਲੀਕਾਸਟ ਕਰਨਾ ਚਾਹੁੰਦਾ ਹੈ।
ਬਾਦਲ ਪਰਿਵਾਰ ‘ਤੇ ਤੰਜ
ਸੀਐੱਮ ਮਾਨ ਨੇ ਕਿਹਾ ਮੈਂ ਗੁਰਬਾਣੀ ਦੇ ਫ੍ਰੀ ਪ੍ਰਸਾਰਣ ਦਾ ਐਕਟ ਲੈਕੇ ਆਇਆ ਹਾਂ ਤਾਂ ਮੈਨੂੰ ਕਹਿੰਦੇ ਹਨ ਕਿ ਗੁਰੂ ਘਰ ਨਾਲ ਮੱਥਾ ਨਾ ਲਾਉ,ਅਸੀਂ ਤਾਂ ਦੂਰੋ ਨਿਸ਼ਾਨ ਸਾਹਿਬ ਵੇਖ ਕੇ ਹੀ ਮੱਥਾ ਟੇਕ ਦਿੰਦੇ ਹਾਂ,ਅਸੀਂ ਕਿਵੇਂ ਮੱਥਾ ਲਾ ਸਕਦੇ ਹਾਂ। ਮੈਂ ਜਦੋਂ ਵੀ ਗੁਰੂ ਘਰ ਜਾਂਦਾ ਹੈ ਹਮੇਸ਼ਾ ਲਾਈਨ ਵਿੱਚ ਲੱਗ ਦਾ ਹਾਂ ਜਦੋਂ ਬਾਦਲ ਪਰਿਵਾਰ ਜਾਂਦਾ ਹੈ ਤਾਂ ਕੀਰਤਨ ਵਾਲੇ ਵੀ ਉੱਠ ਕੇ ਖੜੇ ਹੋ ਜਾਂਦੇ ਹਨ । ਅਸੀਂ ਮੌਕਾ ਵੇਖ ਕੇ ਦਾੜੀ ਨਹੀਂ ਖੋਲਦੇ ਹਾਂ,ਇਨ੍ਹਾਂ ਪਤਾ ਹੈ ਸੱਚੇ ਹਾਂ,ਬੰਦਾ ਕੋਈ ਨੁਕਸ ਕੱਢ ਕੇ ਵਿਖਾ ਦੇਵੇ ਤਾਂ ਮੰਨ ਜਾਵਾਂਗੇ । ਮੈਂ ਕੋਈ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਹਨ।
ਰਾਜਪਾਲ ਨੂੰ ਚਿੱਠੀ ਲਿੱਖਣ ਤੋਂ ਇਲਾਵਾ ਕੋਈ ਕੰਮ ਨਹੀਂ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਰਾਜਪਾਲ ਸਾਹਿਬ ਕਹਿੰਦੇ ਹਨ ਇਜਲਾਸ ਬੁਲਾਉਣ ਦੀ ਕੀ ਜ਼ਰੂਰਤ ਹੈ। ਮਾਨ ਨੇ ਸਦਨ ਵਿੱਚ ਰਾਜਪਾਲ ਵੱਲੋਂ ਭੇਜੀਆਂ ਗਈਆਂ ਚਿੱਠੀਆਂ ਦਿਖਾ ਕੇ ਕਿਹਾ ਕਿ ਗਵਰਨਰ ਨੇ ਮੈਨੂੰ ਕਈ ਲਵ ਲੈਟਰ ਲਿਖੇ ਹਨ। ਉਹ ਖਾਲੀ ਬੈਠੇ ਹਨ, ਉਨ੍ਹਾਂ ਨੂੰ ਚਿੱਠੀ ਲਿੱਖਣ ਤੋਂ ਇਲਾਵਾ ਕੋਈ ਕੰਮ ਨਹੀਂ ਹੈ। ਉਹ ਕਹਿੰਦੇ ਹਨ ਕਿ ਚਿੱਠੀ ਦਾ ਜਵਾਬ ਨਹੀਂ ਦਿੰਦੇ,ਅਸੀਂ ਬਹੁਤ ਦੇ ਜਵਾਬ ਵੀ ਦਿੰਦੇ ਹਾਂ, ਕੁਝ ਦਾ ਟਾਈਮ ਲੱਗ ਜਾਂਦਾ ਹੈ, ਗਵਰਨਰ ਦਾ ਫਰਜ਼ ਬਣ ਦਾ ਹੈ ਕਿ ਪੰਜਾਬ ਦੇ ਹੱਕ ਨੂੰ ਉੱਤੇ ਰੱਖ ਕੇ ਗੱਲ ਕਰਨ। ਪਰ ਰਾਜਪਾਲ ਉਸ ਦੇ ਉਲਟ ਕਰਦੇ ਹਨ।
ਰਾਜਭਵਨ ਪਾਰਟੀ ਦੇ ਦਫ਼ਤਰ ਬਣੇ
CM ਮਾਨ ਨੇ ਕਿਹਾ ਰਾਜਪਾਲ ਪੰਜਾਬ ਯੂਨੀਵਰਸਿਟੀ,ਚੰਡੀਗੜ੍ਹ ਵਿੱਚ ਹਰਿਆਣਾ ਦੇ ਕਾਲਜਾਂ ਦਾ ਨਾਂ ਜੋੜਨ ਦੀ ਗੱਲ ਕਹਿੰਦੇ ਹਨ । ਇਹ ਹੋ ਕੀ ਰਿਹਾ ਹੈ ? ਰਾਜਭਵਨ ਸੱਤਾਧਾਰੀ ਪਾਰਟੀ ਦਾ ਦਫਤਰ ਬਣ ਗਏ ਹਨ ।
ਵਿਰੋਧੀਆਂ ਦੇ ਨਿਸ਼ਾਨੇ
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਐੱਸ.ਜੀ.ਪੀ. ਨੂੰ ਆਪਣਾ ਚੈਨਲ ਸ਼ੁਰੂ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਸੰਸਥਾ ਹੈ ਅਤੇ ਸਰਕਾਰ ਦਾ ਇਸ ਕਮੇਟੀ ‘ਚ ਦਖ਼ਲ-ਅੰਦਾਜ਼ੀ ਕਰਨ ਦਾ ਕੋਈ ਹੱਕ ਨਹੀਂ ਬਣਦਾ ਹੈ। ਇਹ ਬਹੁਤ ਅਹਿਮ ਮਸਲਾ ਹੈ, ਜੋ ਗੁਰਬਾਣੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਬਿੱਲ ਦਾ ਵਿਰੋਧ ਕਰਦਿਆਂ ਕਿਹਾ ਕਿ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਿਲ ਕੇ ਇਸ ‘ਤੇ ਵਿਚਾਰ ਕਰਕੇ ਹੱਲ ਕੱਢੇ। ਮਨਪ੍ਰੀਤ ਇਆਲੀ ਨੇ ਕਿਹਾ ਕਿ ਜੇਕਰ ਇਹ ਬਿੱਲ ਪਾਸ ਹੁੰਦਾ ਹੈ ਤਾਂ ਆਉਣ ਵਾਲੇ ਸਮੇਂ ‘ਚ ਸਰਕਾਰਾਂ ਇਸ ਦੀ ਆੜ ‘ਚ ਗਲਤ ਫ਼ੈਸਲੇ ਲੈਣਗੀਆਂ ਅਤੇ ਸਰਕਾਰਾਂ ਦੀ ਐੱਸ.ਜੀ.ਪੀ.ਸੀ. ‘ਚ ਦਖ਼ਲ-ਅੰਦਾਜ਼ੀ ਵਧੇਗੀ। ਇਸ ਨਾਲ ਸਿੱਖਾਂ ਦੇ ਮਨਾਂ ਨੂੰ ਭਾਰੀ ਠੇਸ ਪੁੱਜੇਗੀ।
ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਇਸ ਸਬੰਧੀ ਆਪਣੇ ਫੇਸਬੁਕ ਪੇਜ ਉਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਉਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ। ਉਨ੍ਹਾਂ ਨੇ ਆਪਣੇ ਫੇਸਬੁਕ ਪੇਜ ਉਤੇ ਦਾਦੂਵਾਲ ਦੀਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਕੁਝ ਤਸਵੀਰਾਂ ਸਾਂਝੀ ਕਰਦੇ ਹੋਏ ਲਿਖਿਆ ਹੈ-”ਐਨਾ “ਬਾਗੜ ਬਿੱਲਿਆਂ” ਤੇ ਸਿੱਖ ਵਿਰੋਧੀਆਂ ਵੱਲੋਂ ਇੱਕ ਸਾਜਿਸ਼ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜੋਰ ਕਰਨ ਲਈ ਚੁੱਕੇ ਗਏ ਕਦਮਾਂ ਕਰਕੇ ਹੀ ਅੱਜ ਇੱਕ ਸ਼ਰਾਬੀ ਮੁੱਖ ਮੰਤਰੀ ਦੀ ਅਗਲਾ ਗੁਨਾਹ ਭਰਿਆ ਕਦਮ ਚੁੱਕਣ ਦੀ ਜੁਰਅਤ ਪੈਦਾ ਹੋਈ ਹੈ। ਏਨਾਂ ਨੂੰ ਇਤਿਹਾਸ ਕਦੇ ਵੀ ਮਾਫ ਨਹੀਂ ਕਰੇਗਾ।”
ਕਾਂਗਰਸ ਦਾ ਵਾਕ ਆਊਟ
ਸਵੇਰ 11 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਪਹਿਲਾਂ ਇਹ ਮਕਸਦ ਦੱਸਿਆ ਜਾਵੇ ਕਿ ਸੈਸ਼ਨ ਕਿਉਂ ਬੁਲਾਇਆ ਗਿਆ ਹੈ ? 9 ਮਹੀਨੇ ਪਹਿਲਾਂ ਆਪਰੇਸ਼ਨ ਲੋਟਸ ‘ਤੇ ਸੈਸ਼ਨ ਬੁਲਾਇਆ ਸੀ, CM ਸਮੇਤ ਵਿਧਾਇਕਾਂ ਨੇ ਇਸ ‘ਤੇ ਬੋਲਿਆ,ਵਿਧਾਇਕਾਂ ਨੇ ਸ਼ਿਕਾਇਤਾਂ ਵੀ ਦਰਜ ਕਰਵਾਈਆਂ,ਉਸ ਦਾ ਕੀ ਹੋਇਆ ? ਉਸ ਬਾਰੇ ਸਾਨੂੰ ਦੱਸਿਆ ਜਾਵੇ,ਸਪੀਕਰ ਨੇ ਕਿਹਾ ਇਸ ਦੀ ਜਾਂਚ ਹੋ ਰਹੀ ਹੈ। ਇਸ ਤੋਂ ਬਾਅਦ ਕਾਂਗਰਸ ਵਿਧਾਇਕਾਂ ਨੇ ਸੈਸ਼ਨ ਦਾ ਬਾਈਕਾਟ ਕਰ ਦਿੱਤਾ। ਬਾਹਰ ਆ ਕੇ ਬਾਜਵਾ ਨੇ ਕਿਹਾ ਕਿ ਹੁਣ ਤੱਕ ਇਸ ਬਾਰੇ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ। ਇਸ ਬਾਰੇ ਵੀ ਕੋਈ ਏਜੰਡਾ ਤੱਕ ਨਹੀਂ ਦਿੱਤਾ ਗਿਆ।
ਮੁੱਖ ਮੰਤਰੀ ਮਾਨ ਨੇ ਪ੍ਰਤਾਪ ਬਾਜਵਾ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਉਨ੍ਹਾਂ ਦਾ ਨਾਮ ਪ੍ਰਤਾਪ ਬਾਜਵਾ ਨਹੀਂ ਪ੍ਰਤਾਪ ਭਾਜਪਾ ਹੈ ਕਿਉਂਕਿ ਉਹ ਹਰ ਵੇਲੇ ਭਾਜਪਾ ਦੀ ਹੀ ਫਿਕਰ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਬਾਜਵਾ ਲੋਕਾਂ ਦੁਆਰਾ ਚੁਣੇ ਹੋਏ ਉਮੀਦਵਾਰਾਂ ਨੂੰ ਮਟੀਰੀਅਲ ਦੱਸਦੇ ਹਨ। ਮਾਨ ਨੇ ਕਿਹਾ ਕਿ ਜ਼ਿਆਦਾ ਕਾਲੀਆਂ ਐਨਕਾਂ ਲਾਉਣ ਨਾਲ ਬੰਦਾ ਸੱਚਾ ਨਹੀਂ ਹੋ ਜਾਂਦਾ ਬਲਕਿ ਲੋਕ ਸ਼ੱਕ ਕਰਨ ਲੱਗ ਜਾਂਦੇ ਹਨ।