ਚੰਡੀਗੜ੍ਹ : ਨਸ਼ਾ ਤਸਕਰੀ ਮਾਮਲੇ ਵਿੱਚ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ਸਰਕਾਰ ਨੇ PPS ਅਫ਼ਸਰ ਰਾਜਜੀਤ ਸਿੰਘ ਨੂੰ ਬਰਖਾਸਤ ਕਰ ਦਿੱਤਾ ਹੈ। ਰਾਜਜੀਤ ਸਿੰਘ ‘ਤੇ ਇਹ ਕਾਰਵਾਈ ਇਸ ਲਈ ਕੀਤੀ ਗਈ ਹੈ ਕਿਉਂਕਿ ਉਹ ਨਸ਼ਾ ਤਸਕਰੀ ਕੇਸ ਵਿੱਚ ਨਾਮਜ਼ਦ ਹੈ। ਇਸ ਸੰਬੰਧ ਵਿੱਚ ਵਿਜੀਲੈਂਸ ਨੂੰ ਜਾਂਚ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ।
ਇਸ ਸੰਬੰਧ ਵਿੱਚ ਜਾਣਕਾਰੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਪਾ ਕੇ ਦਿੱਤੀ ਹੈ। ਆਪਣੇ ਕੀਤੇ ਹੋਏ ਟਵੀਟ ਵਿੱਚ ਮਾਨ ਨੇ ਦੱਸਿਆ ਹੈ ਕਿ ਨਸ਼ਾ ਤਸਕਰੀ ਚ ਸ਼ਾਮਿਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਸੀਲਬੰਦ ਲਿਫ਼ਾਫ਼ਿਆਂ ਦੀਆਂ ਰਿਪੋਰਟਾਂ ਨੂੰ ਘੋਖਣ ਤੋਂ ਬਾਅਦ ਰਾਜਜੀਤ ਸਿੰਘ PPS ਨੂੰ ਡਰੱਗ ਤਸਕਰੀ ਕੇਸ ਵਿੱਚ ਨਾਮਜ਼ਦ ਕਰਕੇ ਤੁਰੰਤ ਨੌਕਰੀ ਤੋਂ ਬਰਖਾਸਤ ਕੀਤਾ ਜਾਂਦਾ ਹੈ। ਮੁੱਖ ਮੰਤਰੀ ਮਾਨ ਨੇ ਇਹ ਵੀ ਦੱਸਿਆ ਹੈ ਕਿ ਵਿਜੀਲੈਂਸ ਵਿਭਾਗ ਨੂੰ ਰਾਜਜੀਤ ਸਿੰਘ ਦੀ ਚਿੱਟੇ ਦੀ ਤਸਕਰੀ ਨਾਲ ਬਣਾਈ ਹੋਈ ਜਾਇਦਾਦ ਦੀ ਜਾਂਚ ਕਰਨ ਲਈ ਵੀ ਕਿਹਾ ਗਿਆ ਹੈ ਤੇ ਇਸ ਸੰਬੰਧ ਵਿੱਚ ਹੋਰ ਵੇਰਵੇ ਜਲਦੀ ਹੀ ਸਾਂਝੇ ਕੀਤੇ ਜਾਣਗੇ।
ਨਸ਼ਾ ਤਸਕਰੀ ਚ ਸ਼ਾਮਿਲ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ..ਸੀਲਬੰਦ ਲਿਫ਼ਾਫ਼ਿਆਂ ਦੀਆਂ ਰਿਪੋਰਟਾਂ ਨੂੰ ਘੋਖਣ ਤੋਂ ਬਾਅਦ ਰਾਜਜੀਤ ਸਿੰਘ PPS ਨੂੰ ਡਰੱਗ ਤਸਕਰੀ ਕੇਸ ਵਿੱਚ ਨਾਮਜ਼ਦ ਕਰਕੇ ਤੁਰੰਤ ਨੌਕਰੀ ਤੋਂ ਬਰਖਾਸਤ ਕੀਤਾ ਜਾਂਦਾ ਹੈ ਵਿਜੀਲੈੰਸ ਨੂੰ ਚਿੱਟੇ ਦੀ ਤਸਕਰੀ ਨਾਲ ਕਮਾਈ ਹੋਈ ਸੰਮਤੀ ਦੀ ਜਾਂਚ ਕਰਨ ਲਈ ਵੀ ਕਿਹਾ ਗਿਆ ਹੈ..ਵੇਰਵੇ ਜਲਦੀ
— Bhagwant Mann (@BhagwantMann) April 17, 2023
ਜ਼ਿਕਰਯੋਗ ਹੈ ਕਿ ਹਾਈ ਕੋਰਟ ਵਿੱਚ ਨਸ਼ਿਆਂ ਦੀ ਤਸਕਰੀ ਦੇ ਸੰਬੰਧ ਵਿੱਚ ਪੇਸ਼ ਕੀਤੀਆਂ ਗਈਆਂ 4 ਰਿਪੋਰਟਾਂ ਵਿੱਚੋਂ ਤਿੰਨ ਨੂੰ ਖੋਲਿਆ ਗਿਆ ਸੀ ਤੇ ਇਹਨਾਂ ਵਿੱਚ ਪੁਲਿਸ ਅਧਿਕਾਰੀ ਰਾਜਜੀਤ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ।ਇੱਕ ਪੁਲਿਸ ਕਰਮਚਾਰੀ ਇੰਦਰਜੀਤ ਸਿੰਘ ਦੀ ਸ਼ਮੁਲੀਅਤ ਦੀ ਗੱਲ ਵੀ ਸਾਹਮਣੇ ਆਈ ਸੀ,ਜੋ ਕਿ ਇਸ ਵੇਲੇ ਪਟਿਆਲਾ ਜੇਲ੍ਹ ਵਿੱਚ ਬੰਦ ਹੈ।ਅਦਾਲਤ ਨੇ ਪੁਲਿਸ ਅਧਿਕਾਰੀ ਇੰਦਰਜੀਤ ਸਿੰਘ ਨਾਲ ਰਾਜਜੀਤ ਸਿੰਘ ਦੇ ਨਾਲ ਸੰਬੰਧ ਹੋਣ ਦੀ ਜਾਂਚ ਦੇ ਹੁਕਮ ਦਿੱਤੇ ਹਨ ਤੇ ਇਸ ਮਾਮਲੇ ਵਿੱਚ ਇੱਕ IPS ਤੇ ਤਿੰਨ 3 PPS ਅਫਸਰਾਂ ਦੇ ਸ਼ਾਮਿਲ ਹੋਣ ਦੀ ਗੱਲ ਵੀ ਕਹੀ ਹੈ।
ਇੰਦਰਜੀਤ ਦਾ ਸਮੱਗਲਰਾਂ ਅਤੇ 4 ਪੁਲਿਸ ਅਧਿਕਾਰੀਆਂ ਨਾਲ ਗਠਜੋੜ
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਐਸਆਈਟੀ ਨੇ ਆਪਣਾ ਜਾਂਚ ਦਾ ਕੰਮ ਪੂਰਾ ਕਰ ਲਿਆ ਹੈ। ਦੂਜੇ ਮਾਮਲੇ ਦੀ ਜਾਂਚ ਕਰਦੇ ਹੋਏ ਐਸਆਈਟੀ ਨੇ ਇੰਦਰਜੀਤ ਦੇ ਤਸਕਰਾਂ ਅਤੇ 4 ਪੁਲਿਸ ਅਧਿਕਾਰੀਆਂ ਨਾਲ ਗਠਜੋੜ ਦਾ ਪਤਾ ਲਗਾਇਆ ਹੈ। ਜਿਨ੍ਹਾਂ ਵਿੱਚੋਂ ਤਿੰਨ ਪੀਪੀਐਸ ਅਤੇ ਇੱਕ ਪੰਜਾਬ ਕੇਡਰ ਦਾ ਆਈਪੀਐਸ ਸ਼ਾਮਿਲ ਹੈ।
ਹੈੱਡ ਕਾਂਸਟੇਬਲ ਨਿਯਮਾਂ ਦੇ ਉਲਟ ਦਰਜ ਕਰਦਾ ਰਿਹਾ ਕੇਸ
ਐਸਆਈਟੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਇਨ੍ਹਾਂ 4 ਅਧਿਕਾਰੀਆਂ ਨੇ ਗੈਰਕਾਨੂੰਨੀ ਤੌਰ ‘ਤੇ ਇੱਕ ਹੈੱਡ ਕਾਂਸਟੇਬਲ ਇੰਦਰਜੀਤ ਸਿੰਘ ਨੂੰ ਐਸਐਸਪੀ ਵਜੋਂ ਤਾਇਨਾਤੀ ਦੌਰਾਨ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ (ਐਨਡੀਪੀਐਸ) ਐਕਟ ਤਹਿਤ ਐਫਆਈਆਰ ਦਰਜ ਕਰਨ ਦੀ ਇਜਾਜ਼ਤ ਦਿੱਤੀ ਸੀ। ਜਦੋਂ ਕਿ ਨਿਯਮਾਂ ਮੁਤਾਬਕ ਏਐੱਸਆਈ ਤੋਂ ਘੱਟ ਰੈਂਕ ਦਾ ਅਧਿਕਾਰੀ ਐੱਨਡੀਪੀਐੱਸ ਤਹਿਤ ਕੇਸ ਦਰਜ ਨਹੀਂ ਕਰ ਸਕਦਾ। ਇਸ ਨਾਲ ਮੁਲਜ਼ਮ ਤਸਕਰਾਂ ਨੂੰ ਅਦਾਲਤਾਂ ਵੱਲੋਂ ਬਰੀ ਕਰਨ ਵਿੱਚ ਮਦਦ ਮਿਲੀ ਹੈ।
ਸੇਵਾਮੁਕਤ ਡੀਐਸਪੀ ਨੇ ਵੀ ਸਵਾਲ ਖੜ੍ਹੇ ਕੀਤੇ
ਇੰਦਰਜੀਤ ਸਿੰਘ ਦੇ ਨਾਲ ਕੰਮ ਕਰ ਚੁੱਕੇ ਸੇਵਾਮੁਕਤ ਡੀਐੱਸਪੀ ਜਸਵੰਤ ਨੇ ਆਪਣੇ ਬਿਆਨ ਵਿੱਚ ਸਾਫ਼-ਸਾਫ਼ ਕਿਹਾ ਸੀ ਕਿ ਇਹ ਚੰਗੀ ਤਰ੍ਹਾਂ ਜਾਣਦੇ ਹੋਏ ਕਿ ਇੰਦਰਜੀਤ ਦਾ ਰੈਂਕ ਹੈੱਡ ਕਾਂਸਟੇਬਲ ਦਾ ਹੈ, ਐਸਐਸਪੀ ਰਾਜ ਜੀਤ ਨੇ ਉਸ ਨੂੰ ਐਨਡੀਪੀਐਸ ਐਕਟ ਤਹਿਤ ਐਫਆਈਆਰ ਦਰਜ ਕਰਨ ਦੀ ਇਜਾਜ਼ਤ ਦੇ ਦਿੱਤੀ। ਇਸੇ ਖਾਮੀ ਦਾ ਪਤਾ ਬਾਅਦ ਵਿੱਚ ਤਤਕਾਲੀ ਐਸਟੀਐਫ ਮੁਖੀ ਹਰਪ੍ਰੀਤ ਸਿੱਧੂ ਨੇ ਲਗਾਇਆ ਸੀ।
ਸੀਨੀਅਰ ਪੁਲੀਸ ਅਧਿਕਾਰੀਆਂ ’ਤੇ ਜਲਦੀ ਹੀ ਹੋ ਸਕਦੀ ਹੈ ਕਾਰਵਾਈ
ਐਸਆਈਟੀ ਵੱਲੋਂ ਸਮੇਂ ਸਿਰ ਆਪਣਾ ਕੰਮ ਪੂਰਾ ਕਰਨ ਤੋਂ ਬਾਅਦ ਇਹ ਰਿਪੋਰਟ ਅਗਲੀ ਤਰੀਕ ਨੂੰ ਅਦਾਲਤ ਵਿੱਚ ਪੇਸ਼ ਕੀਤੀ ਜਾ ਸਕਦੀ ਹੈ। ਇਸ ਮਾਮਲੇ ਵਿੱਚ ਇਹ ਤੀਜੀ ਰਿਪੋਰਟ ਹੈ, ਜੋ ਸਮੇਂ ਸਿਰ ਦਰਜ ਕੀਤੀ ਜਾ ਰਹੀ ਹੈ। ਜਿਸ ਕਾਰਨ ਨਸ਼ਾ ਤਸਕਰੀ ਵਿੱਚ ਸ਼ਾਮਲ ਪੁਲੀਸ ਅਧਿਕਾਰੀਆਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।