India

ਬਿਹਾਰ ਚੋਣਾਂ ‘ਚ ਨਿਤੀਸ਼ ਕੁਮਾਰ ਨੇ ‘ਐਨਡੀਏ ਵਿਚਾਲੇ ਸੀਟਾਂ ‘ਚ ਵੰਡ ਕਰਨ ਦਾ ਕੀਤਾ ਐਲਾਨ

‘ਦ ਖ਼ਾਲਸ ਬਿਊਰੋ :- ਬਿਹਾਰ ਵਿਧਾਨ ਸਭਾ ਚੋਣਾਂ ਲਈ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਵਿਚਾਲੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸੀਟਾਂ ਦੀ ਵੰਡ ਬਾਰੇ ਐਲਾਨ ਕੀਤਾ। ਬਿਹਾਰ ’ਚ ਭਾਜਪਾ 121 ਜਦਕਿ ਨਿਤੀਸ਼ ਦੀ ਜਨਤਾ ਦਲ (ਯੂ) ਪਾਰਟੀ 122 ਸੀਟਾਂ ’ਤੇ ਚੋਣਾਂ ਲੜੇਗੀ। ਇਸ ਦੌਰਾਨ ਭਾਜਪਾ ਨੇ 27 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨੂੰ 121 ਸੀਟਾਂ ਜਦਕਿ ਜਨਤਾ ਦਲ (ਯੂ) ਨੂੰ 122 ਸੀਟਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇਡੀਯੂ ਵੱਲੋਂ ਆਪਣੇ ਕੋਟੇ ’ਚੋਂ 7 ਸੀਟਾਂ ਹਿੰਦੁਸਤਾਨ ਅਵਾਮ ਮੋਰਚਾ (ਐੱਚਏਐੱਮ) ਨੂੰ ਦਿੱਤੀਆਂ ਜਾਣਗੀਆਂ ਜਦਕਿ ਭਾਜਪਾ ਆਪਣੇ ਕੋਟੇ ’ਚੋਂ ਕੁੱਝ ਸੀਟਾਂ ਵਿਕਾਸ ਇਨਸਾਨ ਪਾਰਟੀ (ਵੀਆਈਪੀ) ਨੂੰ ਦੇਵੇਗੀ। ਉਨ੍ਹਾਂ ਦੱਸਿਆ ਕਿ ਸੀਟਾਂ ਬਾਰੇ ਭਾਜਪਾ ਤੇ ਵੀਆਈਪੀ ਵਿਚਾਲੇ ਗੱਲਬਾਤ ਆਖਰੀ ਪੜਾਅ ’ਤੇ ਹੈ। ਉਨ੍ਹਾਂ ਕਿਹਾ, ‘ਸਾਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਕੀ ਸੋਚਦਾ ਹੈ। ਅਸੀਂ ਇਕੱਠੇ ਕੰਮ ਕਰ ਰਹੇ ਹਾਂ ਤੇ ਕਰਦੇ ਰਹਾਂਗੇ।’ ਇਸ ਤੋਂ ਪਹਿਲਾਂ ਭਾਜਪਾ ਦੀ ਬਿਹਾਰ ਇਕਾਈ ਦੇ ਮੁਖੀ ਸੰਜੈ ਜੈਸਵਾਲ ਨੇ ਕਿਹਾ ਕਿ ਐੱਨਡੀਏ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਹੇਠ ਬਿਹਾਰ ਵਿਧਾਨ ਸਭਾ ਚੋਣਾਂ ਲੜੇਗਾ।

ਮੀਡੀਆ ਦੀ ਕਾਨਫਰੰਸ ਮੌਕੇ ਜੈਸਵਾਲ ਤੋਂ ਇਲਾਵਾ ਬਿਹਾਰ ਭਾਜਪਾ ਦੇ ਇੰਚਾਰਜ ਭੁਪੇਂਦਰ ਯਾਦਵ, ਭਾਜਪਾ ਬਿਹਾਰ ਦੇ ਚੋਣ ਇੰਚਾਰਜ ਦੇਵੇਂਦਰ ਫੜਨਗੀਸ, ਜੇਡੀਯੂ ਦੇ ਸੂਬਾ ਪ੍ਰਧਾਨ ਵਸ਼ਿਸ਼ਟ ਨਾਰਾਇਣ ਸਿੰਘ ਤੇ ਬਿਹਾਰ ਦੇ ਉੱਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਵੀ ਹਾਜ਼ਰ ਸਨ। ਇਸੇ ਦੌਰਾਨ ਬਿਹਾਰ ’ਚ ਐੱਨਡੀਏ ’ਚੋਂ ਬਾਹਰ ਹੋਈ ਲੋਕ ਜਨਸ਼ਕਤੀ ਪਾਰਟੀ ਬਾਰੇ ਭਾਜਪਾ ਨੇ ਕਿਹਾ ਕਿ ਹੁਣ ਚਿਰਾਗ ਪਾਸਵਾਨ ਦੀ ਅਗਵਾਈ ਹੇਠਲੀ ਪਾਰਟੀ ਲਈ ਗੱਠਜੋੜ ’ਚ ਵਾਪਸੀ ਦਾ ਕੋਈ ਰਾਹ ਨਹੀਂ ਹੈ। ਇਸ ਮੌਕੇ ਨਿਤੀਸ਼ ਕੁਮਾਰ ਨੇ ਕਿਹਾ ਕਿ ਐੱਨਡੀਏ ਗੱਠਜੋੜ ਵਿਕਾਸ ਦੇ ਆਧਾਰ ’ਤੇ ਬਿਹਾਰ ਚੋਣਾਂ ਲੜੇਗਾ। ਵਿਰੋਧੀ ਧਿਰ ’ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ, ‘ਆਰਜੇਡੀ ਦੇ 15 ਸਾਲਾਂ ਦੇ ਕਾਰਜਕਾਲ ਦੌਰਾਨ ਬਿਹਾਰ ’ਚ ਕੀ ਵਿਕਾਸ ਹੋਇਆ। ਇੱਥੇ ਨਾ ਤਾਂ ਸੜਕਾਂ ਬਣੀਆਂ ਤੇ ਨਾ ਹੀ ਲੋਕਾਂ ਨੂੰ ਬਿਜਲੀ ਸਪਲਾਈ ਮਿਲੀ।