‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨੀ ਸੰਘਰਸ਼ ਵਿੱਚ ਪੰਜਾਬੀ ਕਲਾਕਾਰ ਕਿਸਾਨਾਂ ਦੇ ਹੱਕ ਵਿੱਚ ਨਿੱਤਰੇ ਹਨ। ਕਲਾਕਾਰਾਂ ਨੇ ਸ਼ਹਿਰੀ ਧਰਨੇ ਲਾ ਕੇ ਕਿਸਾਨਾਂ ਦਾ ਸਾਥ ਦਿੱਤਾ। ਇਸ ਮੌਕੇ ਪੰਜਾਬੀ ਗਾਇਕ ਬੀਰ ਸਿੰਘ ਨੇ ਦੱਸਿਆ ਕਿ ਅਸੀਂ ਇਹੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਖੇਤੀ ਕਾਨੂੰਨ ਦੇ ਨਾਲ ਸਾਰਿਆਂ ਦੇ ਘਰਾਂ ‘ਤੇ ਅਸਰ ਪਵੇਗਾ ਕਿਉਂਕਿ ਅਨਾਜ ਸਾਰਿਆਂ ਲਈ ਬਹੁਤ ਲੋੜੀਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਅੰਦੋਲਨ ਵਿੱਚ ਜੋ ਲੋਕ ਸਰੀਰਕ ਤੌਰ ‘ਤੇ ਮੌਜੂਦ ਨਹੀਂ ਹੋ ਸਕੇ ਸੀ, ਉਨ੍ਹਾਂ ਨੇ ਆਰਥਿਕ ਤੌਰ ‘ਤੇ ਮਦਦ ਭੇਜ ਕੇ ਆਪਣਾ ਸਮਰਥਨ ਦਿੱਤਾ।
ਪੰਜਾਬੀ ਕਲਾਕਾਰਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਦੀ ਹਰ ਮਦਦ ਕਰਾਂਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਵਿੱਚ ਵਪਾਰੀ ਵਰਗ ਨੂੰ ਵੀ ਨਾਲ ਲੈ ਕੇ ਜਾਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਯੂਰੀਆ ਲਈ ਰੇਲ ਗੱਡੀਆਂ ਚਲਾਉਣੀਆਂ ਵਾਜਬ ਸੀ। ਪਰ ਇਹ ਰੇਲ ਗੱਡੀਆਂ ਲੰਮੇ ਸਮੇਂ ਲਈ ਨਹੀਂ ਬਲਕਿ 15 ਦਿਨਾਂ ਲਈ ਚੱਲੀਆਂ ਹਨ। ਜੇ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਨਹੀਂ ਮੰਨਦੀ ਤਾਂ ਕਿਸਾਨ ਰੇਲ ਰੋਕੋ ਅੰਦੋਲਨ ਫਿਰ ਤੋਂ ਸ਼ੁਰੂ ਕਰ ਦੇਣਗੇ।
ਉਨ੍ਹਾਂ ਨੇ ਕਿਹਾ ਕਿ ਸਾਡਾ ਕੋਈ ਵੱਖਰਾ ਧੜਾ ਨਹੀਂ ਹੈ, ਅਸੀਂ ਕਿਸਾਨਾਂ ਦੇ ਨਾਲ ਹਾਂ। ਉਨ੍ਹਾਂ ਨੇ ਰਾਜਨੀਤਿਕ ਪਾਰਟੀਆਂ ਨੂੰ ਹਦਾਇਤ ਦਿੰਦਿਆਂ ਕਿਹਾ ਕਿ ਰਾਜਨੀਤਿਕ ਧਿਰਾਂ ਨੂੰ ਆਪਣਾ ਝੰਡਾ ਛੱਡ ਕੇ ਕਿਸਾਨਾਂ ਦੀ ਹਮਾਇਤ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਕਿਸਾਨੀ ਝੰਡੇ ਹੇਠ ਕਿਸਾਨੀ ਧਿਰਾਂ ਦੀ ਅਗਵਾਈ ਵਿੱਚ ਧਰਨੇ ਵਿੱਚ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਯਾਤਰੀ ਰੇਲਾਂ ਨਾ ਚਲਾਉਣ ਦੇਣ ਦੀ ਇਜਾਜ਼ਤ ‘ਤੇ ਕਿਹਾ ਕਿ ਅਸੀਂ ਕਿਸੇ ਇੱਕ ਕਿਸਾਨ ਜਥੇਬੰਦੀ ਦੀ ਹਮਾਇਤ ਨਹੀਂ ਕਰਾਂਗੇ, ਜਿਸ ਪਾਸੇ ਬਹੁਮੱਤ ਜ਼ਿਆਦਾ ਹੋਵੇਗੀ, ਅਸੀਂ ਉਨ੍ਹਾਂ ਦਾ ਸਾਥ ਦੇਵਾਂਗੇ।
ਕਲਾਕਾਰਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦੋ ਵਾਰ ਹੋਈ ਗੱਲਬਾਤ ਵਿੱਚ ਕਿਸਾਨਾਂ ‘ਤੇ ਖੇਤੀ ਕਾਨੂੰਨਾਂ ਦਾ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਕਿਸਾਨਾਂ ਦੀ ਗੱਲ ਨੂੰ ਦਲੀਲ ਨਾਲ ਸੁਣਿਆ ਹੀ ਨਹੀਂ ਸੀ। ਜੋ ਕਿਸਾਨ ਕਹਿਣਾ ਚਾਹੁੰਦੇ ਹਨ, ਉਹ ਕੇਂਦਰ ਸਰਕਾਰ ਸੁਣਨ ਨੂੰ ਤਿਆਰ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹਿੰਸਕ ਨਹੀਂ ਹਨ ਅਤੇ ਕਿਸਾਨਾਂ ਦਾ ਸੰਘਰਸ਼ ਦੋ ਮਹੀਨੇ ਸ਼ਾਂਤਮਈ ਚੱਲਿਆ ਹੈ ਅਤੇ ਹੁਣ ਜੇ ਕੋਈ ਗੜਬੜ ਹੁੰਦੀ ਹੈ ਤਾਂ ਉਹ ਕੇਂਦਰ ਖੁਦ ਕਰਵਾਏਗੀ।