International

ਆਕਸਫੋਰਡ ਯੂਨੀਵਰਸਿਟੀ ਨੇ ਤਿਆਰ ਕੀਤੀ ਕੋਵਿਡ-19 ਦੀ ਵੈਕਸੀਨ

‘ਦ ਖ਼ਾਲਸ ਬਿਊਰੋ :-  ਆਕਸਫੋਰਡ ਯੂਨੀਵਰਸਿਟੀ ਵੱਲੋਂ ਤਿਆਰ ਕੀਤੀ ਗਈ ਕੋਰੋਨਾਵਾਇਰਸ ਦੀ ਵੈਕਸੀਨ ਨੂੰ ਲੈ ਕੇ ਵੱਡੇ ਪੱਧਰ ‘ਤੇ ਹੋਏ ਟਰਾਇਲ ਦੇ ਨਤੀਜੇ ਕੀਤੇ ਗਏ ਹਨ ਅਤੇ ਇਹ ਨਤੀਜੇ ਦਰਸਾਉਂਦੇ ਹਨ ਕਿ ਵੈਕਸੀਨ ਨੇ 70 ਫ਼ੀਸਦ ਲੋਕਾਂ ਵਿੱਚ ਕੋਵਿਡ-19 ਦੇ ਲੱਛਣਾਂ ਨੂੰ ਵਿਕਸਿਤ ਹੋਣ ਤੋਂ ਰੋਕਿਆ ਹੈ। ਹਾਲਾਂਕਿ ਇਸ ਨੂੰ ਇੱਕ ਜਿੱਤ ਵਾਂਗ ਦੇਖਿਆ ਜਾ ਰਿਹਾ ਹੈ ਪਰ ਫਾਈਜ਼ਰ ਅਤੇ ਮੌਡਰਨਾ ਵੱਲੋਂ ਤਿਆਰ ਕੀਤੀ ਗਏ ਟੀਕੇ 95 ਫ਼ੀਸਦ ਤੱਕ ਬਚਾਅ ਕਰਨ ਵਿੱਚ ਅਸਰਦਾਰ ਸਾਬਿਤ ਹੋਏ ਹਨ।

ਆਕਸਫੋਰਡ ਟੀਕਾ ਹੋਰ ਦੋ ਟੀਕਿਆਂ ਦੇ ਮੁਕਾਬਲੇ ਵੱਧ ਸਸਤਾ, ਸਟੋਰ ਕਰਨ ਵਿੱਚ ਸੌਖਾ ਹੈ। ਇਸ ਨੂੰ ਦੁਨੀਆਂ ਦੇ ਹਰ ਕੋਨੇ ਵਿੱਚ ਪਹੁੰਚਾਉਣਾ ਵੀ ਸੌਖਾ ਹੈ। ਜੇ ਕਰ ਇਸ ਨੂੰ ਪ੍ਰਬੰਧਕਾਂ ਵਲੋਂ ਮਾਨਤਾ ਮਿਲ ਜਾਂਦੀ ਹੈ ਤਾਂ ਇਹ ਹਾਲੇ ਵੀ ਮਹਾਂਮਾਰੀ ਨਾਲ ਨਜਿੱਠਣ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ।

ਦਿਲਚਸਪ ਡਾਟਾ ਇਹ ਵੀ ਸੁਝਾਅ ਦਿੰਦਾ ਹੈ ਕਿ ਟੀਕੇ ਦੀ ਖ਼ੁਰਾਕ ਦੀ ਮਾਤਰਾ ਵਿੱਚ ਸੁਧਾਰ ਕਰਨ ਨਾਲ ਬਚਾਅ ਨੂੰ 90 ਫ਼ੀਸਦ ਤੱਕ ਲਿਜਾਇਆ ਜਾ ਸਕਦਾ ਹੈ। ਆਕਸਫੋਰਡ ਦੇ ਖੋਜਕਾਰਾਂ ਨੇ ਆਮਤੌਰ ‘ਤੇ ਕੋਈ ਵੈਕਸੀਨ ਤਿਆਰ ਕਰਨ ਲਈ ਦਹਾਕਿਆਂ ਤੱਕ ਚੱਲਣ ਵਾਲੀ ਪ੍ਰਕਿਰਿਆ ਨੂੰ ਕਰੀਬ 10 ਮਹੀਨਿਆਂ ਵਿੱਚ ਪੂਰਾ ਕੀਤਾ ਹੈ।

ਕੀ ਕਹਿੰਦੇ ਹਨ ਟ੍ਰਾਇਲ?

ਇਸ ਟ੍ਰਾਇਲ ਵਿੱਚ 20 ਹਜ਼ਾਰ ਲੋਕ ਸ਼ਾਮਲ ਸਨ, ਜਿਨ੍ਹਾਂ ਵਿੱਚੋਂ ਅੱਧੇ ਯੂਕੇ ਤੋਂ ਅਤੇ ਬਾਕੀ ਬ੍ਰਾਜ਼ੀਲ ਤੋਂ ਸਨ। ਜਿਨ੍ਹਾਂ ਨੂੰ ਟੀਕੇ ਦੇ ਦੋ ਡੋਜ਼ ਦਿੱਤੇ ਸਨ, ਉਨ੍ਹਾਂ ਵਿੱਚ ਕੋਵਿਡ ਦੇ 30 ਕੇਸ ਸਨ ਅਤੇ ਜਿਨ੍ਹਾਂ ਨੂੰ ਡਮੀ ਟੀਕਾ ਲਗਾਇਆ ਸੀ ਉਨ੍ਹਾਂ ਵਿੱਚ 101 ਕੇਸ ਸਨ।

ਖੋਜਕਾਰਾਂ ਦਾ ਕਹਿਣਾ ਹੈ ਕਿ ਇਹ ਟੀਕਾ 70 ਫੀਸਦ ਸੁਰੱਖਿਅਤ ਰਿਹਾ। ਜਦੋਂ ਵਲੰਟੀਅਰਾਂ ਨੂੰ ਦੋ “ਹਾਈ” ਡੋਜ਼ ਦਿੱਤੇ ਗਏ ਤਾਂ ਸੁਰੱਖਿਆ 62 ਫੀਸਦ ਸੀ, ਪਰ ਜਦੋਂ ਲੋਕਾਂ ਨੂੰ “ਲੋਅ (ਘੱਟ)” ਡੋਜ਼ ਦਿੱਤੀ ਗਈ ਤਾਂ ਸੁਰੱਖਿਆ ਫੀਸਦ ਵਧ ਕੇ 90 ਪਹੁੰਚ ਗਿਆ। ਹਾਲਾਂਕਿ, ਇਹ ਫਰਕ ਕਿਉਂ ਹੈ, ਇਸ ਬਾਰੇ ਕੁੱਝ ਸਪੱਸ਼ਟ ਨਹੀਂ ਹੈ।

ਟ੍ਰਾਇਲ ਦੀ ਅਗਵਾਈ ਕਰਨ ਵਾਲੇ ਪ੍ਰੋਫੈਸਰ ਐਂਡਰਿਊ ਪੋਲਾਰਡ ਨੇ ਬੀਬੀਸੀ ਨੂੰ ਦੱਸਿਆ, “ਅਸੀਂ ਇਨ੍ਹਾਂ ਨਤੀਜਿਆਂ ਨਾਲ ਸੱਚਮੁੱਚ ਖੁਸ਼ ਹਾਂ।” ਉਨ੍ਹਾਂ ਨੇ ਕਿਹਾ ਕਿ 90 ਫੀਸਦ ਪ੍ਰਭਾਵਸ਼ਾਲੀ ਡਾਟਾ “ਦਿਲਚਸਪ” ਸੀ ਅਤੇ ਇਸ ਦਾ ਮਤਲਬ ਹੋਵੇਗਾ ਕਿ “ਸਾਡੇ ਕੋਲ ਵੰਡਣ ਲਈ ਕਾਫੀ ਡੋਜ਼ ਹੋਣਗੇ।” ਹਾਈ ਡੋਜ਼ ਵਿੱਚ ਏਸਿਮਪਟੋਮੈਟਿਕ ਇਨਫੈਕਸ਼ਨ ਦਾ ਪੱਧਰ ਘੱਟ ਸੀ। ਇਸ ਦਾ ਮਤਲਬ ਇਹ ਹੈ ਕਿ “ਅਸੀਂ ਵਾਇਰਸ ਨੂੰ ਉਸ ਦੇ ਟਰੈਕ ਵਿੱਚ ਰੋਕ ਸਕਦੇ ਹਾਂ।”