‘ਦ ਖ਼ਾਲਸ ਬਿਊਰੋ : ਰਾਜਸਥਾਨ (Rajasthan) ਦੇ ਸ਼ਹਿਰ ਜੋਧਪੁਰ (Jodhpur) ਤੋਂ ਰਿਸ਼ਤਿਆਂ ਨੂੰ ਤਾਰ ਤਾਰ ਕਰ ਦੇਣ ਵਾਲਾ ਇੱਕ ਵੀਡੀਓ ਸੋਸ਼ਲ ਮੀਡੀਆ (Social Media) ਉੱਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ (Viral Video) ਵਿੱਚ ਇੱਕ ਨੌਜਵਾਨ ਪੁੱਤਰ ਆਪਣੇ ਪਿਤਾ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕਰਦਾ ਦਿਖਾਈ ਦੇ ਰਿਹਾ ਹੈ। ਸਨਸਿਟੀ ਸ਼ਹਿਰ ਦੇ ਰਤਨਾਡਾ ਥਾਣਾ ਖੇਤਰ ਵਿੱਚ ਵਾਪਰੀ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਮਾਮਲੇ ਦੀ ਸੂਚਨਾ ਮਿਲਦੇ ਹੀ ਸਥਾਨਕ ਥਾਣਾ ਸਦਰ ਦੀ ਪੁਲਿਸ ਨੇ ਪੁੱਤ ਨੂੰ ਗ੍ਰਿਫਤਾਰ ਕਰ ਲਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕੁੱਟਮਾਰ ਦਾ ਸ਼ਿਕਾਰ ਹੋਇਆ ਬਜ਼ੁਰਗ ਪਿਤਾ ਆਪਣੀ ਪੈਨਸ਼ਨ ਤੋਂ ਘਰ ਦਾ ਸਾਰਾ ਖਰਚਾ ਚਲਾ ਰਿਹਾ ਹੈ। ਪੁਲਿਸ ਨੇ ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਹੈ।

ਥਾਣੇ ਦੇ ਅਧਿਕਾਰੀ ਸਤਿਆਪ੍ਰਕਾਸ਼ ਨੇ ਦੱਸਿਆ ਕਿ ਮਾਮਲਾ ਅਜੀਤ ਕਾਲੋਨੀ ਦਾ ਹੈ। ਉੱਥੇ ਸੇਵਾਮੁਕਤ ਅਧਿਕਾਰੀ ਆਪਣੇ ਪਰਿਵਾਰਾਂ ਨਾਲ ਰਹਿੰਦਾ ਹੈ। ਉਹ ਆਪਣੀ ਪੈਨਸ਼ਨ ਤੋਂ ਘਰ ਦਾ ਸਾਰਾ ਖਰਚਾ ਚਲਾਉਂਦਾ ਹੈ। ਉਸ ਦਾ ਪੁੱਤਰ ਬੇਰੁਜ਼ਗਾਰ ਹੈ। ਪਿਉ ਅਤੇ ਉਸ ਦੇ ਬੇਰੁਜ਼ਗਾਰ ਪੁੱਤਰ ਵਿਚਕਾਰ ਪਿਛਲੇ ਕਾਫੀ ਸਮੇਂ ਤੋਂ ਝਗੜਾ ਚੱਲ ਰਿਹਾ ਹੈ। ਪੁੱਤਰ ਆਪਣੇ ਪਿਤਾ ਨਾਲ ਰੋਜ਼ ਝਗੜਾ ਕਰਦਾ ਰਹਿੰਦਾ ਹੈ ਅਚੇ ਉਹ ਨੌਕਰੀ ਨਾ ਮਿਲਣ ਲਈ ਪਿਉ ਨੂੰ ਦੋਸ਼ੀ ਦੱਸਦਾ ਹੈ।

ਉਸ ਦਾ ਪਿਤਾ 2 ਦਿਨ ਪਹਿਲਾਂ ਘਰ ਦੇ ਬਾਹਰ ਖੜ੍ਹਾ ਸੀ। ਉਸੇ ਸਮੇਂ ਬੇਟਾ ਉੱਥੇ ਆ ਗਿਆ ਅਤੇ ਪਿਤਾ ਨਾਲ ਝਗੜਾ ਕਰਨ ਲੱਗਾ। ਬਾਅਦ ‘ਚ ਬੇਟੇ ਨੇ ਪਿਤਾ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪਿਤਾ ਉਸ ਨੂੰ ਵਾਰ-ਵਾਰ ਸਮਝਾਉਂਦਾ ਰਿਹਾ ਪਰ ਉਸ ਨੂੰ ਕੋਈ ਫਰਕ ਨਾ ਪਿਆ। ਬਾਅਦ ‘ਚ ਬੇਟੇ ਨੇ ਆਪਣੇ ਪਿਤਾ ਦੇ ਵਾਲ ਫੜ ਲਏ ਅਤੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਦੇ ਘਰ ਦੇ ਬਾਹਰ ਰੱਖੀ ਸਕੂਟੀ ਅਤੇ ਹੋਰ ਸਾਮਾਨ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਇਹ ਦੇਖ ਕੇ ਪਿਤਾ ਨੇ ਉਸ ਨੂੰ ਫਿਰ ਤੋਂ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਪਿਤਾ ਨੂੰ ਕੁੱਟਦਾ ਰਿਹਾ।