Punjab

ਪੰਜਾਬ ਸਰਕਾਰ ਨੇ ਸਾਬਕਾ ਵਿਧਾਇਕਾਂ ਦੇ ਖੀਸਿਆਂ ‘ਤੇ ਫੇਰੀ ਕੈਂਚੀ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੱਠ ਦੇ ਪੂਰੇ ਪੱਕੇ ਨਿਕਲੇ ਹਨ। ਉਨ੍ਹਾਂ ਨੇ ਸਾਬਕਾ ਵਿਧਾਇਕਾਂ ਦੀਆਂ ਇੱਕ ਤੋਂ ਵੱਧ ਪੈਨਸ਼ਨਾਂ ਝਾੜ ਕੇ ਹੀ ਦਮ ਲਿਆ ਹੈ। ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸਾਸ਼ਕ ਬਨਵਾਰੀ ਲਾਲ ਪਰੋਹਿਤ ਵੱਲੋਂ ਇੱਕ ਵਿਧਾਇਕ ਇੱਕ ਪੈਨਸ਼ਨ ਬਿੱਲ ‘ਤੇ ਪ੍ਰਵਾਨਗੀ ਦੀ ਮੋਹਰ ਲਾਏ ਜਾਣ ਤੋਂ ਬਾਅਦ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸਤੰਬਰ ਮਹੀਨੇ ਤੋਂ ਇੱਕ ਤੋਂ ਵੱਧ ਵਾਰ ਐਮਐਲਏ ਜਾਂ ਮੰਤਰੀ ਬਣਨ ਵਾਲੇ  ਸਾਬਕਾ ਵਿਧਾਇਕਾਂ ਨੂੰ ਇੱਕ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਵੇਗੀ। ਅਗਸਤ ਦੀ ਪੈਨਸ਼ਨ ਸਾਬਕਾ ਵਿਧਾਇਕਾਂ ਨੂੰ ਪੰਜ ਛੇ ਛੇ ਪੈਨਸ਼ਨਾਂ ਦੀ ਅਦਾਇਗੀ ਕੀਤੀ ਗਈ ਸੀ ਕਿਉਂਕਿ ਉਦੋਂ ਤੱਕ ਲਾਟ ਸਾਬ ਵੱਲੋਂ ਮੰਨਜ਼ੂਰੀ ਦੀ ਮੋਹਰ ਨਹੀਂ ਸੀ ਲਾਈ ਗਈ।

ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸਾਸ਼ਕ ਬਨਵਾਰੀ ਲਾਲ ਪਰੋਹਿਤ

ਸਰਕਾਰ ਦੇ ਇਸ ਫੈਸਲੇ ਨਾਲ ਪੰਜਾਬ ਦੇ ਖ਼ਜਾਨੇ ‘ਤੇ 19.63 ਕਰੋੜ ਦਾ ਬੋਝ ਪੈਣਾ ਘੱਟ ਜਾਵੇਗਾ। ਰਾਜਪਾਲ ਕੋਲੋਂ ਇੱਕ ਵਾਰ ਇਹ ਬਿੱਲ ਪ੍ਰਵਾਨਗੀ ਦੇਣ ਤੋਂ ਬਿਨਾਂ ਹੀ ਮੋੜ ਦਿੱਤਾ ਗਿਆ ਸੀ। ਪੰਜਾਬ ਮੰਤਰੀ ਮੰਡਲ ਵੱਲੋਂ ਇੱਕ ਵਿਧਾਇਕ ਇੱਕ ਪੈਨਸ਼ਨ ਨੂੰ ਪ੍ਰਾਵਨਗੀ ਤਾਂ ਦੇ ਦਿੱਤੀ ਗਈ ਸੀ ਪਰ ਰਾਜਪਾਲ ਨੇ ਇਹ ਕਹਿ ਕੇ ਵਾਪਸ ਮੋੜ ਦਿੱਤਾ ਕਿ ਇਸ ‘ਤੇ ਵਿਧਾਨ ਸਭਾ ਦੀ ਮੋਹਰ ਜਰੂਰੀ ਹੈ। ਇਸ ਵਾਰ ਵੀ ਵਿਧਾਨ ਸਭਾ ਵਿੱਚ ਪਾਸ ਹੋਇਆ ਬਿੱਲ ਲਾਟ ਸਾਬ ਦੇ ਮੇਜ ‘ਤੇ ਪਈਆਂ ਫਾਈਲਾਂ ਦੇ ਭਾਰ ਹੇਠ ਕਈ ਚਿਰ ਦੱਬਿਆ ਪਿਆ ਰਿਹਾ। 

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਿਹੜੇ ਨੌਂ ਪੈਨਸ਼ਨਾਂ ਲੈ ਰਹੇ ਸਨ ਨੇ ਵਿਧਾਨ ਸਭਾ  ਚੋਣਾਂ ਵਿੱਚ ਹਾਰ ਤੋਂ ਬਾਅਦ ਇੱਕ ਵੀ ਪੈਨਸ਼ਨ ਲੈਣ ਤੋਂ ਨਾਂਹ ਕਰ ਦਿੱਤੀ ਸੀ। ਪੰਜਾਬ ਦੇ ਇੱਕ ਦਰਜਨ ਸਾਬਕਾ ਵਿਧਾਇਕ ਪੰਜ ਤੋਂ ਛੇ ਪੈਨਸ਼ਨਾਂ ਲੈ ਰਹੇ ਹਨ। ਤਿੰਨ ਦਰਜਨ ਤੋਂ ਵੱਧ ਸਾਬਕਾ ਵਿਧਾਇਕ ਦੋ ਤੋਂ ਤਿੰਨ ਪੈਨਸ਼ਨਾਂ ਜੇਬਾਂ ਵਿੱਚ ਪਾ ਰਹੇ ਹਨ। ਉਂਝ ਇਸ ਵਾਰ ਵਿਧਾਨ ਸਭਾ ਵਿੱਚ 80 ਵਿਧਾਇਕ ਨਵੇਂ ਜੁੜੇ ਹਨ  । ਮੌਜੂਦਾ ਐਸੰਬਲੀ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਪੈਨਸ਼ਨ  ਲੈਣ ਵਾਲਿਆਂ ਵਿੱਚ 80 ਨਵੇਂ ਜੁੜ ਜਾਣਗੇ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ

 ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ “ਮੈਨੂੰ ਪੰਜਾਬੀਆਂ ਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਮਾਣਯੋਗ ਰਾਜਪਾਲ ਸਾਹਬ ਜੀ ਨੇ ‘ਇੱਕ ਵਿਧਾਇਕ- ਇੱਕ ਪੈਨਸ਼ਨ “ ਵਾਲੇ ਗਜ਼ਟ ਨੋਟੀਫਿਕੇਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ…ਇਸ ਨਾਲ ਲੋਕਾਂ ਦੇ ਟੈਕਸ ਦਾ ਬਹੁਤ ਪੈਸਾ ਬਚੇਗਾ…”।