India

ਹਰਿਆਣਾ ਵਿੱਚ ਭਾਜਪਾ ਨੇ SYL ਨਹਿਰ ਦੇ ਮੁੱਦੇ ‘ਤੇ ਇੱਕ ਦਿਨ ਦੀ ਭੁੱਖ ਹੜਤਾਲ ਕਰਨ ਦਾ ਕੀਤਾ ਐਲਾਨ

‘ਦ ਖ਼ਾਲਸ ਬਿਊਰੋ :- ਪੰਜਾਬ ਅਤੇ ਹਰਿਆਣਾ ਸਮੇਤ ਪੂਰੇ ਦੇਸ਼ ਦੇ ਕਿਸਾਨ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਸਰਹੱਦਾਂ ਉੱਤੇ ਡਟੇ ਹੋਏ ਹਨ, ਉੱਥੇ ਹੀ ਹਰਿਆਣਾ ਵਿੱਚ ਭਾਜਪਾ ਨੇ SYL ਨਹਿਰ ਦੇ ਮੁੱਦੇ ਨੂੰ ਮੁੜ ਹਵਾ ਦਿੰਦੇ ਹੋਏ ਅੱਜ ਇੱਕ ਦਿਨ ਦੀ ਭੁੱਖ ਹੜਤਾਲ ਦਾ ਐਲਾਨ ਕਰ ਦਿੱਤਾ ਹੈ।

ਭਾਜਪਾ ਲੀਡਰ ਪੰਜਾਬ ਤੋਂ ਪਾਣੀ ਲੈਣ ਦੀ ਮੰਗ ਨੂੰ ਲੈ ਕੇ ਅੱਜ ਭੁੱਖ ਹੜਤਾਲ ਕਰਨਗੇ। ਪਿਛਲੇ ਕੁੱਝ ਦਿਨਾਂ ਤੋਂ ਭਾਜਪਾ ਵੱਲੋਂ ਹਰਿਆਣਾ ਵਿੱਚ ਪਾਣੀਆਂ ਦੇ ਮਸਲੇ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਕੁੱਝ ਭਾਜਪਾ ਲੀਡਰਾਂ ਵੱਲੋਂ ਕੇਂਦਰ ਸਰਕਾਰ ਨੂੰ ਮੰਗ ਪੱਤਰ ਵੀ ਦਿੱਤੇ ਗਏ। ਹਰਿਆਣਾ ਦੀ ਭਾਜਪਾ ਸਰਕਾਰ ਦਾਅਵਾ ਕਰ ਰਹੀ ਹੈ ਕਿ ਅੰਦੋਲਨ ਵਿੱਚ ਹਰਿਆਣਾ ਦੇ ਕਿਸਾਨ ਸ਼ਾਮਲ ਨਹੀਂ ਹੋਏ ਹਨ।

ਹਰਿਆਣਾ ਦੇ ਕਿਸਾਨ ਪੰਜਾਬ ਤੋਂ ਪਾਣੀ ਦੀ ਮੰਗ ਕਰ ਰਹੇ ਹਨ। ਇਸ ਗੱਲ ਨੂੰ ਅੱਗੇ ਰੱਖ ਕੇ ਭਾਜਪਾ ਅੱਜ ਜ਼ਿਲ੍ਹਾ ਪੱਧਰ ਤੋਂ ਲੈ ਕੇ ਭੁੱਖ ਹੜਤਾਲ ਕਰਕੇ SYL ਮਸਲੇ ਦੇ ਹੱਲ ਦੀ ਮੰਗ ਕਰ ਰਹੀ ਹੈ।

ਹਾਲਾਂਕਿ, ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਭਾਜਪਾ ਜਾਣ-ਬੁੱਝ ਕੇ SYL ਦਾ ਮੁੱਦਾ ਉਭਾਰ ਕੇ ਕਿਸਾਨੀ ਅੰਦੋਲਨ ਨੂੰ ਖੇਰੂੰ-ਖੇਰੂੰ ਕਰਨ ਦੀਆਂ ਵਿਊਂਤਾਂ ਘੜ ਰਹੀ ਹੈ ਪਰ ਹਰਿਆਣਾ ਦੇ ਕਿਸਾਨ ਉਸ ਦੀ ਚਾਲ ਵਿੱਚ ਨਹੀਂ ਆਉਣਗੇ।