ਗੁਰਦਾਸਪੁਰ : ਪੰਜਾਬ ਦੇ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿਖੇ ਜੋੜ ਮੇਲੇ ਦੌਰਾਨ ਸੈਲਫੀ ਲੈਣ ਲਈ ਇੱਕ ਨੌਜਵਾਨ ਨੇ ਆਪਣੀ ਜਾਨ ਖਤਰੇ ਵਿੱਚ ਪਾ ਦਿੱਤੀ। ਇਹ ਘਟਨਾ ਜੁਆਇੰਟ ਵ੍ਹੀਲ ‘ਤੇ ਸੈਲਫੀ ਲੈਂਦੇ ਸਮੇਂ ਵਾਪਰੀ। ਲੋਕਾਂ ਨੇ ਰੌਲਾ ਪਾਇਆ ਤਾਂ ਝੂਲੇ ਨੂੰ ਬੰਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਨੌਜਵਾਨ ਨੂੰ ਸੁਰੱਖਿਅਤ ਹੇਠਾਂ ਲਿਆਂਦਾ ਗਿਆ। ਨੌਜਵਾਨ ਨੂੰ ਹਸਪਤਾਲ ‘ਚ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।
ਨੌਜਵਾਨ ਬੇਹੋਸ਼ ਹੋ ਕੇ ਲਟਕਿਆ
ਪਤ ਜਾਣਕਾਰੀ ਅਨੁਸਾਰ, ਡੇਰਾ ਬਾਬਾ ਨਾਨਕ ਸਥਿਤ ਗੁਰਦੁਆਰਾ ਚੋਲਾ ਸਾਹਿਬ ਦੇ ਨਜ਼ਦੀਕ ਲਗਾਏ ਗਏ ਪੰਘੂੜਿਆਂ ਵਿੱਚ ਸ਼ਰਧਾਲੂ ਪੰਘੂੜੇ ਝੂਟ ਰਹੇ ਸਨ ਤਾਂ ਮੇਲੇ ਵਿੱਚ ਦੁਪਹਿਰ ਵੇਲੇ ਇੱਕ ਨੌਜਵਾਨ ਝੂਲਾ ਲੈਣ ਲਈ ਝੂਲੇ ’ਤੇ ਚੜ੍ਹਿਆ। ਜਿਵੇਂ ਹੀ ਉਹ ਝੂਲੇ ਦੇ ਉੱਪਰ ਗਿਆ ਤਾਂ ਨੌਜਵਾਨ ਨੇ ਸੈਲਫੀ ਲੈਣ ਦੀ ਕੋਸ਼ਿਸ਼ ਕੀਤੀ ਪਰ ਘੁੰਮਦੇ ਹੋਏ ਝੂਲੇ ਦਾ ਡੰਡਾ ਨੌਜਵਾਨ ਦੇ ਸਿਰ ਵਿੱਚ ਵੱਜਦਾ ਹੈ ਅਤੇ ਉਹ ਬੇਹੋਸ਼ ਹੋ ਗਿਆ ਅਤੇ ਉੱਥੇ ਹੀ ਲਟਕ ਜਾਂਦਾ ਹੈ। ਇਹ ਦੇਖ ਕੇ ਉਸ ਦੇ ਆਲੇ-ਦੁਆਲੇ ਦੇ ਲੋਕਾਂ ਨੇ ਰੌਲਾ ਪਾਇਆ। ਝੂਲੇ ਦੀ ਐਮਰਜੈਂਸੀ ਬ੍ਰੇਕ ਲਗਾਈ ਗਈ ਸੀ।
ਘਟਨਾ ਤੋਂ ਬਾਅਦ ਡਰਾਈਵਰ ਤੁਰੰਤ ਝੂਲੇ ‘ਤੇ ਚੜ੍ਹ ਗਿਆ। ਹੌਲੀ-ਹੌਲੀ ਝੂਲੇ ਨੂੰ ਘੁੰਮਾਇਆ ਗਿਆ ਅਤੇ ਨੌਜਵਾਨ ਨੂੰ ਸੁਰੱਖਿਅਤ ਹੇਠਾਂ ਉਤਾਰ ਲਿਆ ਗਿਆ। ਲੋਕਾਂ ਦੀ ਮਦਦ ਨਾਲ ਨੌਜਵਾਨ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਉਸ ਦੇ ਸਿਰ ‘ਤੇ ਟਾਂਕੇ ਲਗਾਏ ਗਏ ਹਨ। ਨੌਜਵਾਨ ਦੀ ਹਾਲਤ ਸਥਿਰ ਹੈ ਅਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।
ਇਸ ਸਬੰਧੀ ਜਦੋਂ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਐੱਸਐੱਚਓ ਮੈਡਮ ਦਿਲਪ੍ਰੀਤ ਕੌਰ ਭੰਗੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਨੌਜਵਾਨ ਸੈਲਫ਼ੀ ਲੈਂਦੇ ਸਮੇਂ ਪੰਘੂੜੇ ਵਿਚ ਫਸ ਗਿਆ ਸੀ ਜਿਸ ਨੂੰ ਬਾਹਰ ਕੱਢ ਲਿਆ ਗਿਆ ਹੈ ਅਤੇ ਉਸ ਦੇ ਟਾਂਕੇ ਲਗਾਉਣ ਉਪਰੰਤ ਹੋਰ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਹੈ। ਪੰਘੂੜਿਆਂ ਦੀ ਮਨਜ਼ੂਰੀ ਸਬੰਧੀ ਜਦੋਂ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਪੰਘੂੜੇ ਚਲਾਉਣ ਲਈ ਮਨਜ਼ੂਰੀ ਲਈ ਹੋਈ ਹੈ।