‘ਦ ਖ਼ਾਲਸ ਬਿਊਰੋ : ਸਰਬਜੀਤ ਕੌਰ ਭਾਜਪਾ ਦੀ ਕੋਂਸਲਰ ਨੂੰ ਚੰਡੀਗੜ੍ਹ ਦਾ ਨਵਾਂ ਮੇਅਰ ਐਲਾਨ ਦਿੱਤਾ ਗਿਆ ਹੈ। ਸਰਬਜੀਤ ਕੌਰ ਨੇ ਆਪ ਦੀ ਅੰਜੂ ਕਟਿਆਲ ਨੂੰ ਇੱਕ ਵੋਟ ਨਾਲ ਹਰਾਇਆ। ਚੰਡੀਗੜ੍ਹ ਵਿੱਚ ਭਾਜਪਾ ਦੀ ਇਸ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਜਬਰਦਸਤ ਵਿਰੋਧ ਕੀਤਾ ਹੈ। ਵੋਟਿੰਗ ਦੌਰਾਨ ਮੇਅਰ ਦੀ ਚੋਣ ਲਈ ਮੁੱਖ ਮੁਕਾਬਲਾ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਵਿਚਕਾਰ ਹੋਇਆ। ਜਦੋਂ ਕਿ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੇ ਵੋਟਾਂ ਵਿਚ ਹਿੱਸਾ ਨਹੀਂ ਲਿਆ। ਇਸ ਵੋਟਿੰਗ ਦੌਰਾਨ ਆਮ ਆਦਮੀ ਪਾਰਟੀ ਦੇ 14 ਕੌਂਸਲਰਾਂ, ਭਾਜਪਾ ਦੇ 13 ਕੌਂਸਲਰਾਂ ਸਮੇਤ ਭਾਜਪਾ ਦੀ ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਕਿਰਨ ਖੇਰ ਨੇ ਆਪਣੀ ਵੋਟ ਪਾਈ। ਇਸ ਦੌਰਾਨ ਆਮ ਆਦਮੀ ਪਾਰਟੀ ਨੇ ਵੋਟਾਂ ਦੀ ਗਿਣਤੀ ਦੌਰਾਨ ਧੱਕਾਸ਼ਾਹੀ ਕਰਨ ਦਾ ਦੋਸ਼ ਲਗਾਉਂਦੇ ਹੋਏ ਵਿਰੋਧ ਕੀਤਾ। ਆਪ ਨੇ ਕਿਹਾ ਕਿ ਇਕ ਵੋਟ ਬਾਹਰ ਕੱਢੀ ਗਈ ਹੈ। ਜਦੋਂ ਕਿ ਚੋਣ ਅਧਿਕਾਰੀਆਂ ਨੇ ਕਿਹਾ ਕਿ ਬੈਲੇਟ ਪੇਪਰ ਫਟਿਆ ਹੋਇਆ ਸੀ। ਆਪ ਦੇ ਕੌਂਸਲਰ ਮੇਅਰ ਦੀ ਕੁਰਸੀ ਦੇ ਪਿੱਛੇ ਹੀ ਧਰਨੇ ਤੇ ਬੈਠ ਗਏ। ਡੀਸੀ ਵਿਨੈ ਪ੍ਰਤਾਪ ਸਿੰਘ ਨੂੰ ਵੀ ਮੌਕੇ ਤੇ ਰੋਕ ਲਿਆ ਗਿਆ।