Punjab

ਭਾਵੜਾ ਨੂੰ ਪੰਜਾਬ ਪੁਲਿਸ ਦੇ ਮੁੱਖੀ ਦੀ ਜਿੰਮੇਵਾਰੀ ਸੋਂਪੀ

‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਨੇ ਸੀਨੀਅਰ ਆਈ ਪੀ ਐਸ ਅਧਿਕਾਰੀ ਵਿਰੇਸ਼ ਕੁਮਾਰ ਭਾਵੜਾ ਨੂੰ ਡਾਇਰੈਕਟਰ ਜਰਨਲ ਪੁਲਿਸ ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਨਿਯੁਕਤੀ ਦੇ ਹੁਕਮ ਚੋਣ ਜਾਬਤਾ ਲੱਗਣ ਤੋਂ ਕੁਝ ਘੰਟੇ ਪਹਿਲਾਂ  ਕਾਹਲ ਵਿੱਚ ਜਾਰੀ ਕੀਤੇ ਗਏ ਹਨ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਡੀਜੀਪੀ ਲਈ ਭੇਜੇ ਤਿੰਨ ਨਾਵਾਂ ਦੇ ਪੈਨਲ ਦੇ ਵਿੱਚ ਭਾਵੜਾ ਦਾ ਨਾਂ ਸ਼ਾਮਲ ਹੈ। ਉਂਝ ਚੋਣ ਜਾਬਤਾ ਲੱਗਣ ਤੋਂ ਬਾਅਦ ਚੋਣ ਕਮਿਸ਼ਨ ਕੋਲ ਡੀਜੀਪੀ ਬਦਲਣ ਦਾ ਅਧਿਕਾਰ ਰਹੇਗਾ। ਇਸਦੇ ਨਾਲ ਕਾਰਜਕਾਰੀ ਪੁਲਿਸ ਮੁੱਖੀ ਸਿਧਾਰਥ ਚਟੋਪਧਿਆਏ ਦੀ ਛੁੱਟੀ ਹੋ ਗਈ ਹੈ।ਭਾਵੜਾ ਦੀ ਨਿਯੁਕਤੀ ਦੋ ਸਾਲਾਂ ਲਈ ਕੀਤੀ ਗਈ ਹੈ।

ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਆਹੁਦੇ ਤੋਂ ਹਟਾਏ ਜਾਣ ਮਗਰੋਂ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਸ ਵੇਲੇ ਦੇ ਡੀਜੀਪੀ ਨੂੰ ਦਿਨਕਰ ਗੁਪਤਾ ਨੂੰ ਬਦਲ ਕੇ ਏਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਕਾਰਜਕਾਰੀ ਪੁਲਿਸ ਮੁੱਖੀ ਲਾ ਦਿੱਤਾ ਗਿਆ ਸੀ। ਪਰ ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵਿਰੋਧ ਕਾਰਨ ਹਟਾਉਣਾ ਪੈ ਗਿਆ ਸੀ। ਇਸੇ ਦੌਰਾਨ ਪੰਜਾਬ ਸਰਕਾਰ ਵੱਲੋਂ ਰੈਗੂਲਰ ਪੁਲਿਸ ਮੁੱਖੀ ਦੀ ਨਿਯੁਕਤੀ ਲਈ ਸੀਨੀਅਰ ਅਧਿਕਾਰੀਆਂ ਦੇ ਨਾਵਾਂ ਦਾ ਪੈਨਲ ਯੂ ਪੀ ਐਸ ਸੀ ਨੂੰ ਭੇਜ ਦਿੱਤਾ ਸੀ। ਪਰ ਯੂਪੀਐਸਸੀ ਵੱਲੋਂ ਪੈਨਲ ਵਿੱਚ ਸ਼ਾਮਲ ਨਾਵਾਂ ਵਿੱਚ ਗਲਤੀਆਂ ਦੱਸ ਕੇ ਪੱਤਰ ਵਾਪਸ ਭੇਜ ਦਿੱਤਾ ਗਿਆ ਸੀ। ਪੰਜਾਬ ਸਰਕਾਰ ਸਿਧਾਰਥ ਚਟੋਪਧਿਆਏ ਨੂੰ ਅਹੁਦੇ ਤੇ ਬਰਕਰਾਰ ਰੱਖਣ ਇਛਕ ਸੀ ਜਿਸ ਕਰਕੇ ਨਿਯੁਕਤੀ ਦੀ ਮਿਆਦ ਸਤੰਬਰ ਤੋਂ ਮਿਥਣ ਲਈ ਬੇਨਤੀ ਕੀਤੀ ਗਈ ਜਿਸ ਨੂੰ ਗ੍ਰਹਿ ਮੰਤਰਾਲੇ ਨੇ ਨਾਮੰਨਜੂਰ ਕਰ ਦਿੱਤਾ ਸੀ। ਯੂਪੀਐਸਸੀ ਵੱਲੋਂ ਤਿੰਨ ਨਾਵਾਂ ਦੀ ਸਿਫਾਰਸ਼ ਕੀਤੀ ਗਈ ਸੀ ਜਿਨ੍ਹਾਂ ਵਿੱਚ ਦਿਨਕਰ ਗੁਪਤਾ ਅਤੇ ਪ੍ਰਬੋਦ ਕੁਮਾਰ ਦੇ ਨਾਂ ਸ਼ਾਮਲ ਸਨ।

ਪੈਨਲ ਵਿੱਚ ਸ਼ਾਮਲ ਤਿੰਨ ਨਾਵਾਂ  ਵਿੱਚੋਂ ਵਿਰੇਸ਼ ਕੁਮਾਰ ਦੇ ਨਾਂ ਤੇ ਪਹਿਲਾਂ ਹੀ ਚਰਚਾ ਸ਼ੁਰੂ ਹੋ ਗਈ ਸੀ। ਉਹ ਨਿਰਵਿਵਾਦਤ ਅਫਸਰ ਹਨ ਅਤੇ ਉਨ੍ਹਾਂ ਕੋਲ ਚੋਣਾਂ ਕਰਾਉਣ ਦਾ ਤਜਰਬਾ ਵੀ ਹੈ। ਦਿਨਕਰ ਗੁਪਤਾ ਦੀ ਕੈਪਟਨ ਅਮਰਿਮਦਰ ਸਿੰਘ ਨਾਲ ਨੇੜਤਾ ਰਹੀ ਹੈ ਜਦ ਕਿ ਪ੍ਰਬੋਦ ਕੁਮਾਰ ਵਿਵਾਦਾਂ ਵਿੱਚ ਵੀ ਰਹੇ ਹਨ ਅਤੇ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਗਠਿਤ ਸਿੱਟ ਦੀ ਅਗਵਾਈ ਵੀ ਅੱਧ-ਵਿਚਾਲੇ ਛੱਡ ਦਿੱਤੀ ਸੀ।

ਵਿਰੇਸ਼ ਕੁਮਾਰ ਭਾਵੜਾ 1987 ਬੈਚ ਦੇ ਅਧਿਕਾਰੀ ਹਨ। ਉਹ ਲਾਅ ਵਿੱਚ ਮਾਸਟਰ ਹਨ ਅਤੇ ਐਮਬੀਏ ਪਾਸ ਦੱਸੇ ਜਾਦੇ ਹਨ ਇਸ ਤੋਂ ਬਿਨਾ ਉਹ ਮਨੁੱਖੀ ਅਧਿਕਾਰ ਵਿਸ਼ੇ ਤੇ ਐਮਏ ਕਰ ਚੁੱਕੇ ਹਨ। ਮੁਕਾਬਲੇ ਦੀ ਪ੍ਰੀਖਿਆ ਵਿੱਚ ਬੈਠਣ ਤੋਂ ਪਹਿਲਾਂ ਉਨ੍ਹਾਂ ਨੇ ਬੀਟੈਕ ਦੀ ਡਿਗਰੀ ਵੀ ਲਈ ਸੀ । ਪੱਛੜ ਕੇ ਮਿਲੀ ਜਾਣਕਾਰੀ ਅਨੁਸਾਰ ਨਵੇਂ ਡੀਜੀਪੀ ਨੇ ਅਹੁਦਾ ਦਾ ਚਾਰਜ ਸਭਾਲ ਲਿਆ।