International

ਬ੍ਰਾਜ਼ੀਲ ’ਚ ਬੋਲਸੋਨਾਰੋ ਦੇ ਸਮਰਥਕਾਂ ਨੇ ਸੁਪਰੀਮ ਕੋਰਟ, ਸੰਸਦ, ਰਾਸ਼ਟਰਪਤੀ ਮਹਿਲ ਦਾ ਕੀਤਾ ਇਹ ਹਾਲ

In Brazil Bolsonaro's supporters attacked the Supreme Court Parliament Presidential Palace and other places

ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਦੇ ਸਮਰਥਕਾਂ ਨੇ ਰਾਜਧਾਨੀ ਵਿਚ ਸੁਪਰੀਮ ਕੋਰਟ, ਸੰਸਦ, ਰਾਸ਼ਟਰਪਤੀ ਮਹਿਲ ਅਤੇ ਹੋਰ ਥਾਵਾਂ ‘ਤੇ ਹਮਲਾ ਕਰ ਦਿੱਤਾ। ਬੋਲਸੋਨਾਰੋ ਦੇ ਸਮਰਥਕਾਂ ਦੁਆਰਾ ਹਮਲਾ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਦੇ ਅਹੁਦਾ ਸੰਭਾਲਣ ਤੋਂ ਹਫ਼ਤੇ ਬਾਅਦ ਕੀਤਾ ਗਿਆ ਹੈ। ਬੋਲਸੋਨਾਰੋ ਨੇ ਆਪਣੇ ਖ਼ਿਲਾਫ਼ ਚੋਣ ਨਤੀਜਿਆਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ, ਉਦੋਂ ਤੋਂ ਉਨ੍ਹਾਂ ਦੇ ਸਮਰਥਕ ਪ੍ਰਦਰਸ਼ਨ ਕਰ ਰਹੇ ਹਨ। ਹਜ਼ਾਰਾਂ ਪ੍ਰਦਰਸ਼ਨਕਾਰੀ ਬੈਰੀਕੇਡ ਤੋੜ ਕੇ, ਛੱਤਾਂ ‘ਤੇ ਚੜ੍ਹ ਗਏ, ਖਿੜਕੀਆਂ ਤੋੜ ਦਿੱਤੀਆਂ ਅਤੇ ਤਿੰਨ ਇਮਾਰਤਾਂ ‘ਤੇ ਧਾਵਾ ਬੋਲ ਦਿੱਤਾ।

ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਦੇ ਸਮਰਥਕਾਂ ਦੁਆਰਾ ਕੀਤੇ ਗਏ ਇਸ ਹਮਲੇ ਨੇ 6 ਜਨਵਰੀ, 2021 ਨੂੰ ਯੂਐਸ ਕੈਪੀਟਲ ਬਿਲਡਿੰਗ ਵਿੱਚ ਤਤਕਾਲੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਦੁਆਰਾ ਕੀਤੇ ਗਏ ਹੰਗਾਮੇ ਦੀ ਯਾਦ ਦਿਵਾ ਦਿੱਤੀ। ਜਦੋਂ ਟਰੰਪ ਦੇ ਸਮਰਥਕਾਂ ਨੇ ਵਾਸ਼ਿੰਗਟਨ ਵਿਚ ਯੂਐਸ ਕੈਪੀਟਲ ਬਿਲਡਿੰਗ ਵਿੱਚ ਧਾਵਾ ਬੋਲਿਆ ਅਤੇ ਭਾਰੀ ਭੰਨਤੋੜ ਕੀਤੀ ਸੀ।

ਬ੍ਰਾਜ਼ੀਲ ਦੇ ਸੱਜੇ-ਪੱਖੀ ਸਾਬਕਾ ਰਾਸ਼ਟਰਪਤੀ ਬੋਲਸੋਨਾਰੋ ਦੇ ਸੈਂਕੜੇ ਸਮਰਥਕਾਂ ਨੇ ਐਤਵਾਰ ਨੂੰ ਰਾਸ਼ਟਰਪਤੀ ਮਹਿਲ ਅਤੇ ਸੁਪਰੀਮ ਕੋਰਟ ‘ਤੇ ਹਮਲਾ ਕੀਤਾ, ਪੁਲਿਸ ਬੈਰੀਕੇਡ ਤੋੜ ਦਿੱਤੇ। ਇਸ ਦੌਰਾਨ ਉਨ੍ਹਾਂ ਨੇ ਕਾਫੀ ਭੰਨਤੋੜ ਵੀ ਕੀਤੀ। ਜਿਸ ਦੀ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ (Luiz Inacio Lula da Silva) ਨੇ ‘ਫਾਸ਼ੀਵਾਦੀ’ ਹਮਲਾ ਕਹਿ ਕੇ ਨਿੰਦਾ ਕੀਤੀ ਹੈ।

ਹਰੇ ਅਤੇ ਪੀਲੇ ਝੰਡੇ ਲੈ ਕੇ ਪ੍ਰਦਰਸ਼ਨਕਾਰੀਆਂ ਦੇ ਵੱਡੇ ਸਮੂਹਾਂ ਨੇ ਬ੍ਰਾਸੀਲੀਆ ਵਿੱਚ ਸੱਤਾ ਦੇ ਕੇਂਦਰਾਂ ‘ਤੇ ਧਾਵਾ ਬੋਲ ਦਿੱਤਾ। ਇੱਕ ਸਮਾਚਾਰ ਏਜੰਸੀ ਏਐਫਪੀ ਦੇ ਅਨੁਸਾਰ, ਲੋਕਾਂ ਦੀ ਭੀੜ ਨੇ ਸੰਸਦ ਜਾਂ ਕਾਂਗਰਸ ਭਵਨ ਵਿੱਚ ਭੰਨਤੋੜ ਕੀਤੀ, ਸੁਪਰੀਮ ਕੋਰਟ ਦੇ ਹੈੱਡਕੁਆਰਟਰ ਨੂੰ ਤੋੜਿਆ ਅਤੇ ਰਾਸ਼ਟਰਪਤੀ ਮਹਿਲ ਤੱਕ ਰੈਂਪ ਉੱਤੇ ਚੜ੍ਹ ਗਏ।