ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਨ ਕੀ ਬਾਤ ਦੇ 101ਵੇਂ ਐਪੀਸੋਡ ਦੌਰਾਨ ਲੋਕਾਂ ਨੂੰ ਸੰਬੋਧਨ ਕੀਤਾ ਹੈ। ਜਿਸ ‘ਚ ਸਿੱਖਿਆ ਮੰਤਰਾਲੇ ਦੇ ‘ਯੁਵਾ ਸੰਗਮ’ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਤੇ ਨਾਲ ਹੀ ਕਿਹਾ ਕਿ ਇਹ ਸਿੱਖਿਆ ਮੰਤਰਾਲੇ ਵੱਲੋਂ ਸ਼ੁਰੂ ਕੀਤਾ ਗਿਆ ਇੱਕ ਤਰ੍ਹਾਂ ਦਾ ਰਾਸ਼ਟਰੀ ਆਦਾਨ-ਪ੍ਰਦਾਨ ਪ੍ਰੋਗਰਾਮ ਹੈ। ਇਸ ਵਿੱਚ ਦੇਸ਼ ਭਰ ਤੋਂ ਹਜ਼ਾਰਾਂ ਨੌਜਵਾਨ ਭਾਗ ਲੈ ਰਹੇ ਹਨ, ਜੋ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ ਦੇਸ਼ ਨੂੰ ਵੇਖਣ, ਸਮਝਣ ਅਤੇ ਜਾਣਨ ਦੀ ਕੋਸ਼ਿਸ਼ ਕਰਦੇ ਹਨ।
ਪੀਐਮ ਮੋਦੀ ਨੇ ਕਿਹਾ ਕਿ ਇਹ ਦੇਸ਼ ਦੀ ਵਿਭਿੰਨਤਾ ਅਤੇ ਲੋਕਾਂ ਤੋਂ ਲੋਕਾਂ ਦੇ ਸੰਪਰਕ ਨੂੰ ਉਤਸ਼ਾਹਿਤ ਕਰਨ ਲਈ ਇੱਕ ਪਹਿਲ ਹੈ ਅਤੇ ਪ੍ਰੋਗਰਾਮ ਦੇ ਪਹਿਲੇ ਪੜਾਅ ਵਿੱਚ ਲਗਭਗ 1,200 ਵਿਦਿਆਰਥੀ ਪਹਿਲਾਂ ਹੀ 22 ਰਾਜਾਂ ਦਾ ਦੌਰਾ ਕਰ ਚੁੱਕੇ ਹਨ। ਮੋਦੀ ਅਨੁਸਾਰ ਭਾਰਤ ਵਿੱਚ ਜਾਣਨ ਅਤੇ ਦੇਖਣ ਲਈ ਇੰਨਾ ਕੁਝ ਹੈ ਕਿ ਸਾਰਿਆਂ ਦੀ ਉਤਸੁਕਤਾ ਹੋਰ ਵਧੇਗੀ।
ਪ੍ਰਧਾਨ ਮੰਤਰੀ ਨੇ ਆਪਣੇ ਆਸਟ੍ਰੇਲੀਆ ਦੌਰੇ ਦਾ ਜ਼ਿਕਰ ਵੀ ਕੀਤਾ।
ਇਸ ਦੇ ਨਾਲ ਪੀਐਮ ਮੋਦੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਸੁਤੰਤਰਤਾ ਸੰਗਰਾਮ ਵਿੱਚ ਕਬਾਇਲੀ ਭਰਾਵਾਂ ਅਤੇ ਭੈਣਾਂ ਦੇ ਯੋਗਦਾਨ ਨੂੰ ਸਮਰਪਿਤ ਦਸ ਨਵੇਂ ਅਜਾਇਬ ਘਰ ਬਣਾਏ ਜਾ ਰਹੇ ਹਨ। ਇਸ ਤੋਂ ਇਲਾਵਾ ਹੁਣ ਤੱਕ 50 ਹਜ਼ਾਰ ਤੋਂ ਵੱਧ ਅੰਮ੍ਰਿਤ ਸਰੋਵਰਾਂ ਦੀ ਉਸਾਰੀ ਹੋ ਚੁੱਕੀ ਹੈ। ਇਹ ਪਾਣੀ ਦੀ ਸੰਭਾਲ ਵੱਲ ਇੱਕ ਵੱਡਾ ਕਦਮ ਹੈ।
‘ਮਨ ਕੀ ਬਾਤ’ ‘ਚ ਪ੍ਰਧਾਨ ਮੰਤਰੀ ਮੋਦੀ ਨੇ ਵੀਰ ਸਾਵਰਕਰ ਦੀ ਵੀ ਤਾਰੀਫ ਕੀਤੀ ਤੇ ਕਿਹਾ ਕਿ ਉਨ੍ਹਾਂ ਦਾ ਬਲਿਦਾਨ, ਸਾਹਸ, ਦ੍ਰਿੜਤਾ ਸਾਡੇ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਦੀ ਸ਼ਖ਼ਸੀਅਤ ਤਾਕਤ ਅਤੇ ਉਦਾਰਤਾ ਦਾ ਮੂਰਤ ਸੀ, ਉਨ੍ਹਾਂ ਦਾ ਨਿਡਰ ਅਤੇ ਸਵੈਮਾਣ ਵਾਲਾ ਸੁਭਾਅ ਗੁਲਾਮੀ ਨੂੰ ਬਰਦਾਸ਼ਤ ਨਹੀਂ ਕਰਦਾ ਸੀ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਇਹ ਵੀ ਕਿਹਾ ਕਿ ਪਿਛਲੇ ਮਹੀਨੇ ਅਸੀਂ ਸਾਰਿਆਂ ਨੇ ਇਸ ਦੀ ਵਿਸ਼ੇਸ਼ ਸ਼ਤਾਬਦੀ ਮਨਾਈ ਹੈ, ਤੁਹਾਡੀ ਸ਼ਮੂਲੀਅਤ ਇਸ ਪ੍ਰੋਗਰਾਮ ਦੀ ਸਭ ਤੋਂ ਵੱਡੀ ਤਾਕਤ ਹੈ। ‘ਮਨ ਕੀ ਬਾਤ’ ਲਈ ਤੁਹਾਡੇ ਸਾਰਿਆਂ ਵੱਲੋਂ ਦਿਖਾਈ ਗਈ ਨੇੜਤਾ ਅਤੇ ਪਿਆਰ ਬੇਮਿਸਾਲ ਅਤੇ ਭਾਵੁਕ ਹੈ।