‘ਦ ਖ਼ਾਲਸ ਟੀਵੀ ਬਿਊਰੋ:-ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖਾਨ ਨੇ ਕੇਂਦਰ ਦੀ ਮੋਦੀ ਸਰਕਾਰ ਉੱਤੇ ਨਿਸ਼ਾਨਾ ਲਾਇਆ ਹੈ। ਇਮਰਾਨ ਖਾਨ ਨੇ ਕਿਹਾ ਕਿ ਅਸੀਂ ਕਰਤਾਰਪੁਰ ਕੌਰੀਡੋਰ ਨੂੰ ਲੈ ਕੇ ਵਚਨਬੱਧ ਹਾਂ। 9 ਨਵੰਬਰ ਨੂੰ ਕਰਤਾਰਪੁਰ ਕੌਰੀਡੋਰ ਦੀ ਦੂਜੀ ਵਰ੍ਹੇਗੰਢ ਸੀ। ਇਸ ਮੌਕੇ ਇਮਰਾਨ ਖਾਨ ਨੇ ਟਵੀਟ ਕੀਤਾ ਕਿ ਅੱਜ ਕਰਤਾਰਪੁਰ ਕੌਰੀਡੋਰ ਦੀ ਦੂਜੀ ਵਰ੍ਹੇਗੰਢ ਹੈ। ਇਹ ਇਕ ਅੰਤਰ ਧਾਰਮਿਕ ਸਦਭਾਵ ਦਾ ਪ੍ਰਤੀਕ ਹੈ, ਜੋ ਭਾਰਤ ਦੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਉਨ੍ਹਾਂ ਦੇ ਇੱਕ ਸਭ ਤੋਂ ਪਵਿੱਤਰ ਸਥਾਨ ਦੇ ਦਰਸ਼ਨਾਂ ਦੀ ਮਨਜੂਰੀ ਦਿੰਦਾ ਹੈ। ਕਰਤਾਰਪੁਰ ਕੌਰੀਡੋਰ ਘੱਟਗਿਣਤੀਆਂ ਅਤੇ ਅੰਤਰ ਧਾਰਮਿਕ ਸਦਭਾਵ ਦੇ ਪ੍ਰਤੀ ਮੇਰੀ ਸਰਕਾਰ ਦੀ ਵਚਨਵੱਧਤਾ ਨੂੰ ਜਾਹਿਰ ਕਰਦਾ ਹੈ।
ਇਮਰਾਨ ਖਾਨ ਨੇ ਕਿਹਾ ਕਿ ਸਾਡੀ ਵਚਨਵੱਧਤਾ ਨੇ ਦੁਨੀਆਂ ਸਾਹਮਣੇ ਸਾਨੂੰ ਸਾਬਿਤ ਕਰ ਦਿੱਤਾ ਹੈ। ਅਸੀਂ ਇਹ ਉਸ ਵੇਲੇ ਦੁਨੀਆਂ ਨੂੰ ਦਿਖਾਇਆ ਹੈ। ਜਦੋਂ ਭਾਰਤ ਵਿੱਚ ਹਿੰਦੂਵਾਦੀ ਵਿਚਾਰਧਾਰਾ ਵਾਲੀ ਬੀਜੇਪੀ ਸਰਕਾਰ ਕਸ਼ਮੀਰੀਆਂ, ਭਾਰਤੀ ਮੁਸਲਮਾਨਾਂ ਤੇ ਘੱਟਗਿਣਤੀਆਂ ਨੂੰ ਸਾਡੀਆਂ ਅੱਖਾਂ ਸਾਹਮਣੇ ਤੰਗ ਪਰੇਸ਼ਾਨ ਕਰ ਰਹੀ ਹੈ। ਭਾਰਤ ਸਰਕਾਰ ਦੀ ਇਹ ਮਾਨਸਿਕਤਾ ਸਾਡੇ ਖੇਤਰ ਵਿੱਚ ਸ਼ਾਂਤੀ ਦੀ ਰਾਹ ਵਿੱਚ ਸਭ ਤੋਂ ਵੱਡਾ ਰੋੜਾ ਹੈ।
ਦੱਸ ਦਈਏ ਕਿ ਕਰਤਾਰਪੁਰ ਸਾਹਿਬ ਪਾਕਿਸਤਾਨ ਵਾਲੇ ਪਾਸੇ ਆਉਂਦਾ ਹੈ, ਪਰ ਇਸਦੀ ਭਾਰਤ ਤੋਂ ਦੂਰੀ ਸਿਰਫ ਸਾਢੇ ਚਾਰ ਕਿਲੋਮੀਟਰ ਹੈ। ਪਹਿਲਾਂ ਕੁੱਝ ਸ਼ਰਧਾਲੂ ਦੂਰਬੀਨ ਦੀ ਸਹਾਇਤਾ ਨਾਲ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੇ ਸੀ ਤੇ ਇਹ ਕੰਮ ਬੀਐੱਸਐੱਫ ਦੀ ਨਿਗਰਾਨੀ ਵਿਚ ਹੁੰਦਾ ਸੀ। ਮਾਨਤਾ ਦੇ ਮੁਤਾਬਿਕ ਸ਼੍ਰੀ ਗੁਰੂ ਨਾਨਕ ਦੇਵ ਜੀ 1522 ਵਿੱਚ ਕਰਤਾਪੁਰ ਆਏ ਸੀ ਤੇ ਉਨ੍ਹਾਂ ਨੇ ਆਪਣੀ ਜਿੰਦਗੀ ਦੇ ਅਖੀਰਲੇ 18 ਸਾਲ ਇੱਥੇ ਹੀ ਕੱਟੇ ਹਨ।
ਇੱਥੇ ਇਹ ਵੀ ਦੱਸ ਦਈਏ ਕਿ ਸਾਰੇ ਹੀ ਦੇਸ਼ਾਂ ਵੱਲੋਂ ਲਗਾਤਾਰ ਕੋਰੋਨਾ ਦੇ ਮਾਮਲੇ ਘਟਦੇ ਦੇਖ ਸਰਹੱਦਾਂ ਖੋਲ੍ਹੀਆਂ ਜਾ ਰਹੀਆਂ ਹਨ। ਫਲਾਇਟਾਂ ਵੀ ਚਾਲੂ ਕੀਤੀਆਂ ਜਾ ਰਹੀਆਂ ਹਨ ਤੇ ਕੇਦਾਰਨਾਥ ਸਣੇ ਦੇਸ਼ ਦੇ ਹੋਰ ਅਕੀਦਤ ਵਾਲੇ ਸਥਾਨ ਖੋਲ੍ਹੇ ਜਾ ਚੁੱਕੇ ਹਨ। ਪਰ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਨੂੰ ਲੈ ਕੇ ਹਾਲੇ ਕੇਂਦਰ ਦੀ ਬੀਜੇਪੀ ਸਰਕਾਰ ਨੇ ਕੋਈ ਨਰਮਾਈ ਵਾਲਾ ਪੈਰ ਨਹੀਂ ਚੁੱਕਿਆ ਹੈ।
ਜਦੋਂਕਿ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਲਗਾਤਾਰ ਮੋਦੀ ਸਰਕਾਰ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਬਿਨਾਂ ਦੇਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਜਾਵੇ। ਮੰਗ ਇੱਥੋਂ ਤੱਕ ਵੀ ਕੀਤੀ ਗਈ ਹੈ ਕਿ 19 ਨਵੰਬਰ ਨੂੰ ਪ੍ਰਕਾਸ਼ ਪੁਰਬ ਦਿਹਾੜੇ ਉੱਤੇ ਲਾਂਘਾ ਖੋਲ੍ਹ ਕੇ ਕੇਂਦਰ ਸਰਕਾਰ ਲੋਕਾਂ ਨੂੰ ਤੋਹਫਾ ਦੇਵੇ ਤਾਂ ਜੋ ਸਰਹੱਦੋਂ ਪਾਰ ਇਸ ਪਵਿੱਤਰ ਸਥਾਨ ਦੇ ਦਰਸ਼ਨ ਕੀਤੇ ਜਾ ਸਕਣ।