ਨਵੀਂ ਦਿੱਲੀ : ਪਿਛਲੇ ਦਿਨਾਂ ਤੋਂ ਮੀਂਹ ਕਾਰਨ ਗਰਮੀ ਤੋਂ ਰਾਹਤ ਦੌਰਾਨ ਹੁਣ ਇੱਕ ਹੋਰ ਖੁਸ਼ਖ਼ਬਰੀ ਆਈ ਹੈ। ਦੇਸ਼ ਵਿੱਚ ਬੜੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾਂਦਾ ਮੌਨਸੂਨ ਚਾਰ ਜੂਨ ਨੂੰ ਕੇਰਲ ਪਹੁੰਚ ਜਾਵੇਗਾ। ਇਹ ਅਹਿਮ ਜਾਣਕਾਰੀ ਭਾਰਤੀ ਮੌਸਮ ਵਿਭਾਗ ਨੇ ਸਾਂਝੀ ਕੀਤੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਮੌਨਸੂਨ ਦੇ ਅੱਗੇ ਵਧਣ ਲਈ ਸਥਿਤੀ ਅਨੁਕੂਲ ਹੈ। ਉੱਤਰੀ ਭਾਰਤ ਵਿੱਚ ਅਗਲੇ 2-3 ਦਿਨਾਂ ਵਿੱਚ ਚੰਗਾ ਮੀਂਹ ਪੈਣ ਹੋਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਮਾਰਚ-ਮਈ ‘ਚ ਚੰਗੀ ਪ੍ਰੀ- ਮੌਨਸੂਨ ਬਾਰਸ਼ ਹੋਈ ਹੈ। 1 ਮਾਰਚ ਤੋਂ 25 ਮਈ ਤੱਕ 12 ਫੀਸਦੀ ਜ਼ਿਆਦਾ ਬਾਰਿਸ਼ ਹੋਈ ਹੈ। ਪ੍ਰੀ-ਮੌਨਸੂਨ ਸੀਜ਼ਨ ਵਿੱਚ ਗਰਮੀ ਦੀ ਲਹਿਰ ਘੱਟ ਦੇਖੀ ਗਈ।
ਮੌਸਮ ਵਿਗਿਆਨੀਆਂ ਨੇ ਕਿਹਾ ਕਿ ਇੱਕ ਵਾਰ ਮਾਨਸੂਨ ਦੇ ਮਜ਼ਬੂਤ ਹੋਣ ਤੋਂ ਬਾਅਦ ਅਸੀਂ ਇਸ ਦੇ 4 ਜੂਨ ਦੇ ਨੇੜੇ-ਤੇੜੇ ਕੇਰਲ ਪਹੁੰਚਣ ਦੀ ਉਮੀਦ ਕਰ ਰਹੇ ਹਾਂ। 1 ਜੂਨ ਤੋਂ ਪਹਿਲਾਂ ਮੌਨਸੂਨ ਦੇ ਆਉਣ ਦੀ ਉਮੀਦ ਨਹੀਂ ਹੈ। ਇਸ ਸਾਲ ਮੌਨਸੂਨ ਦੇ ਆਮ ਰਹਿਣ ਦੀ ਸੰਭਾਵਨਾ ਹੈ।
ਆਈਐਮਡੀ ਨੇ ਕਿਹਾ ਹੈ ਕਿ ਅਗਲੇ ਇੱਕ ਹਫ਼ਤੇ ਤੱਕ ਅਰਬ ਸਾਗਰ ਵਿੱਚ ਚੱਕਰਵਾਤ ਦੀ ਕੋਈ ਸੰਭਾਵਨਾ ਨਹੀਂ ਹੈ। ਜੇਕਰ ਬਾਰਸ਼ ਹਰ ਜਗ੍ਹਾ ਲਗਭਗ ਇੱਕੋ ਜਿਹੀ ਹੁੰਦੀ ਹੈ ਤਾਂ ਇਹ ਸਾਰੀਆਂ ਥਾਵਾਂ ਲਈ ਇੱਕ ਆਦਰਸ਼ ਸਥਿਤੀ ਹੋਵੇਗੀ। ਜੇਕਰ ਹਰ ਪਾਸੇ ਇਕਸਾਰ ਮੀਂਹ ਪੈਂਦਾ ਹੈ ਤਾਂ ਇਸ ਦਾ ਖੇਤੀ ‘ਤੇ ਬਹੁਤਾ ਅਸਰ ਨਹੀਂ ਪਵੇਗਾ। ਉੱਤਰ-ਪੱਛਮੀ ਭਾਰਤ ਵਿੱਚ ਹੁਣ ਤੱਕ ਆਮ ਨਾਲੋਂ ਘੱਟ ਮੀਂਹ ਪਿਆ ਹੈ।