Punjab

10ਵੀਂ ‘ਚ ਅੱਵਲ ਧੀਆਂ ਦੀ ਕਹਾਣੀ ! 100% ਨੰਬਰ ਲੈਣ ਵਾਲੀ ਗਗਨਦੀਪ ਕੌਮੀ ਪੱਧਰ ਦੀ ਖਿਡਾਰਣ !

ਬਿਊਰੋ ਰਿਪੋਰਟ : 12ਵੀਂ ਵਾਂਗ 10ਵੀਂ ਦੇ ਨਤੀਜਿਆਂ ਵਿੱਚ ਧੀਆਂ ਨੇ ਬਾਜ਼ੀ ਮਾਰੀ ਹੈ। ਖਾਸ ਗੱਲ ਇਹ ਰਹੀ ਕਿ ਸੂਬੇ ਵਿੱਚ ਪਹਿਲੇ ਅਤੇ ਦੂਜੇ ਨੰਬਰ ‘ਤੇ ਇੱਕੋ ਹੀ ਸਕੂਲ ਦੀ ਵਿਦਿਆਰਥਣਾਂ ਨੇ ਬਾਜ਼ੀ ਮਾਰੀ ਹੈ ਅਤੇ ਇਹ ਦੋਵੇਂ ਪੱਕੀ ਦੋਸਤ ਹਨ। ਇਨ੍ਹਾਂ ਵਿੱਚ ਪਹਿਲੇ ਨੰਬਰ ‘ਤੇ ਗਗਨਦੀਪ ਕੌਰ ਅਤੇ ਦੂਜਾ ਨੰਬਰ ਹਾਸਲ ਕਰਨ ਵਾਲੀ ਨਵਜੋਤ ਕੌਰ ਹੈ। ਦੋਵੇਂ ਫਰੀਦਕੋਟ ਦੇ ਪ੍ਰਾਈਵੇਟ ਸਕੂਲ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ ਦੀ ਵਿਦਿਆਰਥਣ ਹਨ। ਤੀਜੇ ਨੰਬਰ ‘ਤੇ ਰਹੀ ਹਰਮਨਦੀਪ ਕੌਰ ਮਾਨਸਾ ਦੇ ਗੋਰਮਿੰਟ ਹਾਈ ਸਕੂਲ ਮੰਢਾਲੀ ਦੀ ਵਿਦਿਆਰਥਣ ਹੈ।

ਪਹਿਲੇ ਨੰਬਰ ‘ਤੇ ਰਹੀ ਗਗਨਦੀਪ ਕੌਰ ਨੇ 650 ਵਿੱਚੋਂ 650 ਨੰਬਰ ਹਾਸਲ ਕਰਕੇ 100 ਫੀਸਦੀ ਅੰਕ ਹਾਸਲ ਕੀਤੇ ਜਦਕਿ ਦੂਜੇ ਨੰਬਰ ‘ਤੇ ਰਹੀ ਨਵਜੋਤ ਕੌਰ ਨੇ 650 ਵਿੱਚੋਂ 648 ਨੰਬਰ ਹਾਸਲ ਕਰਕੇ 99.69 ਫੀਸਦੀ ਅੰਕ ਹਾਸਲ ਕੀਤੇ। ਤੀਜੇ ਨੰਬਰ ‘ਤੇ ਰਹੀ ਹਰਮਨਦੀਪ ਕੌਰ ਨੇ 650 ਵਿੱਚੋਂ 646 ਨੰਬਰ ਹਾਸਲ ਕਰਕੇ 99.38 ਫੀਸਦੀ ਅੰਕ ਹਾਸਲ ਕੀਤੇ। 10ਵੀਂ ਵਿੱਚ ਸ਼ਾਨਦਾਰ ਨੰਬਰ ਹਾਸਲ ਕਰਨ ਤੋਂ ਬਾਅਦ ਵਿਦਿਆਰਥਣਾ ਨੇ ਦੱਸਿਆ ਕਿ ਉਹ ਕੀ ਬਣਨਾ ਚਾਹੁੰਦੀਆਂ ਹਨ।

ਗਗਨਦੀਪ ਕੌਮੀ ਪੱਧਰ ਦੀ ਖਿਡਾਰਣ

10ਵੀਂ 100 ਫੀਸਦੀ ਅੰਕ ਹਾਸਲ ਕਰਨ ਵਾਲੀ ਗਗਨਦੀਪ ਕੌਰ ਸਿਰਫ ਪੜਾਈ ਵਿੱਚ ਹੀ ਅੱਵਲ ਨਹੀਂ ਹੈ, ਬਲਕਿ ਖੇਡਾਂ ਵਿੱਚ ਵੀ ਉਹ ਕੌਮੀ ਪੱਧਰ ‘ਤੇ ਮੈਡਲ ਜਿੱਤ ਚੁੱਕੀ ਹੈ। ਉਸ ਨੇ ਦੱਸਿਆ ਕਿ ਕੇਰਲਾ ਵਿੱਚ ਹੋਈਆਂ ਕੌਮੀ ਖੇਡਾਂ ਵਿੱਚ ਉਸ ਨੇ ਕੈਰਮ ਵਿੱਚ ਹਿੱਸਾ ਲਿਆ ਸੀ ਅਤੇ ਕਾਮਯਾਬੀ ਹਾਸਲ ਕੀਤੀ ਸੀ। ਇਸ ਤੋਂ ਇਲਾਵਾ ਗਗਨਦੀਪ ਕੌਰ ਨੇ ਦੱਸਿਆ ਕਿ ਉਹ ਅੱਗੇ ਜਾਕੇ ਬੈਂਕ ਵਿੱਚ ਨੌਕਰੀ ਕਰਨਾ ਚਾਉਂਦੀ ਹੈ, ਇਸੇ ਲਈ ਉਸ ਨੇ ਕਾਮਰਸ ਵਿਸ਼ਾ ਲੈਣ ਦਾ ਫ਼ੈਸਲਾ ਲਿਆ ਹੈ। ਗਗਨਦੀਪ ਨੇ ਦੱਸਿਆ ਕਿ ਉਸ ਨੂੰ ਉਮੀਦ ਸੀ ਕਿ ਉਹ ਚੰਗੇ ਨੰਬਰਾਂ ਨਾਲ ਪਾਸ ਹੋਵੇਗੀ ਪਰ ਸੂਬੇ ਵਿੱਚ ਪਹਿਲੀ ਥਾਂ ਹਾਸਲ ਹੋਵੇਗੀ ਇਸ ਦਾ ਅੰਦਾਜ਼ਾ ਨਹੀਂ ਸੀ।

ਦੂਜੇ ਨੰਬਰ ‘ਤੇ ਰਹੀ ਨਵਜੋਤ ਕੌਰ ਉਸ ਦੀ ਪੱਕੀ ਦੋਸਤ ਹੈ ਅਤੇ ਦੋਵਾਂ ਦੇ ਵਿਚਾਲੇ ਹਮੇਸ਼ਾ ਪੜਾਈ ਨੂੰ ਲੈਕੇ ਗੱਲਬਾਤ ਹੁੰਦੀ ਸੀ। ਉਸ ਨੇ ਦੱਸਿਆ 10ਵੀਂ ਵਿੱਚ ਉਸ ਦਾ ਪਸੰਦੀਦਾ ਵਿਸ਼ਾ ਅੰਗਰੇਜ਼ੀ ਅਤੇ ਸਾਇੰਸ ਸੀ। ਗਗਨਦੀਪ ਕੌਰ ਨੇ ਕਿਹਾ 10ਵੀਂ ਦੇ ਇਮਤਿਹਾਨ ਵਿੱਚ ਮਿਲੀ ਕਾਮਯਾਬੀ ਦੇ ਪਿੱਛੇ ਘਰ ਵਾਲਿਆਂ ਦੇ ਨਾਲ ਉਸ ਦੇ ਅਧਿਆਪਕਾਂ ਦਾ ਵੱਡਾ ਯੋਗਦਾਨ ਰਿਹਾ ਹੈ ।

ਦੂਜੇ ਨੰਬਰ ‘ਤੇ ਰਹੀ ਨਵਜੋਤ ਕੌਰ ਨੂੰ ਇਹ ਮਲਾਲ

ਦੂਜੇ ਨੰਬਰ ‘ਤੇ ਰਹੀ ਨਵਜੋਤ ਕੌਰ ਆਪਣੇ ਨਤੀਜੇ ਤੋਂ ਖੁਸ਼ ਹੈ,ਪਰ ਪੰਜਾਬੀ ਵਿਸ਼ੇ ਦੇ ਨਤੀਜੇ ਨੂੰ ਲੈਕੇ ਕੁਝ ਮਲਾਲ ਵੀ ਹੈ, ਉਸ ਨੇ ਦੱਸਿਆ ਕਿ ਜਦੋਂ ਉਹ ਪੰਜਾਬੀ ਦਾ ਇਮਤਿਹਾਨ ਦੇ ਕੇ ਆਈ ਸੀ ਤਾਂ ਉਸ ਨੂੰ ਪਤਾ ਸੀ ਕਿ ਉਸ ਦੇ 1 ਜਾਂ ਫਿਰ 2 ਨੰਬਰ ਜ਼ਰੂਰ ਕੱਟਣਗੇ, ਜਿਸ ਦੀ ਵਜ੍ਹਾ ਕਰਕੇ ਉਹ ਦੂਜੇ ਨੰਬਰ ‘ਤੇ ਰਹੀ। ਪਰ ਉਹ ਫਿਰ ਵੀ ਨਤੀਜੇ ਤੋਂ ਖੁਸ਼ ਹੈ । ਨਵਜੋਤ ਨੇ ਦੱਸਿਆ ਕਿ ਉਹ ਨਾਨ ਮੈਡੀਕਲ ਵਿਸ਼ੇ ਦੀ ਚੋਣ ਕਰੇਗੀ, ਉਸ ਦਾ ਸੁਪਣਾ ਇੰਜੀਨੀਅਰ ਬਣਨ ਦਾ ਹੈ। ਰੋਜ਼ਾਨਾ 4 ਤੋਂ 5 ਘੰਟੇ ਪੜਾਈ ਕਰਨ ਵਾਲੀ ਨਵਜੋਤ ਵੀ ਗਗਨਦੀਪ ਵਾਂਗ ਕੈਰਮ ਬੋਰਡ ਖੇਡ ਦੀ ਹੈ ਅਤੇ ਸੂਬਾ ਪੱਧਰ ‘ਤੇ ਖੇਡ ਚੁੱਕੀ ਹੈ । ਉਹ ਵਿਦੇਸ਼ ਜਾਕੇ ਪੜਾਈ ਕਰਨਾ ਚਾਹੁੰਦੀ ਹੈ ਅਤੇ ਫਿਰ ਪੰਜਾਬ ਆਕੇ ਕੰਮ ਕਰਨ ਦਾ ਸੁਪਣਾ ਹੈ।

ਹਰਮਨਦੀਪ ਕੌਰ ਤੀਜੇ ਨੰਬਰ ‘ਤੇ ਰਹੀ

ਤੀਜੇ ਨੰਬਰ ‘ਤੇ ਰਹੀ ਹਰਮਨਦੀਪ ਕੌਰ ਦੇ ਪਿਤਾ ਸੁਖਵਿੰਦਰ ਸਿਘ ਖੇਤੀਬਾੜੀ ਦਾ ਕੰਮ ਕਰਦੇ ਹਨ। ਧੀ ਨੇ ਸਰਕਾਰੀ ਸਕੂਲ ਵਿੱਚ ਪੜ ਕੇ ਆਪਣੀ ਮਿਹਨਤ ਨਾਲ 99.38 ਫੀਸਦੀ ਨੰਬਰ ਹਾਸਲ ਕੀਤੇ। ਪਿਤਾ ਦਾ ਕਹਿਣਾ ਹੈ ਕਿ ਧੀ ਨੇ ਉਨ੍ਹਾਂ ਦਾ ਸੁਪਨਾ ਪੂਰਾ ਕਰ ਦਿੱਤਾ ਅਤੇ ਉਹ ਉਮੀਦ ਕਰਦੇ ਹਨ ਧੀ ਹਰਮਨਦੀਪ ਕੌਰ ਅੱਗੀ ਵੀ ਕਾਮਯਾਬੀ ਹਾਸਲ ਕਰਦੀ ਰਹੇਗੀ । ਹਰਮਨਦੀਪ ਦੀ ਇੱਕ ਛੋਟੀ ਭੈਣ ਹੈ, ਜੋ 9ਵੀਂ ਕਲਾਸ ਵਿੱਚ ਪੜ ਦੀ ਹੈ, ਉਨ੍ਹਾਂ ਨੂੰ ਉਮੀਦ ਹੈ ਵੱਡੀ ਧੀ ਵਾਂਗ ਉਹ ਵੀ ਪੜਾਈ ਵਿੱਚ ਕਾਮਯਾਬੀ ਹਾਸਲ ਕਰਕੇ ਪਰਿਵਾਰ ਦਾ ਨਾਂ ਰੋਸ਼ਨ ਕਰੇਗੀ ।