Punjab Religion

“ਇੱਕ ਅੱਧਾ ਕਾਂ ਮਾਰ ਕੇ ਟੰਗਿਆ ਨਾ ਫੇਰ ਕਿਸੇ ਦੀ ਹਿੰਮਤ ਨੀ ਹੋਣੀ ਬੇਅਦਬੀ ਕਰਨ ਦੀ” – CM ਮਾਨ

ਪੰਜਾਬ ਵਿਧਾਨ ਸਭਾ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ, 2026 ਬਾਰੇ ਬੋਲਦਿਆਂ ਇਸ ਨੂੰ ਇਤਿਹਾਸਕ ਦਿਨ ਦੱਸਿਆ। ਉਨ੍ਹਾਂ ਕਿਹਾ ਕਿ ਅੱਜ ਖਾਲਸਾ ਸਿਰਜਣਾ ਦਿਵਸ ਵੀ ਹੈ ਅਤੇ ਇਸ ਬਿੱਲ ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਲਿਆਂਦਾ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ, “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੀਵੰਤ ਗੁਰੂ ਦਾ ਦਰਜਾ ਦਿੱਤਾ ਗਿਆ ਹੈ। ਅਸੀਂ ਇਸ ਦੇ ਪੰਨਿਆਂ ਨੂੰ ਅੰਗ ਆਖਦੇ ਹਾਂ। ਗੁਰੂ ਸਾਹਿਬ ਬਹੁਤ ਦੂਰਦਰਸ਼ੀ ਸਨ। ਉਨ੍ਹਾਂ ਨੇ 1500 ਈਸਵੀ ਵਿਚ ਹੀ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਰੂਪ ਦਿੱਤਾ।” ਉਨ੍ਹਾਂ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਤੋਂ ਪਹਿਲਾਂ ਪੰਜਾਬ ਤੋਂ 190 ਲੋਕ ਸੰਸਦ ਵਿਚ ਗਏ, ਪਰ ਕਿਸੇ ਨੇ ਬੇਅਦਬੀ ਰੋਕਣ ਲਈ ਕੁਝ ਨਹੀਂ ਕੀਤਾ। “ਪਤਾ ਨਹੀਂ ਉਹ ਕਿਹੜੇ ਪੱਥਰ ਦਿਲ ਵਾਲੇ ਹਨ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦੇ ਹਨ।”

ਮਾਨ ਨੇ ਕਿਹਾ, “ਜਦੋਂ ਗੁਰੂ ਸਾਹਿਬ ਦੀ ਬੀੜ ਘਰ ਪਹੁੰਚਦੀ ਹੈ ਤਾਂ ਹਰ ਕੋਈ ਪਾਲਕੀ ਸਾਹਿਬ ਨੂੰ ਛੂਹਣਾ ਚਾਹੁੰਦਾ ਹੈ, ਪਰ ਕੁਝ ਲੋਕ ਨਿਰਾਦਰ ਵੀ ਕਰਦੇ ਹਨ। ਸਾਡੇ ਕੋਲ ਇੱਕ ਅਜਿਹਾ ਖਜ਼ਾਨਾ ਹੈ ਜੋ ਪੂਰੀ ਦੁਨੀਆਂ ਦੀ ਭਲਾਈ ਚਾਹੁੰਦਾ ਹੈ।” ਉਨ੍ਹਾਂ ਯਾਦ ਕਰਵਾਇਆ ਕਿ ਮੁੱਖ ਮੰਤਰੀ ਬਣਨ ਤੋਂ ਥੋੜ੍ਹੀ ਦੇਰ ਬਾਅਦ ਸਿੱਖ ਸੰਗਠਨਾਂ ਨੇ ਪਾਲਕੀ ਸਾਹਿਬ ਲਿਜਾਣ ਵਾਲੇ ਵਾਹਨਾਂ ਨੂੰ ਟੈਕਸ ਮੁਕਤ ਕਰਨ ਦੀ ਮੰਗ ਕੀਤੀ ਸੀ।

ਉਨ੍ਹਾਂ ਅਧਿਕਾਰੀਆਂ ਨਾਲ ਗੱਲ ਕੀਤੀ ਅਤੇ ਸਾਰੇ ਧਰਮਾਂ ਦੇ ਧਾਰਮਿਕ ਵਾਹਨਾਂ ਨੂੰ ਟੈਕਸ ਛੋਟ ਦੇ ਦਿੱਤੀ ਗਈ। ਮੁੱਖ ਮੰਤਰੀ ਨੇ ਵਿਰੋਧੀਆਂ ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਹ ਅਕਾਲ ਤਖ਼ਤ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਹਰ ਗੱਲ ਤੇ ਸਹਿਮਤ ਹੋ ਜਾਂਦੇ ਹਨ ਪਰ ਬਾਅਦ ਵਿਚ ਪਿੱਛੇ ਹਟ ਜਾਂਦੇ ਹਨ। ਉਨ੍ਹਾਂ ਧਰਮ ਦੇ ਨਾਮ ਤੇ ਵੋਟਾਂ ਲਈਆਂ ਪਰ ਧਰਮ ਲਈ ਕੁਝ ਨਹੀਂ ਕੀਤਾ। ਉਨ੍ਹਾਂ ਆਪਣੇ ਕੇਸਾਂ ਨੂੰ ਕਮਜ਼ੋਰ ਕੀਤਾ ਅਤੇ ਹੁਣ ਜੱਜ ਬਣ ਗਏ ਹਨ।\

ਆਖਰ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ,”ਇੱਕ ਅੱਧਾ ਕਾਂ ਮਾਰ ਕੇ ਟੰਗਿਆ ਨਾ ਫੇਰ ਕਿਸੇ ਦੀ ਹਿੰਮਤ ਨੀ ਹੋਣੀ ਬੇਅਦਬੀ ਕਰਨ ਦੀ।”