Punjab

ਪੰਜਾਬ ਅੱਜ ਵਿਧਾਨ ਸਭਾ ਚੋਣਾਂ ਹੋਇਆ ਤਾਂ ਕਿਸੇ ਦੀ ਨਹੀਂ ਬਣੇਗੀ ਸਰਕਾਰ! ਕਾਂਗਰਸ ਸਭ ਤੋਂ ਵੱਡੀ ਪਾਰਟੀ, ਆਪ ਦੀ 3 ਗੁਣਾ ਘੱਟ ਸੀਟਾਂ! ਬੀਜੇਪੀ ਕਿੰਗਮੇਕਰ!

ਬਿਉਰੋ ਰਿਪੋਰਟ – ਪੰਜਾਬ ਵਿੱਚ ਲੋਕ ਸਭਾ ਦੇ ਨਤੀਜਿਆਂ ਨੇ ਸੂਬੇ ਦੀ ਸਿਆਸਤ ਵੱਲ ਵੱਡਾ ਇਸ਼ਾਰਾ ਵੀ ਕਰ ਦਿੱਤਾ ਹੈ। ਜੇਕਰ ਅੱਜ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣ ਤਾਂ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਣ ਵਾਲਾ ਹੈ। ਪਰ ਬੀਜੇਪੀ ਕਿੰਗ ਮੇਕਰ ਜ਼ਰੂਰ ਸਾਬਤ ਹੋ ਸਕਦੀ ਹੈ। 2022 ਵਿੱਚ ਹੂੰਝਾ ਫੇਰ ਜਿੱਤ ਨਾਲ 92 ਸੀਟਾਂ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਦੂਜੇ ਨੰਬਰ ‘ਤੇ ਪਹੁੰਚ ਗਈ ਹੈ। ਸਭ ਤੋਂ ਵੱਧ ਨੁਕਸਾਨ ਅਕਾਲੀ ਦਲ ਦਾ ਹੋ ਸਕਦਾ ਹੈ। ਲੋਕਸਭਾ ਚੋਣਾਂ ਦੇ ਨਤੀਜਿਆਂ ਨੂੰ ਵਿਧਾਨ ਸਭਾ ਹਲਕਿਆਂ ਵਿੱਚ ਬਦਲ ਕੇ ਤੁਹਾਨੂੰ ਸਮਝਾਉਂਦੇ ਹਾਂ।

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿੱਚ ਆਉਣ ਵਾਲੀ ਬਠਿੰਡਾ ਸੀਟ ਦੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ। ਬਠਿੰਡਾ ਤੋਂ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਜਿੱਤ ਹਾਸਲ ਕੀਤੀ ਹੈ। ਪਰ ਜੇਕਰ ਇਸ ਨੂੰ ਅਸੀਂ ਵਿਧਾਨ ਸਭਾ ਹਲਕਿਆਂ ਵਿੱਚ ਵੰਡ ਲਈਏ ਕਿ ਕਿਸ ਹਲਕੇ ਵਿੱਚ ਕਿਸ ਪਾਰਟੀ ਨੂੰ ਸਭ ਤੋਂ ਵੱਧ ਵੋਟਾਂ ਮਿਲਿਆ ਹਨ ਤਾਂ ਸੂਬੇ ਦੀ ਵਿਧਾਨ ਸਭਾ ਦੀ ਵਖਰੀ ਤਸਵੀਰ ਪੇਸ਼ ਹੋਵੇਗੀ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪ ਨੇ ਬਠਿੰਡਾ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ਤੇ ਕਬਜ਼ਾ ਕੀਤਾ ਸੀ। ਪਰ 2024 ਦੀਆਂ ਲੋਕ ਸਭਾ ਦੇ ਨਤੀਜਿਆਂ ਵਿੱਚ ਪਾਰਟੀ ਸਿਰਫ਼ 3 ਵਿਧਾਨ ਸਭਾ ਸੀਟ ਮੌੜ, ਮਾਨਸਾ ਅਤੇ ਸਰਦੂਲਗੜ੍ਹ ਵਿੱਚ ਹੀ ਲੀਡ ਲੈ ਸਕੀ ਹੈ। ਜਦਕਿ ਅਕਾਲੀ ਦਲ ਨੇ ਬਾਦਲ ਪਰਿਵਾਰ ਦੇ ਗੜ੍ਹ ਲੰਬੀ, ਭੁੱਚੋ ਮੰਡੀ, ਤਲਵੰਡੀ ਸਾਬੋ, ਬੁਢਲਾਡਾ, ਬਠਿੰਡਾ ਦਿਹਾਤੀ ਵਿੱਚ ਅਕਾਲੀ ਦਲ ਨੇ ਲੀਡ ਬਣਾਈ ਹੈ ਜਦਕਿ ਬਠਿੰਡਾ ਸ਼ਹਿਰੀ ਵਿੱਚ ਬੀਜੇਪੀ ਨੇ ਲੀਡ ਹਾਸਲ ਕੀਤੀ ਹੈ। ਬਠਿੰਡਾ ਦੀਆਂ 9 ਵਿਧਾਨ ਸਭਾ ਸੀਟਾਂ ਵਿੱਚੋਂ ਅਕਾਲੀ ਦਲ ਨੇ 5, ਆਪ ਨੇ 3 ਅਤੇ ਬੀਜੇਪੀ ਨੇ 1 ਸੀਟ ਤੇ ਕਬਜ਼ਾ ਕੀਤਾ ਹੈ।

ਫਰੀਦਕੋਟ ਲੋਕ ਸਭਾ ਸੀਟ ‘ਤੇ ਅਜ਼ਾਦ ਉਮੀਦਵਾਰ ਸਰਬਜੀਤ ਸਿੰਘ ਨੇ ਜਿੱਤ ਹਾਸਲ ਕੀਤੀ ਹੈ। ਇਸ ਹਲਕੇ ਅਧੀਨ ਆਉਣ ਵਾਲੀਆਂ 9 ਵਿਧਾਨ ਸਭਾ ਸੀਟਾਂ ਵਿੱਚੋਂ 6 ‘ਤੇ ਅਜ਼ਾਦ ਉਮੀਦਵਾਰ ਸਰਬਜੀਤ ਸਿੰਘ ਨੇ ਲੀਡ ਲਈ ਹੈ। ਨਿਹਾਲ ਸਿੰਘ ਵਾਲਾ, ਬਾਘਾ ਪੁਰਾਣਾ, ਮੋਗਾ, ਧਰਮਕੋਟ, ਗਿੱਦੜਬਾਹਾ, ਜੈਤੋ, ਰਾਮਪੁਰਾ ਫੂਲ ਤੋਂ ਸਰਬਜੀਤ ਸਿੰਘ ਨੂੰ ਲੀਡ ਮਿਲੀ ਹੈ ਜਦਕਿ ਫਰੀਦਕੋਟ ਅਤੇ ਕੋਟਕਪੂਰਾ ਤੋਂ ਆਪ ਨੇ ਲੀਡ ਹਾਸਲ ਕੀਤੀ ਹੈ। ਜਦਕਿ ਵਿਧਾਨ ਸਭਾ ਚੋਣਾਂ ਦੌਰਾਨ ਆਪ ਨੂੰ ਇਸ ਹਲਕੇ ਤੋਂ ਵੱਡੀ ਲੀਡ ਹਾਸਲ ਹੋਈ ਸੀ।

ਅੰਮ੍ਰਿਤਸਰ ਲੋਕ ਸਭਾ ਵਿੱਚ ਕਾਂਗਰਸ ਦੇ ਗੁਰਜੀਤ ਔਜਲਾ ਤੀਜੀ ਵਾਰ ਚੋਣ ਜਿੱਤੇ ਹਨ। ਪਰ ਇੱਥੇ ਲੋਕ ਸਭਾ ਦੇ ਨਤੀਜਿਆਂ ਵਿੱਚ ਸੀਟ ਪੂਰੀ ਤਰ੍ਹਾਂ ਨਾਲ ਵੰਡੀ ਹੋਈ ਨਜ਼ਰ ਆ ਰਹੀ ਹੈ। ਰਾਜਸਾਂਸੀ, ਅਟਾਰੀ, ਅੰਮ੍ਰਿਤਸਰ ਵੈਸਟ ਦੀਆਂ 3 ਸੀਟਾਂ ਤੇ ਕਾਂਗਰਸ ਨੇ ਲੀਡ ਲਈ ਹੈ। ਜਦਕਿ ਬੀਜੇਪੀ ਨੇ 3 ਸੀਟਾਂ ਤੇ ਅੰਮ੍ਰਿਤਸਰ ਨੌਰਥ, ਅੰਮਿਤਸਰ ਸੈਂਟਰਲ, ਅੰਮ੍ਰਿਤਸਰ ਈਸਟ ਵਿੱਚ ਨੰਬਰ 1 ‘ਤੇ ਹੀ ਹੈ। ਆਮ ਆਦਮੀ ਪਾਰਟੀ ਅੰਮ੍ਰਿਤਸਰ ਸਾਊਥ ਅਤੇ ਅਜਨਾਲਾ ਵਿੱਚ ਅੱਗੇ ਰਹੀ। ਮਜੀਠਾ ਵਿੱਚ ਆਪ ਨੇ ਬਾਜ਼ੀ ਮਾਰੀ ਹੈ।

ਸ੍ਰੀ ਆਨੰਦਪੁਰ ਸਾਹਿਬ ਸੀਟ ਆਪ ਦੇ ਮਾਲਵਿੰਦਰ ਸਿੰਘ ਕੰਗ ਨੇ ਫਸਵੇਂ ਮੁਕਾਬਲੇ ਵਿੱਚ ਜਿੱਤੀ ਹੈ। ਇੱਥੇ ਵਿਧਾਨ ਸਭਾ ਦੀਆਂ ਸੀਟਾਂ ਨੂੰ ਵੇਖਿਆ ਤਾਂ ਸਿੱਧਾ ਮੁਕਾਬਲਾ ਕਾਂਗਰਸ ਅਤੇ ਆਪ ਵਿੱਚ ਸੀ। 9 ਵਿੱਚੋ ਆਪ ਨੇ 5 ਵਿਧਾਨਸਭਾ ਗੜ੍ਹਸ਼ੰਕਰ, ਬੰਗਾ, ਨਵਾਂਸ਼ਹਿਰ, ਆਨੰਦਪੁਰ ਸਾਹਿਬ, ਰੂਪਨਗਰ ਤੋਂ ਆੁਪ ਨੇ ਲੀਡ ਹਾਸਲ ਕੀਤੀ ਹੈ। ਜਦਕਿ 4 ਹਲਕੇ ਬਲਾਚੌਰ, ਚਮਕੌਰ ਸਾਹਿਬ, ਖਰੜ ਅਤੇ ਮੁਹਾਲੀ ਤੋਂ ਕਾਂਗਰਸ ਨੂੰ ਲੀਡ ਮਿਲੀ ਹੈ।

ਸ੍ਰੀ ਫਤਹਿਗੜ੍ਹ ਸਾਹਿਬ ਵਿੱਚ ਕਾਂਗਰਸ ਦੇ ਡਾ. ਅਮਰ ਸਿੰਘ ਜਿੱਤੇ ਹਨ । 9 ਵਿਧਾਨ ਸਭਾ ਸੀਟਾਂ ਵਿੱਚੋਂ 5 ਵਿਧਾਨ ਸਭਾ ਹਲਕਿਆਂ ਵਿੱਚ ਕਾਂਗਰਸ ਜਿੱਤੀ ਹੈ। ਕਾਂਗਰਸ ਦੇ ਲੀਡ ਵਾਲੇ ਹਲਕੇ ਸਨ ਅਮਲੋਹ, ਸਮਰਾਲਾ, ਸਾਹਨੇਵਾਲ, ਪਾਇਲ, ਰਾਏਕੋਟ ਜਦਕਿ ਬੱਸੀ ਪਠਾਣਾ, ਫਤਿਹਗੜ੍ਹ ਸਾਹਿਬ, ਖੰਨਾ ਅਤੇ ਅਮਰਗੜ੍ਹ ਦੇ ਚਾਰ ਹਲਕਿਆਂ ਵਿੱਚ ਆਪ ਨੇ ਲੀਡ ਵਿੱਚ ਬਾਜ਼ੀ ਮਾਰੀ ।

ਫਿਰੋਜ਼ਪੁਰ ਦੀ ਫਸਵੀਂ ਟੱਕਰ ਵਿੱਚ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਜਿੱਤੇ ਪਰ ਤਿੰਨ ਸੀਟਾਂ ਅਬੋਹਰ, ਬੱਲੂਆਣਾ, ਫਿਰੋਜ਼ਪੁਰ ਸ਼ਹਿਰੀ ਤੋਂ ਬੀਜੇਪੀ ਜਿੱਤੀ ਹੈ। ਜਦਕਿ ਫਿਰੋਜ਼ਪੁਰ ਦਿਹਾਤੀ, ਗੁਰੂਹਰਸਾਏ ਅਤੇ ਮਲੋਟ ਤੋਂ ਅਕਾਲੀ ਅੱਗੇ ਰਹੀ ਹੈ। ਜਲਾਲਾਬਾਦ, ਫਾਜ਼ਿਲਕਾ ਤੋਂ ਕਾਂਗਰਸ ਨੇ ਲੀਡ ਹਾਸਲ ਕੀਤੀ। ਸਿਰਫ਼ ਮੁਕਤਸਰ ਦੀ ਸੀਟ ਤੋਂ ਹੀ ਆਪ ਦਾ ਉਮੀਦਵਾਰ ਅੱਗੇ ਰਿਹਾ ਹੈ।

ਗੁਰਦਾਸਪੁਰ ਸੀਟ ਤੋਂ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਨੇ ਬਾਜ਼ੀ ਮਾਰੀ ਹੈ। ਪਰ ਇਸ ਵਿੱਚ ਆਉਣ ਵਾਲੀਆਂ 9 ਵਿਧਾਨ ਸਭਾ ਦੇ ਨਤੀਜਿਆਂ ਵਿੱਚ ਆਪ ਕਿਧਰੇ ਵੀ ਨਜ਼ਰ ਨਹੀਂ ਆਈ । 6 ਸੀਟਾਂ ਗੁਰਦਾਸਪੁਰ, ਦੀਨਾਨਗਰ, ਕਾਦੀਆਂ, ਬਟਾਲਾ, ਫਤਿਹਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ ਤੋਂ ਰੰਧਾਵਾ ਅੱਗੇ ਰਹੇ ਹਨ। ਜਦਕਿ 3 ਸੀਟਾਂ ਭੋਆ, ਸੁਜਾਨਪੁਰ ਅਤੇ ਪਠਾਨਕੋਟ ਤੋਂ ਬੀਜੇਪੀ ਦੇ ਉਮੀਦਵਾਰ ਦਿਨੇਸ਼ ਬੱਬੂ ਨੇ ਲੀਡ ਹਾਸਲ ਕੀਤੀ ਹੈ।

ਹੁਸ਼ਿਆਰਪੁਰ ਤੋਂ ਆਪ ਦੇ ਉਮੀਦਵਾਰ ਰਾਜਕੁਮਾਰ ਚੱਬੇਵਾਲ ਜੇਤੂ ਰਹੇ ਹਨ। 9 ਵਿਧਾਨ ਸਭਾ ਸੀਟਾਂ ਵਿੱਚੋਂ ਭੁੱਲਥ, ਫਗਵਾੜਾ, ਸ਼ਾਮ ਚੁਰਾਸੀ, ਚੱਬੇਵਾਲ ਵਿੱਚ ਆਪ ਨੇ ਲੀਡ ਹਾਸਲ ਕੀਤੀ ਹੈ। ਦਸੂਹਾ ਅਤੇ ਹੁਸ਼ਿਆਰਪੁਰ ਦੀਆਂ 2 ਸੀਟਾਂ ‘ਤੇ ਬੀਜੇਪੀ ਦਾ ਉਮੀਦਵਾਰ ਅੱਗੇ ਸੀ ਜਦਕਿ ਉੜਮੁੜ ਅਤੇ ਹਰਗੋਬਿੰਦਪੁਰ ਦੀਆਂ 2 ਸੀਟਾਂ ਤੋਂ ਕਾਂਗਰਸ ਨੂੰ ਲੀਡ ਮਿਲੀ ਹੈ।

ਜਲੰਧਰ ਵਿੱਚ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਨੇ ਹੁੰਝਾਫੇਰ ਜਿੱਤ ਹਾਸਲ ਕੀਤੀ। 9 ਵਿਧਾਨ ਸਭਾ ਵਿੱਚੋਂ 7 ਫਿਲੌਰ, ਨਕੋਦਰ, ਸ਼ਾਹਕੋਟ, ਕਰਤਾਰਪੁਰ, ਜਲੰਧਰ ਕੈਂਟ, ਜਲੰਧਰ ਵੈਸਟ, ਆਦਮਪੁਰ ਤੋਂ ਕਾਂਗਰਸ ਜਿੱਤੀ ਹੈ ਜਦਕਿ ਜਲੰਧਰ ਸੈਂਟਰ ਅਤੇ ਜਲੰਧਰ ਨਾਰਥ ਤੋਂ ਬੀਜੇਪੀ ਜਿੱਤੀ ਹੈ।

ਖਡੂਰ ਸਾਹਿਬ ਸੀਟ ਪੰਜਾਬ ਦੀ ਸਭ ਤੋਂ ਵੱਡੀ ਲੀਡ ਵਾਲੀ ਸੀਟ ਰਹੀ ਹੈ। ਅਜ਼ਾਦ ਉਮੀਦਵਾਰ ਅਮ੍ਰਿਤਪਾਲ ਸਿੰਘ ਇੱਥੋਂ ਜਿੱਤੇ ਹਨ। 9 ਵਿਧਾਨ ਸਭਾ ਸੀਟਾਂ ਵਿੱਚੋਂ 8 ਸੀਟਾਂ ‘ਤੇ ਉਨ੍ਹਾਂ ਨੇ ਲੀਡ ਹਾਸਲ ਕੀਤੀ ਹੈ। ਜੰਡੀਆਲਾ, ਤਰਨ ਤਾਰਨ, ਖੇਮਕਰਨ, ਪੱਟੀ, ਖਡੂਰ ਸਾਹਿਬ, ਬਾਬਾ ਬਕਾਲਾ, ਸੁਲਤਾਨਪੁਰ ਲੋਧੀ, ਜ਼ੀਰਾ ਵਿੱਚ ਅਮ੍ਰਿਤਪਾਲ ਸਿੰਘ ਦੀ ਲੀਡ ਰਹੀ ਜਦਕਿ ਸਿਰਫ ਰਾਣਾ ਗੁਰਜੀਤ ਸਿੰਘ ਦੇ ਹਲਕੇ ਕਪੂਰਥਲਾ ਵਿੱਚ ਕਾਂਗਰਸ ਦੇ ਕੁਲਬੀਜ ਜੀਰਾ ਨੇ ਲੀਡ ਹਾਸਲ ਕੀਤੀ ਹੈ।

ਲੁਧਿਆਣਾ ਦੀ ਸੀਟ ਨੇ ਸਭ ਨੂੰ ਹੈਰਾਨ ਕੀਤਾ ਹੈ। ਕਾਂਗਰਸ ਦੇ ਰਾਜਾ ਵੜਿੰਗ ਦੀ ਹਾਲਾਂਕਿ ਜਿੱਤ ਹੋਈ ਹੈ ਪਰ ਉਹ ਸਿਰਫ ਚਾਰ ਹਲਕਿਆ ਵਿੱਚ ਅੱਗੇ ਰਹੇ ਜਦਕਿ ਬਿੱਟੂ 5 ਵਿਧਾਨਸਭਾ ਸੀਟਾਂ ‘ਤੇ ਅੱਗੇ ਸੀ। ਲੁਧਿਆਣਾ ਈਸਟ, ਲੁਧਿਆਣਾ ਸਾਊਥ, ਲੁਧਿਆਣਾ ਸੈਂਟਰਲ, ਲੁਧਿਆਣਾ ਵੈਸਟ, ਲੁਧਿਆਣਾ ਨੌਰਥ ਤੋਂ ਬੀਜੇਪੀ ਨੇ ਲੀਡ ਹਾਸਲ ਕੀਤੀ ਜਦਕਿ ਆਤਮਨਗਰ, ਗਿੱਲ, ਦਾਖਾ ਅਤੇ ਜਗਰਾਓਂ ਤੋਂ ਕਾਂਗਰਸ ਨੂੰ ਲੀਡ ਮਿਲੀ ਹੈ।

ਪਟਿਆਲਾ ਸੀਟ ਕਾਂਗਰਸ ਦੇ ਧਰਮਵੀਰ ਗਾਂਧੀ ਨੇ ਜਿੱਤੀ ਹੈ ਪਰ ਸਿਰਫ਼ ਤਿੰਨ ਵਿਧਾਨ ਸਭਾ ਹਲਕੇ ਨਾਭਾ, ਘਨੌਰ, ਪਟਿਆਲਾ ਦਿਹਾਤੀ ਵਿੱਚ ਕਾਂਗਰਸ ਨੇ ਲੀਡ ਲਈ ਹੈ। ਪਟਿਆਲਾ ਸ਼ਹਿਰੀ, ਰਾਜਪੁਰਾ, ਡੇਰਾ ਬੱਸੀ ਵਿੱਚ ਬੀਜੇਪੀ ਨੇ ਤਿੰਨ ਸੀਟਾਂ ਤੇ ਲੀਡ ਹਾਸਲ ਕੀਤੀ ਹੈ। ਸਨੌਰ, ਸਮਾਣਾ ਅਤੇ ਸ਼ੁਤਰਾਣਾ ਵਿੱਚ ਆਪ ਨੂੰ ਲੀਡ ਮਿਲੀ ਹੈ।

ਅੱਜ ਚੋਣਾਂ ਹੋ ਜਾਣ ਤਾਂ ਕਿਸ ਨੂੰ ਕਿੰਨੀਆਂ ਸੀਟਾਂ ਮਿਲਣਗੀਆਂ

ਲੋਕ ਸਭਾ ਦੇ ਨਤੀਜਿਆਂ ਦੇ ਨਾਲ ਜੇਕਰ ਵਿਧਾਨ ਸਭਾ ਦੀ ਤੁਲਨਾ ਕਰੀਏ ਤਾਂ ਮਾਨ ਸਰਕਾਰ ਬਹੁਮਤ ਤੋਂ ਬਹੁਤ ਦੂਰ ਨਜ਼ਰ ਆ ਰਹੀ ਹੈ, ਕਿਸੇ ਵੀ ਪਾਰਟੀ ਦੀ ਸਰਕਾਰ ਬਣ ਦੀ ਹੋਈ ਨਜ਼ਰ ਨਹੀਂ ਆ ਰਹੀ ਹੈ। ਕਾਂਗਰਸ 38 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿੱਚ ਉਭਰ ਹੀ ਹੈ। 32 ਸੀਟਾਂ ਨਾਲ ਆਪ ਦੂਜੇ ਨੰਬਰ ‘ਤੇ ਹੈ। 23 ਸੀਟਾਂ ਨਾਲ ਬੀਜੇਪੀ ਤੀਜੇ ‘ਤੇ ਅਤੇ ਅਕਾਲੀ ਦਲ ਦੇ ਖਾਤੇ ਵਿੱਚ ਸਿਰਫ 9 ਸੀਟਾਂ ਹੀ ਆਉਣਗੀਆਂ ਜਦਕਿ ਅਜ਼ਾਦ 15 ਸੀਟਾਂ ਹਾਸਲ ਕਰ ਸਕਦੇ ਹਨ।