‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਕਿਹਾ ਹੈ ਕਿ ਜੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ, ਜੋ ਕਿ ਸਵੈ-ਨਿਰਵਾਸ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ, ਜੇਕਰ ਖੁਦ ਵਾਪਸ ਨਹੀਂ ਆਉਂਦੇ ਤਾਂ ਸਰਕਾਰ ਉਨ੍ਹਾਂ ਨੂੰ ਲਿਆਵੇਗੀ। ਚੌਧਰੀ ਨੇ ਕਿਹਾ ਕਿ ਸਮੁੱਚੀ ਵਿਰੋਧੀ ਧਿਰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਵੱਲੋਂ ਤਿਆਰ ਕੀਤੇ ਗਏ ਸ਼ਾਸਨ ਨੂੰ ਡੇਗਣ ਵਿੱਚ ਅਸਮਰੱਥ ਹੈ। ਦੇਸ਼ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮੋਇਦ ਯੂਸਫ ਦੇ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਕਰਦਿਆਂ ਚੌਧਰੀ ਨੇ ਕਿਹਾ ਨਵਾਜ਼ ਸ਼ਰੀਫ ਖੁਦ ਕਦੇ ਵੀ ਘਰ ਵਾਪਸ ਨਹੀਂ ਆਉਣਗੇ ਜਦੋਂ ਤੱਕ ਸਰਕਾਰ ਬ੍ਰਿਟਿਸ਼ ਸਰਕਾਰ ਦੇ ਨਾਲ ਸਮਝੌਤੇ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਨਹੀਂ ਲਿਆਵੇਗੀ।
ਹਾਲੀ ਹੀ ਵਿੱਚ ਸੰਸਦ ਦੇ ਸਪੀਕਰ ਆਇਆਜ ਸਾਦਿਕ ਨੇ ਕਿਹਾ ਸੀ ਕਿ ਉਹ ਲੰਡਨ ਜਾ ਰਹੇ ਹਨ ਅਤੇ ਨਵਾਜ਼ ਸ਼ਰੀਫ਼ ਨੂੰ ਵਾਪਸ ਲੈ ਕੇ ਆਉਣਗੇ। ਇਸ ਤੋਂ ਬਾਅਦ ਸ਼ਰੀਫ਼ ਪਰਿਵਾਰ ਦੀ ਚਿੰਤਾ ਵੱਧ ਗਈ ਹੈ। ਫਵਾਦ ਚੌਧਰੀ ਨੇ ਕਿਹਾ ਕਿ ਨਵਾਜ਼ ਸ਼ਰੀਫ਼ ਦੀ ਵਾਪਸੀ ਨੂੰ ਲੈ ਕੇ ਸਰਕਾਰ ਨੇ ਬ੍ਰਿਟੇਨ ਦੀ ਨਾਲ ਇਸ ਮਾਮਲੇ ਨੂੰ ਅੰਤਿਮ ਰੂਪ ਦੇ ਦਿੱਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਭ੍ਰਿਸ਼ਟਾਚਾਰ ਮਾਮਲੇ ਵਿੱਚ ਅਦਾਲਤ ਤੋਂ ਜ਼ਮਾਨਤ ‘ਤੇ ਰਿਹਾਅ ਹੋਏ ਨਵਾਜ਼ ਸ਼ਰੀਫ਼ ਇਲਾਜ ਦੇ ਲਈ ਲੰਡਨ ਗਏ ਸੀ ਅਤੇ ਫਿਰ ਉਸ ਤੋਂ ਬਾਅਦ ਵਾਪਸ ਨਹੀਂ ਪਰਤੇ। ਉਨ੍ਹਾਂ ਦੀ ਪਾਰਟੀ ਪੀਐੱਮਐੱਲ-ਐੱਨ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਭਰਾ ਸ਼ਾਹਬਾਜ਼ ਸ਼ਰੀਫ਼ ਅਤੇ ਬੇਟੀ ਮਰੀਅਮ ਸ਼ਰੀਫ਼ ਦੇ ਹੱਥਾਂ ਵਿੱਚ ਹੈ। ਫਵਾਦ ਚੌਧਰੀ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਹੀ ਕੇਵਲ ਅਸਲੀ ਵਿਰੋਧੀ ਧਿਰ ਦੇ ਤੌਰ ‘ਤੇ ਕੰਮ ਕਰ ਸਕਦੇ ਹਨ।