India Khaas Lekh Khabran da Prime Time Khalas Tv Special Punjab

ਖਿੜਿਆ ਫੁੱਲ ਗੁਲਾਬ ਦਾ, ਚੰਡੀਗੜ੍ਹ ਪੰਜਾਬ ਦਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਏਸ਼ੀਆ ਦੇ ਸਭ ਤੋਂ ਖੂਬਸੂਰਤ ਸ਼ਹਿਰ ਚੰਡੀਗੜ੍ਹ ਉੱਤੇ ਦੋ ਸੂਬਿਆਂ ਦਾ ਹੱਕ ਹੈ। ਪੰਜਾਬ ਦੇ ਪਿੰਡ ਉਜਾੜ ਕੇ ਵਸਾਏ ਇਸ ਸ਼ਹਿਰ ਨੂੰ ਪੰਜਾਬੀ ਹਿੱਕ ਨਾਲ ਲਾਏ ਰੱਖਣਾ ਲੋਚਦੇ ਹਨ ਜਦਕਿ ਹਰਿਆਣਾ ਛੋਟੇ ਭਰਾ ਦਾ ਢਕੌਂਜ ਰਚ ਕੇ ਜ਼ਬਰਦਸਤੀ ਹੱਕ ਜਤਾਉਣ ਲੱਗਾ ਹੈ। ਕਈ ਦਹਾਕੇ ਪਹਿਲਾਂ ਚੰਡੀਗੜ੍ਹ ਨੂੰ ਕੇਂਦਰੀ ਸ਼ਾਸਿਤ ਰਾਜ ਦਾ ਦਰਜਾ ਦੇ ਕੇ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਬਣਾ ਦਿੱਤਾ ਗਿਆ ਸੀ। ਬਾਵਜੂਦ ਇਸਦੇ ਪੰਜਾਬ ਨੇ ਚੰਡੀਗੜ੍ਹ ‘ਤੇ ਆਪਣਾ ਹੱਕ ਨਹੀਂ ਛੱਡਿਆ। ਹਰਿਆਣਾ ਇਸ ‘ਤੇ ਜ਼ਬਰੀ ਕਬਜ਼ਾ ਕਰੀ ਬੈਠਾ ਹੈ। ਦਹਾਕਿਆਂ ਤੋਂ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਮੰਗ ਲਗਾਤਾਰ ਉੱਠਦੀ ਰਹੀ ਹੈ। ਤਦੇ ਛੋਟੇ ਹੁੰਦਿਆਂ ਤੋਂ ਸਾਡੇ ਕੰਨਾਂ ਵਿੱਚ ਖਿੜਿਆ ਫੁੱਲ ਗੁਲਾਬ ਦਾ, ਚੰਡੀਗੜ੍ਹ ਪੰਜਾਬ ਦਾ ਦੇ ਬੋਲ ਗੂੰਜਣ ਲੱਗੇ ਸਨ। ਚੋਣਾਂ ਦੇ ਮੂਹਰੇ ਆ ਕੇ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਮੰਗ ਉੱਠਦੀ ਰਹੀ ਹੈ। ਇਸ ਵਾਰ ਸਥਿਤੀ ਕੁੱਝ ਬਦਲਵੀਂ ਦਿਸਣ ਲੱਗੀ ਹੈ। ਪ੍ਰਧਾਨ ਮੰਤਰੀ ਦਫ਼ਤਰ ਵਿੱਚ ਪੰਜਾਬੀਆਂ ਨੂੰ ਭਰਮਾਉਣ ਲਈ ਚੰਡੀਗੜ੍ਹ ਪੰਜਾਬ ਨੂੰ ਦੇਣ ਦੀਆਂ ਯੋਜਨਾਵਾਂ ਬਣਨ ਲੱਗੀਆਂ ਹਨ ਪਰ ਹਾਲੇ ਵੀ ਵਾਧੇ ਘਾਟੇ ਅਤੇ ਗੁਣਾ ਤਕਸੀਮ ਦੀ ਚਰਚਾ ਵੀ ਨਾਲੋਂ-ਨਾਲ ਚੱਲ ਰਹੀ ਹੈ।

ਦੂਜੇ ਪਾਸੇ ਛੇ ਦਹਾਕਿਆਂ ਤੋਂ ਬਾਅਦ ਚੰਡੀਗੜ੍ਹ ਦਾ ਸੱਭਿਆਚਾਰ ਬਿਲਕੁਲ ਬਦਲ ਗਿਆ ਹੈ। ਇੱਥੇ ਬਣ-ਬਣ ਦੀ ਲੱਕੜੀ ਆ ਵੱਸੀ ਹੈ। ਯੂਟੀ ਦਾ ਆਪਣਾ ਵੱਖਰਾ ਕੇਡਰ ਬਣ ਗਿਆ ਹੈ। ਪੰਜਾਬ ਅਤੇ ਹਰਿਆਣਾ ਦੇ 60-40 ਦੇ ਅਨੁਪਾਤ ਨੂੰ ਯੂਟੀ ਕੇਡਰ ਨੇ ਵਾਢਾ ਲਾ ਲਿਆ ਹੈ। ਪੰਜਾਬ ਸਰਕਾਰ ਦੇ ਕਈ ਦਫ਼ਤਰ ਮੁਹਾਲੀ ਤਬਦੀਲ ਹੋ ਗਏ ਹਨ। ਹਰਿਆਣਾ ਦੇ ਦਫ਼ਤਰ ਵੀ ਪੰਚਕੂਲਾ ਵੱਲ ਨੂੰ ਖਿਸਕਣ ਲੱਗੇ ਹਨ। ਹਾਲੇ ਵੀ ਹਾਈਕੋਰਟ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਹੈ। ਵਿਧਾਨ ਸਭਾ ਇੱਕੋ ਬਿਲਡਿੰਗ ਵਿੱਚ ਜੁੜਦੀ ਹੈ। ਸਕੱਤਰੇਤ ਦੀਆਂ ਵੰਡੀਆਂ ਨਹੀਂ ਪਈਆਂ। ਉਂਝ ਹਰਿਆਣਾ ਨੂੰ ਚੰਡੀਗੜ੍ਹ ਵਿੱਚੋਂ ਉਠਾ ਕੇ ਨਵੀਂ ਰਾਜਧਾਨੀ ਬਣਾਉਣ ਲਈ ਮਾਲੀ ਮਦਦ ਕਰਨ ਦੀਆਂ ਗੱਲਾਂ ਚੱਲੀਆਂ ਪਰ ਹਰ ਵਾਰ ਦਮ ਤੋੜ ਕੇ ਰਹਿ ਜਾਂਦੀਆਂ ਰਹੀਆਂ ਹਨ।

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਪੰਜ ਜਨਵਰੀ ਨੂੰ ਪੰਜਾਬ ਦਾ ਗੇੜਾ ਲਾ ਰਹੇ ਹਨ ਤਾਂ ਭਾਜਪਾ ਉਨ੍ਹਾਂ ਦੇ ਹੱਥਾਂ ਵੱਲ ਦੇਖ ਰਹੀ ਹੈ ਕਿ ਹਵਾ ਦਾ ਰੁਖ਼ ਸ਼ਾਇਦ ਬਦਲ ਜਾਵੇ। ਇਹ ਪਹਿਲੀ ਵਾਰ ਹੈ ਜਦੋਂ ਪੰਜਾਬੀਆਂ ਨੂੰ ਪੀਐੱਮ ਤੋਂ ਕੋਈ ਝਾਕ ਨਹੀਂ। ਨਹੀਂ ਤਾਂ ਇਸ ਤੋਂ ਪਹਿਲਾਂ ਜਦੋਂ ਵੀ ਦੇਸ਼ ਦੇ ਹਾਕਮ ਨੇ ਸੂਬੇ ਵਿੱਚ ਚੋਣ ਰੈਲੀ ਕੀਤੀ ਹੈ ਤਾਂ ਪੰਜਾਬੀ ਵੱਡੀ ਰਾਹਤ ਦੀ ਉਮੀਦ ਕਰਦੇ ਰਹੇ ਹਨ। ਪ੍ਰਧਾਨ ਮੰਤਰੀ ਦੀ ਇਹ ਮਜ਼ਬੂਰੀ ਹੈ ਕਿ ਉਹ ਭਾਜਪਾ ਦੇ ਉੱਖੜੇ ਪੈਰ ਲਾਉਣ ਲਈ ਐਲਾਨਾਂ ਦੀ ਝੋਲੀ ਭਰ ਕੇ ਲਿਆਉਣ। ਪੰਜਾਬ ਦੇ ਤਿੰਨ ਲੱਖ ਕਰੋੜ ਦੇ ਕਰਜ਼ੇ ‘ਤੇ ਲਕੀਰ ਮਾਰਨ ਦੀ ਚਰਚਾ ਵੀ ਤੁਰੀ ਹੋਈ ਹੈ। ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਦੀ ਉਮੀਦ ਵੀ ਰੱਖੀ ਜਾਣ ਲੱਗੀ ਹੈ। ਸਭ ਤੋਂ ਵੱਡੀ ਚਰਚਾ ਇਹ ਹੈ ਕਿ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾ ਰਿਹਾ ਹੈ। ਪਰ ਉਸਦੇ ਬਦਲੇ ਸੂਬੇ ਤੋਂ ਫਾਜਿਲਕਾ ਅਤੇ ਅਬੋਹਰ ਖੋਹੇ ਜਾਣ ਦੀ ਹਾਲੇ ਤੱਕ ਲੋਕਾਂ ਨੂੰ ਭਿਣਕ ਨਹੀਂ ਪਈ। ‘ਦ ਖ਼ਾਲਸ ਟੀਵੀ ਦੇ ਸੂਤਰ ਬਟਵਾਰੇ ਬਾਰੇ ਚੱਲ ਰਹੀ ਚਰਚਾ ‘ਤੇ ਆਪਣੀ ਮੋਹਰ ਲਗਾਉਣ ਦਾ ਦਮ ਰੱਖਦੇ ਹਨ। ਪ੍ਰਧਾਨ ਮੰਤਰੀ ਦੇ ਇਸ ਐਲਾਨ ਨੂੰ ਲੈ ਕੇ ਫਾਜਿਲਕਾ ਅਤੇ ਅਬੋਹਰ ਦੇ ਲੋਕ ਰੁੱਸ ਜਾਣ, ਇਹ ਵੱਖਰੀ ਗੱਲ਼ ਹੈ ਪਰ ਪੰਜਾਬ ਨੂੰ ਜਿਹੜਾ ਘਾਟਾ ਪੈਣ ਵਾਲਾ ਹੈ, ਅਸੀਂ ਉਸਨੂੰ ਲੈ ਕੇ ਵਧੇਰੇ ਫਿਕਰਮੰਦ ਹਾਂ।

ਸਿਆਸੀ ਤੌਰ ‘ਤੇ ਗੱਲ ਕਰੀਏ ਤਾਂ ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਕੈਂਪੇਨ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਹਰਿਆਣਾ ਵਾਸੀ ਬਣ ਜਾਣਗੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਹਲਕਾ ਜਲਾਲਾਬਾਦ ਵੀ ਹਰਿਆਣਾ ਵਿੱਚ ਜਾ ਰਲੂ। ਭਾਜਪਾ ਨੂੰ ਦੋਵੇਂ ਗੱਲ਼ਾਂ ਰਾਸ ਆਉਣਗੀਆਂ। ਕਾਂਗਰਸ ਨੂੰ ਸਿਆਸੀ ਪੱਖੋਂ ਨਾ ਪੂਰਾ ਹੋਣ ਵਾਲਾ ਘਾਟਾ ਪਵੇਗਾ। ਸੁਖਬੀਰ ਸਿੰਘ ਬਾਦਲ ਹੋਰ ਹਲਕਾ ਲੱਭ ਲੈਣਗੇ ਪਰ ਪੰਜਾਬ ਦਾ ਇੱਕ ਅੰਗ ਕੱਟੇ ਜਾਣ ਦਾ ਦਰਦ ਤਾਂ ਪੰਜਾਬ ਵਾਸੀਆਂ ਲਈ ਅਸਿਹ ਹੋਊ। ਉਹ ਫੇਰ ਮੋਰਚਾ ਲਾਉਣਗੇ ਠਰਦੀਆਂ ਰਾਤਾਂ ਨੂੰ। ਉਂਝ ਅਕਾਲੀ ਦਲ ਦੀ ਜਿੱਤ ਵੀ ਤਾਂ ਮੋਰਚਿਆਂ ਵਿੱਚੋਂ ਦੀ ਨਿਕਲਦੀ ਰਹੀ ਹੈ। ਉਹ ਜੇਲ੍ਹ ਭਰੋ ਦੇ ਨਾਂ ‘ਤੇ ਵੋਟਾਂ ਵੀ ਮੰਗਣਗੇ ਅਤੇ ਪੰਥ ਨੂੰ ਨੇੜੇ ਵੀ ਖਿੱਚਣਗੇ। ਪਰ ਭਾਰਤੀ ਜਨਤਾ ਪਾਰਟੀ ਜਾਂ ਦੇਸ਼ ਦੇ ਹਾਕਮ ਨੂੰ ਪੰਜਾਬੀਆਂ ਦੀ ਕੀ ਚਿੰਤਾ। ਉਹ ਤਾਂ ਪੰਜਾਬ ਉੱਤੇ ਕਬਜ਼ਾ ਕਰਨ ਦੀ ਤਾਕ ਵਿੱਚ ਹਨ। ਪੰਜਾਬ ‘ਤੇ ਕਬਜ਼ਾ ਕਰਨ ਲਈ ਭਾਜਪਾ ਸਮੇਤ ਸਾਰੀ ਸਿਆਸੀ ਪਾਰਟੀਆਂ ਨੂੰ ਪੰਜਾਬੀ ਵੋਟਰ ਹੀ ਦਿੱਸਦੇ ਹਨ ਮਨੁੱਖ ਨਹੀਂ। ਅਸੀਂ ਆਪਣੇ -ਆਪ ਨੂੰ ਵੋਟਰ ਦੀ ਥਾਂ ਮਨੁੱਖ ਹੋਣ ਦਾ ਅਹਿਸਾਸ ਸਿਆਸੀ ਪਾਰਟੀਆਂ ਨੂੰ ਕਦੋਂ ਕਰਵਾਉਣਾ ਹੈ, ਇਹ ਸਮੇਂ ਉੱਤੇ ਛੱਡਦੇ ਹਾਂ। ਸਾਡੀ ਸੱਚੇ ਪੰਜਾਬੀ ਹੋਣ ਦੇ ਨਾਤੇ ਇਹ ਅਰਜ਼ੋਈ ਜ਼ਰੂਰ ਹੈ ਕਿ ਪੰਜਾਬ ਦੀ ਹਿੱਕ ਉੱਤੇ ਵੱਸਿਆ ਚੰਡੀਗੜ੍ਹ ਜ਼ਰੂਰ ਮਿਲ ਜਾਵੇ। ਪਰ ਕੋਈ ਅੰਗ ਕੱਟਣ ਦੀ ਨੌਬਤ ਤੋਂ ਅੱਲਾ ਬਚਾ ਰੱਖੇ। ਪੰਜਾਬ ਦੇ ਇਨ੍ਹਾਂ ਤਿਲਕਵੇਂ ਸਿਆਸੀ ਹਾਲਾਤਾਂ ਵਿੱਚ ਸਭ ਦਾ ਰੱਬ ਰਾਖਾ।