ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ( capt Amarinder singh ) ਨੇ ਕਿਹਾ ਕਿ ਪੰਜਾਬ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ ਤੇ ਜੇਕਰ ਪੰਜਾਬ ਸਰਕਾਰ ਸੂਬੇ ਨੂੰ ਸੰਭਾਲ ਨਹੀਂ ਸਕਦੀ ਤਾਂ ਕੇਂਦਰ ਸਰਕਾਰ ( central government )ਨੂੰ ਇਸ ਮਾਮਲੇ ਵਿੱਚ ਦਖਲ ਦੇਣਾ ਚਾਹੀਦਾ ਹੈ। ਪਿਛਲੇ ਦਿਨੀਂ ਅਜਨਾਲਾ ਵਿੱਚ ਵਾਪਰੀ ਘਟਨਾ ਦੇ ਮਾਮਲੇ ’ਤੇ ਗੱਲ ਕਰਦਿਆਂ ਅੱਜ ਸਾਬਕਾ ਮੁੱਖ ਮੰਤਰੀ ਨੇ ਮੁੱਖ ਮੰਤਰੀ ਭਗਵੰਤ ਮਾਨ ( CM Bhagwant Singh Mann ) ਨੂੰ ਘੇਰਿਆ।
ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਪੰਜਾਬ ਦੇ ਮਸਲਿਆਂ ਵਿੱਚ ਕੋਈ ਦਿਲਚਸਪੀ ਨਹੀਂ ਲੈ ਰਹੇ ਤੇ ਪੰਜਾਬ ਦੀ ਭਲਾਈ ਲਈ ਕੋਈ ਵੀ ਅਹਿਮ ਕਦਮ ਚੁੱਕਣ ਤੋਂ ਪਿੱਛੇ ਹਟਦੇ ਜਾ ਰਹੇ ਹਨ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਅਜਨਾਲਾ ਵਿੱਚ ਜਿਸ ਵੇਲੇ ਗੰਭੀਰ ਘਟਨਾ ਵਾਪਰੀ, ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁੰਬਈ ਵਿੱਚ ਬੈਠੇ ਸਨ। ਉਨ੍ਹਾਂ ਕਿਹਾ ਕਿ ਜੇਕਰ ਉਸੇ ਵੇਲੇ ਪੁਲੀਸ ਨੂੰ ਸਹੀ ਨਿਰਦੇਸ਼ ਦਿੱਤੇ ਗਏ ਹੁੰਦੇ ਤਾਂ ਇਸ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕਦਾ ਸੀ।
ਕੈਪਟਨ ਨੇ ਕਿਹਾ ਕਿ ਜਿਸ ਹਿਸਾਬ ਨਾਲ ਮੌਜੂਦਾ ਸਰਕਾਰ ਕੰਮ ਕਰ ਰਹੀ ਹੈ, ਉਸ ਢੰਗ ਨਾਲ ਕਦੇ ਵੀ ਕੋਈ ਸਰਕਾਰ ਨਹੀਂ ਚੱਲ ਸਕਦੀ। ਉਨ੍ਹਾਂ ਕਿਹਾ ਕਿ ਇਹੋ ਜਿਹੇ ਹਾਲਾਤ ਵਿੱਚ ਕੇਂਦਰ ਸਰਕਾਰ ਨੂੰ ਦਖਲ ਦੇਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਕੋਈ ਨਹੀਂ ਚਾਹੁੰਦਾ ਕਿ ਪੰਜਾਬ 80-90 ਦੇ ਦਹਾਕੇ ਵਾਲੇ ਬਣਨ, ਇਸ ਲਈ ਸੂਬਾ ਸਰਕਾਰ ਨੂੰ ਸਖਤ ਕਦਮ ਚੁੱਕਣੇ ਪੈਣਗੇ।