ਬਿਉਰੋ ਰਿਪੋਰਟ: ਅੰਤਰਰਾਸ਼ਟਰੀ ਅਪਰਾਧਿਕ ਅਦਾਲਤ (ICC) ਨੇ ਵੀਰਵਾਰ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਖਿਲਾਫ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਅਦਾਲਤ ਨੇ ਨੇਤਨਯਾਹੂ ’ਤੇ ਗਾਜ਼ਾ ’ਚ ਯੁੱਧ ਅਪਰਾਧ ਅਤੇ ਮਨੁੱਖਤਾ ਵਿਰੁੱਧ ਅਪਰਾਧਾਂ ਦਾ ਦੋਸ਼ ਲਗਾਇਆ ਹੈ। ਆਈਸੀਸੀ ਨੇ ਮੰਨਿਆ ਕਿ ਹਮਾਸ ਨੂੰ ਖ਼ਤਮ ਕਰਨ ਦੀ ਆੜ ਵਿੱਚ ਇਜ਼ਰਾਈਲੀ ਫ਼ੌਜ ਬੇਗੁਨਾਹਾਂ ਨੂੰ ਮਾਰ ਕੇ ਮਰਨ ਲਈ ਛੱਡ ਰਹੀ ਹੈ। ਗਾਜ਼ਾ ’ਚ ਇਜ਼ਰਾਇਲੀ ਹਮਲੇ ’ਚ ਹੁਣ ਤੱਕ 44 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਮਾਮਲੇ ’ਚ ਇਜ਼ਰਾਈਲ ਦੇ ਸਾਬਕਾ ਰੱਖਿਆ ਮੰਤਰੀ ਯੋਵ ਗੈਲੈਂਟ ਅਤੇ ਹਮਾਸ ਦੇ ਸਾਬਕਾ ਕਮਾਂਡਰ ਮੁਹੰਮਦ ਦਾਇਫ ਦੇ ਖਿਲਾਫ ਵੀ ਵਾਰੰਟ ਜਾਰੀ ਕੀਤੇ ਗਏ ਹਨ।
ਵਾਰੰਟ ’ਚ ਮੁਹੰਮਦ ਦਾਇਫ ’ਤੇ 7 ਅਕਤੂਬਰ ਨੂੰ ਇਜ਼ਰਾਈਲ ’ਚ ਸਮੂਹਿਕ ਕਤਲ, ਬਲਾਤਕਾਰ ਅਤੇ ਲੋਕਾਂ ਨੂੰ ਬੰਧਕ ਬਣਾਉਣ ਦਾ ਦੋਸ਼ ਹੈ। ਹਾਲਾਂਕਿ, ਇਜ਼ਰਾਈਲ ਨੇ ਜੁਲਾਈ ਵਿੱਚ ਇੱਕ ਹਮਲੇ ਵਿੱਚ ਮੁਹੰਮਦ ਦਾਇਫ ਨੂੰ ਮਾਰਨ ਦਾ ਦਾਅਵਾ ਕੀਤਾ ਸੀ। ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਖਿਲਾਫ ਵੀ ਯੂਕਰੇਨ ਵਿੱਚ ਜੰਗੀ ਅਪਰਾਧਾਂ ਲਈ ਗ੍ਰਿਫ਼ਤਾਰੀ ਵਾਰੰਟ ਵੀ ਜਾਰੀ ਕੀਤਾ ਹੈ।
ਉੱਧਰ ਇਜ਼ਰਾਈਲ ਨੇ ਆਈਸੀਸੀ ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ। ਇਜ਼ਰਾਈਲ ਨੇ ਕਿਹਾ ਕਿ ਅਜਿਹਾ ਫੈਸਲਾ ਆਈਸੀਸੀ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ ਹੈ। ਇਜ਼ਰਾਈਲ ਦੇ ਪ੍ਰਮੁੱਖ ਵਿਰੋਧੀ ਨੇਤਾ ਯੇਅਰ ਲਿਪਿਡ ਨੇ ਵੀ ਇਸ ਆਦੇਸ਼ ਦੀ ਨਿੰਦਾ ਕਰਦੇ ਹੋਏ ਇਸਨੂੰ ਅੱਤਵਾਦ ਦਾ ਇਨਾਮ ਦੱਸਿਆ। ਵਾਰੰਟ ’ਤੇ ਨੇਤਨਯਾਹੂ ਅਤੇ ਗੈਲੈਂਟ ਵੱਲੋਂ ਫਿਲਹਾਲ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।