ਚੰਡੀਗੜ੍ਹ : ਪੰਜਾਬ ਵਿੱਚ ਲੰਪੀ ਸਕਿਨ ਬਿਮਾਰੀ ਨੇ ਪਸ਼ੂਆਂ ਦਾ ਜਿਊਣਾ ਮੁਸ਼ਕਿਲ ਕੀਤਾ ਹੋਇਆ ਹੈ। ਲੰਪੀ ਸਕਿਨ ਤੋਂ ਪ੍ਰਭਾਵਿਤ ਕਈ ਪਸ਼ੂਆਂ ਦੀ ਮੌਤ ਵੀ ਹੋ ਚੁੱਕੀ ਹੈ ਅਤੇ ਕਈ ਪਸ਼ੂਆਂ ਨੂੰ ਬੜੀ ਜੱਦੋ ਜਹਿਦ ਦੇ ਨਾਲ ਬਚਾਇਆ ਵੀ ਗਿਆ ਹੈ। ਇਸ ਦੌਰਾਨ ਇੱਕ ਰਾਹਤ ਵਾਲੀ ਖ਼ਬਰ ਆਈ ਹੈ ਕਿ ਇੰਡੀਅਨ ਕੌਂਸਲ ਆਫ਼ ਐਗਰੀਕਲਚਰਲ ਰਿਸਰਚ (ICAR) ਨੇ ਚਾਰ-ਪੰਜ ਮਹੀਨਿਆਂ ਦੇ ਅੰਦਰ-ਅੰਦਰ ਪਸ਼ੂਆਂ ਨੂੰ ਸੰਕਰਮਿਤ ਕਰਨ ਵਾਲੇ ਲੰਪੀ ਸਕਿਨ ਡਿਜ਼ੀਜ਼ ਵਾਇਰਸ ਦੇ ਵਿਰੁੱਧ ਸਵਦੇਸ਼ੀ ਲੰਪੀ-ਪ੍ਰੋਵੇਕਿੰਡ ਵੈਕਸੀਨ ਬਾਜ਼ਾਰ ਵਿੱਚ ਵਿਕਰੀ ਲਈ ਉਪਲੱਬਧ ਕਰਵਾਉਣ ਦਾ ਦਾਅਵਾ ਕੀਤਾ ਹੈ।
ICAR ਦੇ ਡਿਪਟੀ ਡਾਇਰੈਕਟਰ ਜਨਰਲ (ਐਨੀਮਲ ਸਾਇੰਸਜ਼) ਭੂਪੇਂਦਰ ਨਾਥ ਤ੍ਰਿਪਾਠੀ ਨੇ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ, “ਐਗਰੀਨੋਵੇਟ ਇੰਡੀਆ, ਜੋ ਕਿ ਸਾਡੀਆਂ ਸੰਸਥਾਵਾਂ ਦੁਆਰਾ ਵਿਕਸਤ ਉਤਪਾਦਾਂ ਅਤੇ ਤਕਨਾਲੋਜੀਆਂ ਦਾ ਵਪਾਰੀਕਰਨ ਕਰਨ ਵਾਲੀ ਸ਼ਾਖਾ ਹੈ, ਨੇ ਪਿਛਲੇ ਹਫ਼ਤੇ ਐਕਸਪ੍ਰੈਸ਼ਨ ਆਫ਼ ਇੰਟਰਸਟ ਦਸਤਾਵੇਜ਼ ਜਾਰੀ ਕੀਤਾ। ਤਿੰਨ ਕੰਪਨੀਆਂ ਪਹਿਲਾਂ ਹੀ ਦਿਲਚਸਪੀ ਦਿਖਾ ਚੁੱਕੀਆਂ ਹਨ।’ ਹਰਿਆਣਾ ਦੇ ਹਿਸਾਰ ਵਿੱਚ ICAR ਦੇ ਨੈਸ਼ਨਲ ਰਿਸਰਚ ਸੈਂਟਰ ਔਨ ਇਕਵਿਨਸ (NRCE) ਅਤੇ ਇਜਤਨਗਰ, UP ਵਿੱਚ ਭਾਰਤੀ ਵੈਟਰਨਰੀ ਰਿਸਰਚ ਇੰਸਟੀਚਿਊਟ (IVRI) ਦੁਆਰਾ ਸਾਂਝੇ ਤੌਰ ‘ਤੇ ਵਿਕਸਤ ਕੀਤੀ ਹੈ। ਇਹ ਵਾਇਰਸ ਦੇ ਪ੍ਰਭਾਵ ਨੂੰ ਘਟਾਉਣ ਵਾਲੀ ਇੱਕ ਲਾਈਵ ਵੈਕਸੀਨ ਹੈ।