‘ਦ ਖ਼ਾਲਸ ਬਿਊਰੋ:- ਭਾਰਤੀ ਹਵਾਈ ਸੈਨਾ ਨੇ ਨੈੱਟਫਲਿਕਸ ’ਤੇ 12 ਅਗਸਤ ਨੂੰ ਰਿਲੀਜ਼ ਹੋਈ ਹਿੰਦੀ ਫਿਲਮ ‘ਗੁੰਜਨ ਸਕਸੈਨਾ: ਦਿ ਕਾਰਗਿਲ ਗਰਲ’ ਵਿੱਚ IAF ਦੀ ਨਕਾਰਾਤਮਕ ਭੂਮਿਕਾ ਨੂੰ ਦਿਖਾਉਣ ’ਤੇ ਇਤਰਾਜ਼ ਕਰਦਿਆਂ ਸੈਂਸਰ ਬੋਰਡ ਨੂੰ ਪੱਤਰ ਲਿਖਿਆ ਹੈ। ਇਹ ਫਿਲਮ ਭਾਰਤੀ ਹਵਾਈ ਸੈਨਾ ਦੀ ਅਫ਼ਸਰ ਗੁੰਜਨ ਸਕਸੈਨਾ ’ਤੇ ਆਧਾਰਿਤ ਹੈ, ਜੋ 1999 ਦੀ ਕਾਰਗਿਲ ਜੰਗ ਵਿੱਚ ਹਿੱਸਾ ਲੈਣ ਵਾਲੀ ਪਹਿਲੀ ਮਹਿਲਾ ਪਾਇਲਟ ਬਣੀ ਸੀ।
ਇਸ ਫਿਲਮ ਦਾ ਨਿਰਮਾਣ ਕਰਨ ਜੌਹਰ ਦੀ ਧਰਮ ਪ੍ਰੋਡਕਸ਼ਨਜ਼ ਨੇ ਕੀਤਾ ਹੈ। IAF ਨੇ ਫਿਲਮ ‘ਗੁੰਜਨ ਸਕਸੈਨਾ: ਦਿ ਕਾਰਗਿਲ ਗਰਲ’ ਦੇ ਕੁੱਝ ਦ੍ਰਿਸ਼ਾਂ ’ਤੇ ਇਤਰਾਜ਼ ਪ੍ਰਗਟਾਉਂਦਿਆਂ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (CBFC) ਨੂੰ ਪੱਤਰ ਲਿਖਿਆ ਹੈ। IAF ਨੇ ਦੋਸ਼ ਲਾਇਆ ਕਿ ਫਿਲਮ ਵਿੱਚ IAF ਨੂੰ ਬੇਲੋੜੀ ਨਕਾਰਾਤਮਕ ਰੌਸ਼ਨੀ ਵਿੱਚ ਦਿਖਾਇਆ ਗਿਆ ਹੈ।
ਰੱਖਿਆ ਮੰਤਰਾਲੇ ਨੇ ਪਿਛਲੇ ਮਹੀਨੇ CBFC ਨੂੰ ਪੱਤਰ ਭੇਜ ਕੇ ਕੁੱਝ ਵੈੱਬ ਸੀਰੀਜ਼ ਵਿੱਚ ਹਥਿਆਰਬੰਦ ਬਲਾਂ ਦੇ ਚਿਤਰਨ ’ਤੇ ਤਿੱਖਾ ਇਤਰਾਜ਼ ਕਰਦਿਆਂ ਅਪੀਲ ਕੀਤੀ ਸੀ ਕਿ ਨਿਰਮਾਣ ਕੰਪਨੀਆਂ ਨੂੰ ਫੌਜ ਬਾਰੇ ਕੋਈ ਵੀ ਫਿਲਮ, ਦਸਤਾਵੇਜ਼ੀ ਜਾਂ ਵੈੱਬ ਸੀਰੀਜ਼ ਦਾ ਪ੍ਰਸਾਰਨ ਕਰਨ ਤੋਂ ਪਹਿਲਾਂ ਮੰਤਰਾਲੇ ਤੋਂ ‘ਕੋਈ-ਇਤਰਾਜ਼ ਨਹੀਂ’ ਦਾ ਸਰਟੀਫਿਕੇਟ ਲੈਣਾ ਹੋਵੇਗਾ।