ਕਮਲਜੀਤ ਸਿੰਘ ਬਨਵੈਤ/ ਗੁਰਪ੍ਰੀਤ ਸਿੰਘ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਜੀਵਨ ਸਾਥਣ ਇੰਦਰਪ੍ਰੀਤ ਕੌਰ ਨਾਲੋਂ ਅਲੱਗ ਹੋਣ ਵੇਲੇ , “ਜੋ ਲੱਟਕਿਆ ਸੀ ਚਿਰਾਂ ਤੋਂ ਉਹ ਹੱਲ ਹੋ ਗਿਆ, ਕੋਰਟ ਵਿੱਚ ਇਹ ਫੈਸਲਾ ਕੱਲ ਹੋ ਗਿਆ। ਇੱਕ ਪਾਸੇ ਸੀ ਪਰਿਵਾਰ ਦੂਜੇ ਪਾਸੇ ਸੀ ਪੰਜਾਬ, ਮੈਂ ਤਾਂ ਯਾਰੋ ਪੰਜਾਬ ਦੇ ਵੱਲ ਹੋ ਗਿਆ” ਚਾਹੇ ਆਪਣੇ ਦਿਲ ਦਾ ਦਰਦ ਘੱਟ ਕਰਨ ਜਾਂ ਮੀਡੀਆ ਦੇ ਸਵਾਲਾਂ ਤੋਂ ਬਚਣ ਲਈ ਕਹੇ ਹੋਣਗੇ ਪਰ ਅੱਜ ਉਹਨੇ ਬੋਲ ਪੁਗਾ ਕੇ ਦਿਖਾ ਦਿੱਤੇ ਹਨ। ਹੁਣ ਉਹ ਪੰਜਾਬ ਦੇ ਵੱਲ਼ ਨਹੀਂ ਸਗੋਂ ਪੂਰਾ ਪੰਜਾਬ ਉਹਦੇ ਵੱਲ ਹੋ ਗਿਆ ਹੈ।
ਕੁਦਰਤ ਦੇ ਖੇਲ ਹੀ ਕਹੀਏ ਕਿ ਅੱਜ ਜਦੋਂ ਉਹ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਰਹੇ ਹਨ ਤਾਂ ਉਹਨੂੰ ਉਂਗਲੀ ਫੜਾ ਕੇ ਸਿਆਸਤ ਵਿਚ ਲਿਆਉਣ ਵਾਲਾ ਮਨਪ੍ਰੀਤ ਸਿੰਘ ਬਾਦਲ ਮਯੂਸ ਹੋ ਕੇ ਘਰ ਬੈਠੇ ਹਨ ਅਤੇ ਟੀਵੀ ਸ਼ੋਅ ਲਾਫਟਰ ਚੈਲੇਜ਼ ਵਿੱਚ ਉਹਨੂੰ ਪਰਖਣ ਵਾਲੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨਗੀ ਛੱਡਣੀ ਪਈ ਹੈ। ਉਹਨੂੰ ਮੁੱਖ ਮੰਤਰੀ ਦਾ ਆਹੁਦਾ ਥਾਲੀ ‘ਚ ਪਰੇਸ ਕੇ ਨਹੀਂ ਮਿਲਿਆ ਸਗੋਂ ਇਹਦੇ ਲਈ ਖੂਨ ਪਸੀਨਾ ਇੱਕ ਕਰਨਾ ਪਿਆ ਹੈ। ਉਹਦੇ ਪੈਰੀਂ ਛਾਲੇ ਅਤੇ ਹੱਥਾ ਨੂੰ ਰੱਟਣ ਪਏ ਹਨ।
ਮਾਂ ਹਰਪਾਲ ਕੌਰ ਅਤੇ ਪਿਤਾ ਮਾਸਟਰ ਮਹਿੰਦਰ ਸਿੰਘ ਦੇ ਘਰ 17 ਅਕਤੂਬਰ 1973 ਨੂੰ ਜਨਮੇ ਭਗਵੰਤ ਮਾਨ ਨੇ ਆਪਣੀ ਕੈਰੀਅਰ ਬਤੌਰ ਕਲਾਕਾਰ ਸ਼ੁਰੂ ਕੀਤਾ ਸੀ । ਉਹਨੇ ਪਹਿਲੀ ਵਾਰ ਜਗਤਾਰ ਜੱਗੀ ਨਾਲ 1991 ਵਿੱਚ ਸਟੇਜ ‘ਤੇ ਪੈਰ ਧਰਿਆ । ਫੇਰ ਉਹਨੇ ਪਿੱਛੇ ਮੁੜ ਕੇ ਨਹੀੰ ਦੇਖਿਆ। ਸਾਲ 2013 ਤੱਕ ਉਹ ਕਰੀਏਟਿਵ ਮਿਊਜ਼ਿਕ ਕੰਪਨੀ ਨਾਲ ਜੁੜ ਕੇ ਸ਼ੋਅ ਕਰਦਾ ਰਿਹਾ । ਉਹਨੇ ਸਮਾਜ ਸੇਵੀ ਕਾਰਜ ਕਰਨ ਲਈ ਲੋਕ ਲਹਿਰ ਫਾਊਂਡੇਸ਼ਨ ਖੜੀ ਕੀਤੀ । ਜਿਸ ਤੋਂ ਬਾਅਦ ਉਹਦਾ ਝੁਕਾਅ ਰਾਜਨੀਤੀ ਵੱਲ ਹੋ ਗਿਆ । ਰਾਜਨੀਤੀ ਵਿੱਚ ਉਹਦੀ ਐਂਟਰੀ ਅਚਾਨਕ ਨਹੀੰ ਸੀ ਸਗੋਂ ਉਹਨੇ ਗੰਦਲੀ ਰਾਜਨੀਤੀ ਤੋਂ ਸਤ ਕੇ ਹੱਥ ਪਾਇਆ ਸੀ। ਜਦੋਂ ਉਹਨੇ ਸਿਆਸਤ ਵਿੱਚ ਉਹਨੇ ਸਿਆਸਤ ਵਿੱਚ ਪੈਰ ਧਰਿਆ ਤਾੰ ਉਹਦਾ ਕੈਰੀਅਰ ਪੀਕ ‘ਤੇ ਸੀ। ਜਦੋਂ ਮਨਪ੍ਰੀਤ ਸਿੰਘ ਬਾਦਲ ਨੇ ਆਪਣੀ ਪਿਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੋਂ ਬਗਾਵਤ ਕਰਕੇ ਪੀਪਲਜ਼ ਪਾਰਟੀ ਆਫ ਪੰਜਾਬ ਖੜੀ ਕੀਤੀ ਤਾੰ ਉਹ ਜਾ ਰਲਿਆ। ਉਹਨੇ 2012 ਦੀਆਂ ਵਿਧਾਨ ਸਭਾ ਚੋਣ ਹਲਕਾ ਧੁਰੀ ਤੋਂ ਲੜੀ ਪਰ ਪੱਲੇ ਨਿਰਾਸ਼ਾ ਪਈ। ਇਹ ਉਹ ਸਮਾਂ ਸੀ ਜਦੋਂ ਪੰਜਾਬ ਵਿੱਚ ਆਮ ਦਮੀ ਪਾਰਟੀ ਦਾ ਆਗਾਜ ਹੋਇਆ। ਭਗਵੰਤ ਨੇ ਆਪ ਦਾ ਪੱਲਾ ਫੜ ਲਿਆ ਸੀ।
ਉਹਨੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਥੰਮ ਸੁਖਦੇਵ ਸਿੰਘ ਢੀਡਸਾਂ ਨੂੰ ਸੁੱਟ ਲਿਆ। ਇਹਦੇ ਨਾਲ ਉਹਦੇ ਸਿਆਸਤ ਵਿੱਚ ਪੈਰ ਲੱਗਣੇ ਸ਼ੁਰੂ ਨਹੀੰ ਹੋਏ ਸਗੋਂ ਉਹਨੇ ਕੌਮੀ ਸਾਸਤ ਵਿੱਚ ਵੀ ਆਪਣੀ ਪਛਾਣ ਬਣਾ ਲਈ। ਉਸ ਤੋਂ ਬਾਅਦ 2014 ਦੀਆਂ ਚੋਣਾਂ ਵਿੱਚ ਕਾਂਗਰਸ ਦੇ ਕੇਵਲ ਸਿੰਘ ਢਿੱਲੋਂ ਅਤੇ ਅਕਾਲੀ ਦਲ ਦੇ ਪਰਮਿੰਦਰ ਸਿੰਘ ਢੀਂਡਸਾ ਨੂੰ ਮਧੋਰ ਕੇ ਰੱਖ ਦਿੱਤਾ। ਉਹ ਪਾਰਲੀਮੈਟ ਦੀਆਂ ਵੱਖ ਵੱਖ ਕਮੇਟੀਆਂ ਦੇ ਮੈਂਬਰ ਵੀ ਰਹੇ।
ਇਹ ਉਹ ਸਮਾਂ ਸੀ ਜਦੋਂ ਉਹਨਾਂ ਦੀ ਆਪਣੀ ਪਰਵਾਸੀ ਪੰਜਾਬਣ ਪਤਨੀ ਨਾਲ ਅਣਬਣ ਰਹਿਣ ਲੱਗ ਗਈ। ਦੋਹਾਂ ਨੇ 2015 ਵਿੱਚ ਤਲਾਕ ਲੈ ਕੇ ਤੋੜ ਵਿਛੋੜਾ ਕਰ ਲਿਆ। ਉਂਝ ਦੋਵੇਂ ਬੇਟੀ ਸੀਰਤ ਕੌਰ ਮਾਨ ਅਤੇ ਪੁੱਤਰ ਦਿਲਸ਼ਾਨ ਸਿੰਘ ਮਾਨ ਦੇ ਪਿਆਰੇ ਮਾਂ ਪਿਊ ਹਨ। ਮਾਨ ਦੇ ਦੋਵੇਂ ਬੱਚੇ ਅਮਰੀਕਾ ਤੋਂ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਖਾਸ ਤੌਰ ‘ਤੇ ਪੁੱਜੇ ਹਨ।
ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਹਨੇ ਸੁਖਬੀਰ ਸਿੰਘ ਬਾਦਲ ਦੇ ਖ਼ਿਲਾਫ਼ ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ ਕਿਸਮਤ ਅਜਮਾਈ ਸੀ ਪਰ ਹਾਰ ਗਏ। ਕਾਂਗਰਸ ਦਾ ਰਵਨੀਤ ਸਿੰਘ ਬਿੱਟੂ ਵੀ ਮਾਨ ‘ਤੇ ਭਾਰੂ ਰਿਹਾ। ਇਸ ਵਾਰ ਉਹ ਵਿਧਾਨ ਸਭਾ ਹਲਕਾ ਧੂਰੀ ਤੋਂ ਜਿੱਤੇ ਹਨ। ਉਨ੍ਹਾਂ ਦੀ ਪਾਰਟੀ ਨੂੰ 92 ਸੀਟਾਂ ਲੈ ਕੇ ਬਹੁਮਤ ਮਿਲੀ ਹੈ।
ਉਨ੍ਹਾਂ ਦੀ ਪਤਨੀ ਇੰਦਰਪ੍ਰੀਤ ਕੌਰ ਨੇ ਅਮਰੀਕਾ ਤੋਂ ਭੇਜੇ ਸ਼ੁਭ ਇਛਾਵਾਂ ਸੁਨੇਹੇ ਵਿ4ਚ ਕਿਹਾ ਹੈ “ਮੈਂ ਚਾਹੇ ਭਗਵੰਤ ਮਾਨ ਤੋਂ ਦੂਰ ਹਾਂ ਪਰ ਮੇਰੀਆਂ ਅਰਦਾਸਾਂ ਵਿੱਚ ਉਹ ਹਮੇਸ਼ਾ ਹਾਜਰ ਰਿਹਾ ਹੈ। ਭਵਿਖ ਵਿੱਚ ਵੀ ਉਹਦੀ ਚੜਦੀ ਕਲਾ ਲਈ ਅਰਦਾਸ ਕਰਦੀ ਰਹਾਂਗੀ” । ਭਗਵੰਤ ਸਿੰਘ ਮਾਨ ਦਾ ਅਦਾਕਾਰੀ ਵਿੱਚ ਸਿੱਕਾ ਚੱਲਦਾ ਰਿਹਾ ਹੈ। ਰੱਬ ਕਰੇ ਮੁੱਖ ਮੰਤਰੀ ਵਜੋਂ ਵੀ ਸਫਲਤਾ ਉਹਦੇ ਪੈਰ ਚੁੰਮੇ। ਇਹਦੇ ਵਿੱਚ ਉਹਦੀ ਆਪਣੀ ਅਤੇ ਪੰਜਾਬ ਦੋਹਾਂ ਦੀ ਭਲਾਈ ਹੈ। ਸ਼ਾਇਦ ਅੱਜ ਸਹੁੰ ਚੁੱਕਣ ਵੇਲੇ ਉਹ ਆਪ ਵੀ ਗੁਣਗੁਣਾ ਰਿਹਾ ਹੋਵੇ “ਮੈਂ ਤਾਂ ਯਾਰੋ ਪੰਜਾਬ ਦੇ ਵੱਲ ਹੋ ਗਿਆ…….।“
ਸੰਪਰਕ- 98147-34035