‘ਦ ਖ਼ਾਲਸ ਬਿਊਰੋ : ਕਿਸਾਨ ਆਗੂ ਤੇ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਬਲਦੇਵ ਸਿੰਘ ਸਿਰਸਾ ਨੇ ਅੱਜ ਸਾਫ਼ ਤੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ, ਮੁਹਾਲੀ ਦੇ ਦਫ਼ਤਰ ਦੇ ਬਾਹਰ ਲਗਾਏ ਗਏ ਧਰਨੇ ਕਾਰਣ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਹਨ।ਇਸ ਦਾ ਸਾਰਾ ਇਲਜ਼ਾਮ ਉਹਨਾਂ ਨੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ,ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੇ ਡੇਰਾ ਬਿਆਸ ਮੁੱਖੀ ਗੁਰਿੰਦਰ ਸਿੰਘ ਢਿਲੋਂ ਤੇ ਲਾਉਂਦਿਆਂ ਕਿਹਾ ਕਿ ਜੇਕਰ ਉਹਨਾਂ ਜਾ ਫ਼ੇਰ ਉਹਨਾਂ ਦੇ ਕਿਸੇ ਵੀ ਪਰਿਵਾਰਕ ਮੈਂਬਰ ਦਾ ਕਿਸੇ ਵੀ ਤਰਾਂ ਦਾ ਕੋਈ ਨੁਕਸਾਨ ਹੋਇਆ ,ਤਾਂ ਇਸ ਦੇ ਜਿੰਮੇਵਾਰ ਇਹ ਤਿੰਨੋ ਹੋਣਗੇ।
ਸਿੱਖ ਗੁਰੂਆਂ ਤੇ ਸ਼ਹੀਦਾਂ ਬਾਰੇ ਸਕੂਲੀ ਬੱਚਿਆਂ ਤੇ ਕਾਲਜ਼ ਵਿਦਿਆਰਥੀਆਂ ਨੂੰ ਪੜਾਈਆਂ ਜਾਣ ਵਾਲੀਆਂ ਇਤਿਹਾਸ ਦੀਆਂ ਕਿਤਾਬਾਂ ਵਿੱਚ ਸਿੱਖ ਇਤਿਹਾਸ ਤੇ ਸਿੱਖ ਗੁਰੂਆਂ-ਸ਼ਹੀਦਾਂ ਬਾਰੇ ਬਹੁਤ ਗਲਤ ਛਾਪਿਆ ਗਿਆ ਹੈ,ਜਿਸ ਦੇ ਵਿਰੋਧ ਵਿੱਚ ਸਿੱਖ ਜਥੇਬੰਦੀਆਂ ਤੇ ਕਿਸਾਨ ਆਗੂਆਂ ਵੱਲੋਂ ਇੱਕਠੇ ਹੋ ਕੇ ਪੰਜਾਬ ਸਕੂਲ ਸਿੱਖਿਆ ਬੋਰਡ, ਮੁਹਾਲੀ ਦੇ ਦਫ਼ਤਰ ਦੇ ਬਾਹਰ ਅਣਮਿਥੇ ਸਮੇਂ ਲਈ ਧਰਨਾ ਪਿੱਛਲੇ ਕਈ ਦਿਨਾਂ ਤੋਂ ਜਾਰੀ ਹੈ। ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਕਿਹਾ ਹੈ ਕਿ ਇਸ ਧਰਨੇ ਨੂੰ ਹੋਲੀ-ਹੋਲੀ ਹਰ ਪਾਸੇ ਤੋਂ ਬੜਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ 28 ਫ਼ਰਵਰੀ ਨੂੰ ਇੱਥੇ ਇੱਕ ਭਰਵਾਂ ਇੱਕਠ ਕੀਤਾ ਜਾਵੇਗਾ ਤਾਂ ਜੋ ਧਰਨਾ ਹੋਰ ਮਜ਼ਬੂਤ ਹੋ ਸਕੇ ਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਬਾਰੇ ਪਤਾ ਲੱਗ ਸਕੇ।