India Punjab

ਮੈਂ ਕਿਸਾਨ ਹਾਂ, ਮੈਨੂੰ ਇਹ ਕਾਨੂੰਨ ਵਧੀਆ ਲੱਗਦੇ ਹਨ – ਜਿਆਣੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਲੀਡਰ ਸੁਰਜੀਤ ਜਿਆਣੀ ਨੇ ਕਿਸਾਨ ਲੀਡਰਾਂ ਵੱਲੋਂ ਲਖੀਮਪੁਰ ਖੀਰੀ ਘਟਨਾ ਮਾਮਲੇ ਬਾਰੇ ਕੀਤੇ ਗਏ ਐਲਾਨਾਂ ਬਾਰੇ ਬੋਲਦਿਆਂ ਕਿਹਾ ਕਿ ਇਹ ਕੋਈ ਕਿਸਾਨ ਮੁੱਦਾ ਨਹੀਂ ਹੈ, ਇਹ ਰਾਜਨੀਤਿਕ ਮੁੱਦਾ ਹੋਇਆ ਪਿਆ ਹੈ। ਵੈਸੇ ਇਹ ਘਟਨਾ ਮਾੜੀ ਵਾਪਰੀ ਹੈ, ਜਿਸਦੀ ਜਿੰਨੀ ਨਿੰਦਾ ਕਰੋ, ਥੋੜ੍ਹੀ ਹੈ, ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਭਾਵੇ ਕੋਈ ਕਿੰਨੇ ਵੀ ਉੱਚੇ ਅਹੁਦੇ ‘ਤੇ ਕਿਉਂ ਨਾ ਹੋਵੇ। ਪਰ ਇਹ ਸਭ ਇੱਕ ਨਾਟਕ ਹੋ ਰਿਹਾ ਹੈ ਕਿ ਜੇ ਇਹ ਨਹੀਂ ਕੀਤਾ ਤਾਂ ਧਰਨਾ, ਜਲੂਸ ਕੱਢੋ। ਇਨ੍ਹਾਂ ਲੋਕਾਂ ਨੂੰ ਇੱਕ ਕਿਸਾਨੀ ਝੰਡਾ ਮਿਲ ਗਿਆ ਹੈ ਅਤੇ ਮੋਦੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਕਾਰ ਆਪਣੀ ਜਾਂਚ ਕਰ ਰਹੀ ਹੈ।

ਜਿਆਣੀ ਨੇ ਪ੍ਰਧਾਨ ਮੰਤਰੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਮੋਦੀ ਵਰਗਾ ਦੇਸ਼ ਦਾ ਕੋਈ ਪ੍ਰਧਾਨ ਮੰਤਰੀ ਹੋ ਹੀ ਨਹੀਂ ਸਕਦਾ ਅਤੇ ਨਾ ਹੀ ਮਿਲੇਗਾ। ਭਾਜਪਾ ਤਾਂ ਕਿਸੇ ਦਾ ਲਿਹਾਜ਼ ਕਰਦੀ ਹੀ ਨਹੀਂ ਹੈ। ਜੇ ਸੁਪਰੀਮ ਕੋਰਟ ਨੇ ਖੇਤੀ ਕਾਨੂੰਨਾਂ ਨੂੰ ਹੋਲਡ ਕੀਤਾ ਹੋਇਆ ਹੈ ਤਾਂ ਇਹ ਅੰਦੋਲਨ ਕਿਉਂ ਕਰ ਰਹੇ ਹਨ। ਜਿਆਣੀ ਨੇ ਕਿਹਾ ਕਿ ਮੈਂ ਕਿਸਾਨ ਹਾਂ ਅਤੇ ਮੈਂ ਕਹਿੰਦਾ ਹਾਂ ਕਿ ਇਹ ਕਾਨੂੰਨ ਵਧੀਆ ਹਨ। ਜਿਆਣੀ ਨੇ ਕਿਸਾਨ ਲੀਡਰ ਰਾਕੇਸ਼ ਟਿਕੈਤ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਟਿਕੈਤ ਤਾਂ ਕਹਿੰਦੇ ਹਨ ਕਿ ਕਾਨੂੰਨ ਵਾਪਸ ਨਹੀਂ ਤਾਂ ਘਰ ਵਾਪਸੀ ਨਹੀਂ। ਜਦੋਂ ਪਿੰਡਾਂ ਦੀਆਂ ਪੰਚਾਇਤਾਂ ਕੋਈ ਕਾਨੂੰਨ ਬਣਾਉਂਦੀਆਂ ਹਨ ਤਾਂ ਉਹ ਗਲੀ-ਗਲੀ ਜਾ ਕੇ ਨਹੀਂ ਪੁੱਛਦੀਆਂ।

ਜਿਆਣੀ ਨੇ ਕਿਹਾ ਕਿ ਖੇਤੀ ਕਾਨੂੰਨਾਂ ਦਾ ਖਰੜਾ ਕੋਈ ਅੱਜ ਦਾ ਤਿਆਰ ਨਹੀਂ ਹੋ ਰਿਹਾ ਸੀ, ਇਹ ਲੰਮੇ ਸਮੇਂ ਤੋਂ ਤਿਆਰ ਹੋ ਰਿਹਾ ਸੀ। ਜਦੋਂ ਵੀ ਕੋਈ ਕਾਨੂੰਨ ਬਣਦਾ ਹੈ ਤਾਂ ਸੂਬੇ ਦੇ ਮੁੱਖ ਮੰਤਰੀ ਨੂੰ ਪੁੱਛਿਆ ਜਾਂਦਾ ਹੈ ਅਤੇ ਮੁੱਖ ਮੰਤਰੀ ਉਸ ਸਬੰਧੀ ਗੱਲ ਕਰਦਾ ਹੈ। ਮੁੱਖ ਮੰਤਰੀ ਹੀ ਸੂਬੇ ਦੀ ਕਿਸੇ ਵੀ ਸਮੱਸਿਆ ਨੂੰ ਕੇਂਦਰ ਵਿੱਚ ਰੱਖਦਾ ਹੈ। ਜਿਆਣੀ ਨੇ ਕਿਸਾਨਾਂ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਤੁਸੀਂ ਆਪਣੀ ਗੱਲ ਰੱਖੋ, ਲੋਕਾਂ ਨੂੰ ਪਰੇਸ਼ਾਨ ਕਿਉਂ ਕੀਤਾ ਹੋਇਆ ਹੈ।

ਕਿਸਾਨ ਲੀਡਰ ਹਰਿੰਦਰ ਸਿੰਘ ਲੱਖੋਵਾਲ ਨੇ ਜਿਆਣੀ ਨੂੰ ਜਵਾਬ ਦਿੰਦਿਆਂ ਕਿਹਾ ਕਿ ਗ੍ਰਹਿ ਰਾਜ ਮੰਤਰੀ ਨੂੰ ਬਾਹਰ ਕੱਢੋ, ਉਸਨੂੰ ਹਾਲੇ ਤੱਕ ਕਿਉਂ ਨਹੀਂ ਬਾਹਰ ਕੱਢਿਆ ਗਿਆ। ਅਸੀਂ ਸਰਕਾਰ ਦੇ ਨਾਲ ਗੱਲਬਾਤ ਕਰਨ ਲਈ ਹਰ ਵਕਤ ਤਿਆਰ ਹਾਂ। ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦਾ ਬੇੜਾ ਗਰਕ ਕਰ ਦਿੱਤਾ ਹੈ, ਕਿਸਾਨ ਮਰ ਰਹੇ ਹਨ ਪਰ ਮੋਦੀ ਕੁੱਝ ਬੋਲ ਨਹੀਂ ਰਹੇ। ਲੱਖੋਵਾਲ ਨੇ ਜਿਆਣੀ ਨੂੰ ਸਵਾਲ ਕਰਦਿਆਂ ਕਿਹਾ ਕਿ ਸਾਨੂੰ ਫਸਲਾਂ ਦੇ ਲਈ ਕੀ ਇਨ੍ਹਾਂ ਨੇ ਮਾਰਕੀਟ (ਬਾਜ਼ਾਰ) ਦਿੱਤੀ ਹੈ। ਲੱਖੋਵਾਲ ਨੇ ਕਿਹਾ ਕਿ ਜਿਆਣੀ ਜਦੋਂ ਦੇ ਪ੍ਰਧਾਨ ਮੰਤਰੀ ਨੂੰ ਮਿਲੇ ਹਨ, ਉਦੋਂ ਤੋਂ ਇਹ ਸਾਡੇ ਉਲਟ ਬੋਲ ਰਹੇ ਹਨ।