India Punjab

ਕਈ ਦਿਨਾਂ ਬਾਅਦ ਗਰਮ ਹੋਏ ਮੋਰਚੇ ਦੇ ਲੀਡਰਾਂ ਦੇ 5 ਵੱਡੇ ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਕਿਸਾਨ ਮੋਰਚਾ ਨੇ ਲਖੀਮਪੁਰ ਖੀਰੀ ਵਿੱਚ ਵਾਪਰੀ ਘਟਨਾ ਦੇ ਮਾਮਲੇ ਵਿੱਚ ਇੱਕ ਮੀਟਿੰਗ ਕੀਤੀ ਸੀ। ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚਾ ਨੇ ਪੰਜ ਵੱਡੇ ਐਲਾਨ ਕੀਤੇ ਹਨ :

  • 12 ਅਕਤੂਬਰ ਨੂੰ ਪੰਜਾਂ ਕਿਸਾਨਾਂ ਦੀ ਅੰਤਿਮ ਅਰਦਾਸ ਉੱਤਰ ਪ੍ਰਦੇਸ਼ ਦੇ ਤਿਕੋਨੀਆ ਵਿੱਚ ਕੀਤੀ ਜਾਵੇਗੀ ਅਤੇ ਅਸੀਂ ਸਾਰੇ ਕਿਸਾਨਾਂ ਨੂੰ ਇਸ ਵਿੱਚ ਸ਼ਾਮਿਲ ਹੋਣ ਦੀ ਅਪੀਲ ਕਰਦੇ ਹਾਂ। ਇਸ ਪ੍ਰੋਗਰਾਮ ਦੇ ਲਈ ਸਹੀ ਪਤਾ ਅਸੀਂ ਕੱਲ੍ਹ ਸ਼ਾਮ ਤੱਕ ਦੱਸ ਦਿਆਂਗੇ। ਕਿਸਾਨ ਲੀਡਰਾਂ ਨੇ 12 ਅਕਤੂਬਰ ਨੂੰ ਗੁਰਦੁਆਰਿਆਂ, ਮੰਦਿਰਾਂ, ਚਰਚ, ਮਸਜਿਦਾਂ ਅਤੇ ਕਿਸੇ ਵੀ ਹੋਰ ਸਰਵਜਨਕ ਅਸਥਾਨਾਂ ‘ਤੇ ਪ੍ਰਾਰਥਨਾ ਸਭਾ ਅਤੇ ਸ਼ਰਧਾਂਜਲੀ ਸਭਾ ਆਯੋਜਿਤ ਕਰਨ ਦੀ ਅਪੀਲ ਵੀ ਕੀਤੀ। 12 ਅਕਤੂਬਰ ਦੀ ਸ਼ਾਮ ਨੂੰ ਮੋਮਬੱਤੀ ਜਲੂਸ ਦਾ ਆਯੋਜਨ ਕਰਨ ਦੀ ਵੀ ਅਪੀਲ ਕੀਤੀ ਗਈ। ਜੋ ਮੋਮਬੱਤੀ ਮਾਰਚ ਵਿੱਚ ਸ਼ਾਮਿਲ ਨਹੀਂ ਹੋ ਸਕਦੇ, ਉਨ੍ਹਾਂ ਨੂੰ ਘਰਾਂ ਵਿੱਚ ਹੀ ਸ਼ਾਮ ਨੂੰ 8 ਵਜੇ 5 ਮੋਮਬੱਤੀਆਂ ਚਲਾਉਣ ਦੀ ਅਪੀਲ ਕੀਤੀ।
  • 12 ਅਕਤੂਬਰ ਦੀ ਸ਼ਾਮ ਨੂੰ ਤਿਕੋਨੀਆ ਤੋਂ ਪੂਰੇ ਦੇਸ਼ ਦੇ ਲਈ ਸ਼ਹੀਦ ਕਿਸਾਨਾਂ ਦੇ ਅਸਥੀ ਕਲਸ਼ ਨੂੰ ਲੈ ਕੇ ਯਾਤਰਾ ਰਵਾਨਾ ਹੋਵੇਗੀ। ਉੱਤਰ ਪ੍ਰਦੇਸ਼ ਦੇ ਜਿੰਨੇ ਵੀ ਜ਼ਿਲ੍ਹੇ ਹਨ, ਹਰ ਜ਼ਿਲ੍ਹੇ ਦੇ ਲਈ ਅਲੱਗ-ਅਲੱਗ ਕਲਸ਼ ਲੈ ਕੇ ਉਸ ਜ਼ਿਲ੍ਹੇ ਦੀ ਯਾਤਰਾ ਉੱਥੋਂ ਰਵਾਨਾ ਹੋਵੇਗੀ ਅਤੇ ਇਹ ਯਾਤਰਾ 24 ਅਕਤੂਬਰ ਤੱਕ ਸਮਾਪਤ ਹੋ ਜਾਵੇਗੀ। ਬਾਕੀ ਦੇਸ਼ ਦੇ ਹਰ ਰਾਜ ਲਈ ਇੱਕ-ਇੱਕ ਕਲਸ਼ ਲੈ ਕੇ ਉੱਥੋਂ ਦੇ ਲਈ ਯਾਤਰਾ ਸ਼ੁਰੂ ਹੋਵੇਗੀ, ਜਿਵੇਂ ਕੇਰਲਾ, ਤਮਿਲਨਾਡੂ, ਮੇਘਾਲਿਆ, ਤ੍ਰਿਪੁਰਾ, ਗੁਜਰਾਤ, ਜੰਮੂ-ਕਸ਼ਮੀਰ ਆਦਿ ਲਈ। ਕਿਸਾਨ ਲੀਡਰਾਂ ਨੇ ਇਸ ਯਾਤਰਾ ਨੂੰ ‘ਸ਼ਹੀਦ ਕਿਸਾਨ ਕਲਸ਼ ਯਾਤਰਾ’ ਦਾ ਨਾਂ ਦਿੱਤਾ ਹੈ। ਹਰ ਜ਼ਿਲ੍ਹੇ ਦੀਆਂ ਕਿਸਾਨ ਜਥੇਬੰਦੀਆਂ ਤੈਅ ਕਰਨਗੀਆਂ ਕਿ ਉਸ ਯਾਤਰਾ ਦਾ ਵਿਸਰਜਨ ਕਿੱਥੇ ਕਰਨਾ ਹੈ। ਯਾਤਰਾ ਦਾ ਵਿਸਰਜਨ ਕਿਸੇ ਪਵਿੱਤਰ, ਇਤਿਹਾਸਕ ਸਥਾਨ ‘ਤੇ ਕੀਤਾ ਜਾਵੇਗਾ।
  • ਕਿਸਾਨ ਲੀਡਰਾਂ ਨੇ ਦੁਸ਼ਹਿਰੇ ‘ਤੇ ਦੇਸ਼ ਦੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦੁਸ਼ਹਿਰਾ ਸੱਚੀ ਦੀ ਜਿੱਤ ਅਤੇ ਝੂਠ ਦੀ ਹਾਰ ਦਾ ਪ੍ਰਤੀਕ ਹੈ। ਇਸ ਵਕਤ ਦੇਸ਼ ਵਿੱਚ ਝੂਠ ਦੇ ਸਭ ਤੋਂ ਵੱਡੇ ਤਿੰਨ ਪ੍ਰਤੀਨਿਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਤੀਸਰਾ ਵੱਖ-ਵੱਖ ਜ਼ਿਲ੍ਹੇ ਆਪਣੇ ਹਿਸਾਬ ਦੇ ਨਾਲ ਤੈਅ ਕਰਨਗੇ ਕਿ ਕੌਣ ਝੂਠ ਦਾ ਪ੍ਰਤੀਕ ਹੈ, ਉਸ ਅਨੁਸਾਰ ਇਨ੍ਹਾਂ ਤਿੰਨਾਂ ਪ੍ਰਤੀਨਿਧਾਂ ਦੇ ਪੁਤਲੇ ਫੂਕੇ ਜਾਣ।
  • 18 ਅਕਤੂਬਰ ਨੂੰ ਰੇਲ ਰੋਕੋ ਅੰਦੋਲਨ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਸ਼ੁਰੂ ਕੀਤਾ ਜਾਵੇਗਾ।
  • ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ 26 ਅਕਤੂਬਰ ਨੂੰ ਇਤਿਹਾਸਕ ਮਹਾਂਪੰਚਾਇਤ ਕੀਤੀ ਜਾਵੇਗੀ।

ਇਹ ਪ੍ਰੋਗਰਾਮ ਤਾਂ ਹੀ ਕੀਤੇ ਜਾਣਗੇ ਜੇਕਰ ਸਰਕਾਰ 11 ਅਕਤੂਬਰ ਤੱਕ ਸਾਡੀਆਂ ਮੰਗਾਂ ਨਹੀਂ ਮੰਨਦੀ।