Punjab

ਅਰਦਾਸ ਨੂੰ ਨਾਮਧਾਰੀਆਂ ਨੇ ਦਿੱਤਾ ਨਵਾਂ ਹੀ ਰੂਪ, ਸਿੱਖ ਜਗਤ ‘ਚ ਭਾਰੀ ਰੋਸ

 ਮੁਹਾਲੀ : ਪੰਜਾਬ ਵਿੱਚ ਗੁਰਬਾਣੀ ਦੀ ਹੋਈ ਬੇਅਦਬੀ ਦੀ ਇੱਕ ਹੋਰ ਵੀਡੀਓ ਨੇ ਸਭ ਨੂੰ ਪਰੇਸ਼ਾਨ ਕਰ ਦਿੱਤਾ ਹੈ। ਬੇਅਦਬੀ ਦੀ ਨਵੀਂ ਘਟਨਾ ਇਤਿਹਾਸਕ ਅਸਥਾਨ ਗੁਰਦੁਆਰਾ ਸ਼੍ਰੀ ਨਾਨਕ ਮਤਾ ਸਾਹਿਬ ਤੋਂ ਆ ਰਹੀ ਹੈ, ਜਿੱਥੇ ਕੁਝ ਨਾਮਧਾਰੀਆਂ ਵੱਲੋਂ ਅਰਦਾਸ ਦੀ ਬੇਅਦਬੀ ਕੀਤੀ ਗਈ ਹੈ। 16 ਅਕਤੂਬਰ ਨੂੰ ਇਸ ਗੁਰਦੁਆਰਾ ਸਾਹਿਬ ਦੇ ਨੇੜੇ ਬਣੇ ਕਾਰ ਸੇਵਾ ਵਾਲਿਆਂ ਦੇ ਡੇਰੇ ਵਿੱਚ ਨਾਮਧਾਰੀ ਸਮਾਜ ਵੱਲੋਂ ਇੱਕ ਸਮਾਗਮ ਕਰਵਾਇਆ ਗਿਆ ਸੀ।

ਇਸ ਸਮਾਗਮ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਸੀ। ਸਮਾਗਮ ਦੌਰਾਨ ਇੱਕ ਬੀਬੀ ਵੱਲੋਂ ਅਰਦਾਸ ਕੀਤੀ ਗਈ, ਜਿਸ ਵਿੱਚ ਉਸਨੇ 12 ਪਾਤਸ਼ਾਹੀਆਂ ਦਾ ਜ਼ਿਕਰ ਕੀਤਾ ਪਰ ਕਿਧਰੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜ਼ਿਕਰ ਨਹੀਂ ਕੀਤਾ। ਅਰਦਾਸ ਦੀ ਇਹ ਵੀਡੀਓ ਕਾਫ਼ੀ ਵਾਇਰਲ ਵੀ ਹੋ ਰਹੀ ਹੈ।

ਪ੍ਰਸਿੱਧ ਸਿੱਖ ਚਿੰਤਕ ਤੇ ਵਿਦਵਾਨ ਕੁਲਦੀਪ ਸਿੰਘ ਗੜਗੱਜ ਨੇ ਇਸ ਵੀਡੀਓ ਉੱਤੇ ਨੋਟਿਸ ਲੈਂਦਿਆਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਮੁੱਦੇ ਉੱਤੇ ਗੰਭੀਰ ਨੋਟਿਸ ਲੈਣ ਦੀ ਅਪੀਲ ਕੀਤੀ।

ਉਨ੍ਹਾਂ ਨੇ ਸੰਗਤ ਦੇ ਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਾ ਮੰਨਣ ਵਾਲਿਆਂ ਦੇ ਖਿਲਾਫ਼ ਇੱਕ ਹੁਕਮਨਾਮਾ ਵੀ ਜਾਰੀ ਕਰਨ ਦੀ ਮੰਗ ਕੀਤੀ। ਗੜਗੱਜ ਨੇ ਕਿਹਾ ਕਿ ਬੀਬੀ ਵੱਲੋਂ ਅਰਦਾਸ ਵਿੱਚ ਉਨ੍ਹਾਂ ਲੋਕਾਂ ਨੂੰ ਸੰਬੋਧਨ ਕੀਤਾ ਗਿਆ, ਜਿਨ੍ਹਾਂ ਨੂੰ ਸਿੱਖ ਗੁਰੂ ਨਹੀਂ ਮੰਨਦੇ। ਉਨ੍ਹਾਂ ਨੇ ਕਾਰਸੇਵਾ ਦੇ ਬਾਬਾ ਬਚਨ ਸਿੰਘ ਨੂੰ ਵੀ ਅਜਿਹੀ ਕੁਤਾਹੀ ਕਰਨ ਵਾਲੇ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ।