India Punjab

ਖੁੱਦ ਨੂੰ ਏਜੰਟ ਦੱਸੇ ਜਾਣ ਤੇ ਦਾਦੂਵਾਲ ਦਾ ਪਲਟਵਾਰ,ਕਿਹਾ ਸੰਗਤ ਨੂੰ ਸਭ ਪਤਾ….

ਸਿਰਸਾ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਸੁਪਰੀਮ ਕੋਰਟ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੱਖ ਵਿੱਚ ਫੈਸਲਾ ਕੀਤੇ ਜਾਣ ‘ਤੇ ਖੁਸ਼ੀ ਜ਼ਾਹਿਰ ਕੀਤੀ ਹੈ । ਗੁਰਦੁਆਰਾ ਸ਼੍ਰੀ ਦਸਵੀਂ ਪਾਤਸ਼ਾਹੀ ਸਿਰਸਾ ਵਿੱਖੇ ਉਹਨਾਂ ਇੱਕ ਪ੍ਰੈਸ ਕਾਨਫਰੰਸ ਵਿੱਚ ਬੋਲਦੇ ਹੋਏ ਕਿਹਾ ਹੈ ਕਿ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਸੁਆਗਤ ਹੈ।

ਉਨ੍ਹਾਂ ਮੁੱਖ ਮੰਤਰੀ ਹਰਿਆਣਾ ਮਨੋਹਰ ਲਾਲ ਖੱਟੜ ਦਾ ਵੀ ਧੰਨਵਾਦ ਕੀਤਾ ਤੇ ਕਿਹਾ ਕਿ ਸਰਕਾਰ ਨੇ ਇਸ ਵਿੱਚ ਪੂਰਾ ਸਹਿਯੋਗ ਦਿੱਤਾ ਹੈ ਤੇ ਵਧੀਆ ਵਕੀਲਾਂ ਕਰ ਕੇ ਹੀ ਕਮੇਟੀ ਦਾ ਪੱਖ ਅਦਾਲਤ ਵਿੱਚ ਵਧੀਆ ਤਰੀਕੇ ਨਾਲ ਰੱਖਿਆ ਗਿਆ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਗੁਰਦੁਆਰਾ ਸ਼੍ਰੀ ਦਸਵੀਂ ਪਾਤਸ਼ਾਹੀ ਸਿਰਸਾ ਦੀ ਪ੍ਰਬੰਧਕ ਕਮੇਟੀ ਨੇ ਵੀ ਐਲਾਨ ਕੀਤਾ ਹੈ ਕਿ ਹੁਣ ਉਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੀ ਹੁਣ ਹਰ ਫੈਸਲਾ ਲੈਣਗੇ।

ਉਨ੍ਹਾਂ ਇਹ ਵੀ ਪ੍ਰਗਟਾਵਾ ਇਥੇ ਕੀਤਾ ਹੈ ਕਿ ਹਰਿਆਣੇ ਦੇ ਗੁਰੂਘਰਾਂ ਵਿੱਚ ਸੇਵਾਵਾਂ ਨਿਭਾ ਰਹੇ ਕਿਸੇ ਵੀ ਮੁਲਾਜ਼ਮ ਨੂੰ ਬਦਲਿਆ ਨਹੀਂ ਜਾਵੇਗਾ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੂੰ ਚੰਗੇ ਤਰੀਕੇ ਨਾਲ ਚਲਾਵਾਂਗੇ। ਸੁਪਰੀਮ ਕੋਰਟ ਦੇ ਫੈਸਲੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਅਦਾਲਤ ਦੇ ਫੈਸਲੇ ਨੂੰ ਰੀਵਿਊ ਕਰਨ ਦੇ ਐਲਾਨ ਦੇ ਫੈਸਲੇ ਬਾਰੇ ਪੁੱਛੇ ਗਏ ਸਵਾਲ ਤੇ ਉਹਨਾਂ ਹਰਜਿੰਦਰ ਧਾਮੀ ਨੂੰ ਸਲਾਹ ਦਿੱਤੀ ਕਿ ਜਨਤਾ ਦਾ ਪੈਸਾ ਅਦਾਲਤਾਂ ‘ਚ ਬਰਬਾਦ ਨਾ ਕਰਨ।

ਪ੍ਰਧਾਨ ਬਲਜੀਤ ਦਾਦੂਵਾਲ ਨੇ ਸੁਖਬੀਰ ਬਾਦਲ ਵੱਲੋਂ ਉਹਨਾਂ ਨੂੰ ਏਜੰਟ ਦੱਸੇ ਜਾਣ ‘ਤੇ ਪਲਟਵਾਰ ਕਰਦਿਆਂ ਕਿਹਾ ਕਿ ਲੋਕਾਂ ਨੂੰ ਪਤਾ ਹੈ, ਕਿ ਕੌਣ ਏਜੰਟ ਹੈ ਤੇ ਇਹ ਵੀ ਕਿਹਾ ਕਿ ਬਾਦਲਾਂ ਨੇ ਗੁਰਦੁਆਰਿਆਂ ‘ਤੇ ਕਬਜ਼ੇ ਕੀਤੇ ਹੋਏ ਸਨ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਨੇ ਪੰਥ ਤੇ ਪੰਜਾਬ ਦਾ ਨੁਕਸਾਨ ਕੀਤਾ ਅਤੇ ਕਿਹਾ ਕਿ ਮੈਨੂੰ ਝੂਠੇ ਕੇਸਾਂ ‘ਚ ਪੰਜਾਬ ਫਰੀਦਕੋਟ ਜੇਲ੍ਹ ‘ਚ ਬੰਦ ਰੱਖਿਆ। ਉਨ੍ਹਾਂ ਸੁਖਬੀਰ ਬਾਦਲ ‘ਤੇ ਸ਼ਾਇਰਾਨਾ ਅੰਦਾਜ਼ ਵਿੱਚ ਤੰਜ ਕੱਸਿਆ ਤੇ ਕਿਹਾ ਕਿ ਲਹਿਜ਼ੇ ‘ਚ “ਬਤਮਿਜ਼ੀ ਚਹਿਰੇ ਮੇ ਨਕਾਬ ਲਏ ਫਿਰਤੇ ਹੈ ਜਿਨਕੇ ਖ਼ੁਦ ਖ਼ਾਤੇ ਖ਼ਰਾਬ ਹੈ ਮੇਰਾ ਹਿਸਾਬ ਲਏ ਫ਼ਿਰਤੇ ਹੈ।” ਸੁਪਰੀਮ ਕੋਰਟ ਦੇ ਫੈਸਲੇ ਨਾਲ ਹਰਿਆਣਾ ਦੇ ਸਿੱਖਾਂ ਨੂੰ ਬਾਦਲਾਂ ਤੋਂ ਆਜ਼ਾਦੀ ਮਿਲੀ ਹੈ ਤੇ ਹੁਣ ਉਹ ਆਪਣੇ ਫੈਸਲੇ ਖੁੱਦ ਲੈ ਸਕਦੇ ਹਨ।

ਜ਼ਿਕਰਯੋਗ ਹੈ ਕਿ ਇਹ ਫੈਸਲਾ ਪਿਛਲੇ ਅੱਠ ਸਾਲ ਤੋਂ ਅਦਾਲਤ ਵਿੱਚ ਸੁਣਵਾਈ ਅਧੀਨ ਸੀ ਤੇ ਹੁਣ ਇਸ ਦਾ ਫੈਸਲਾ ਆਇਆ ਹੈ। ਸੰਨ 2014 ਵਿੱਚ ਹਰਿਆਣਾ ਸਰਕਾਰ ਨੇ ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ਵਿੱਚ ਲਿਆਂਦਾ ਸੀ ਪਰ ਇਸ ਫੈਸਲੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੁਪਰੀਮ ਕੋਰਟ ਵਿੱਚ ਚੁਨੌਤੀ ਦੇ ਦਿੱਤੀ ਸੀ ਤੇ ਹੁਣ ਇਹ ਫੈਸਲਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ ਵਿੱਚ ਆਇਆ ਹੈ ਤੇ ਕਮੇਟੀ ਨੂੰ ਮਾਨਤਾ ਮਿਲੀ ਹੈ।